Skip to content
Independent perspectives. Global stories.
BREAKING

ਅਨੇਕਤਾ ਵਿਚ ਏਕਤਾ ਹੀ ਹੈ ਭਾਰਤ ਦੀ ਪਛਾਣ

Share this story

ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ
ਅਜੀਤ ਗਰੁੱਪ (ਜਲੰਧਰ)

Page-1_32 ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕੁਝ ਦਿਨ ਪਹਿਲਾਂ ਓਡੀਸ਼ਾ ਦੇ ਕਟਕ ਸ਼ਹਿਰ ਵਿਚ ਇਕ ਬਿਆਨ ਦਿੰਦਿਆਂ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਸੀ। ਇਸ ਦੀ ਉਦਾਹਰਨ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਇੰਗਲੈਂਡ ਵਿਚ ਰਹਿਣ ਵਾਲਿਆਂ ਨੂੰ ਅੰਗਰੇਜ਼, ਜਰਮਨੀ ਵਿਚ ਰਹਿਣ ਵਾਲਿਆਂ ਨੂੰ ਜਰਮਨ ਅਤੇ ਅਮਰੀਕਾ ਵਿਚ ਰਹਿਣ ਵਾਲਿਆਂ ਨੂੰ ਅਮਰੀਕਨ ਕਿਹਾ ਜਾਂਦਾ ਹੈ ਤਾਂ ਹਿੰਦੁਸਤਾਨ ਵਿਚ ਰਹਿਣ ਵਾਲਿਆਂ ਨੂੰ ਹਿੰਦੂ ਕਿਉਂ ਨਹੀਂ ਕਿਹਾ ਜਾ ਸਕਦਾ? ਭਾਗਵਤ ਜਿਹੇ ਵਿਅਕਤੀ ਵੱਲੋਂ ਦਿੱਤੀ ਗਈ ਅਜਿਹੀ ਉਦਾਹਰਨ ਅਜੀਬ ਲਗਦੀ ਹੈ। ਲਗਦਾ ਹੈ ਕਿ ਉਹ ਸਿਧਾਂਤਕ ਤੌਰ ‘ਤੇ ਸਪੱਸ਼ਟ ਨਹੀਂ ਹਨ।ਅਸੀਂ ਮੰਨਦੇ ਹਾਂ ਕਿ ਹਿੰਦੂ ਧਰਮ ਵਿਚ ਕੋਈ ਬੱਝਵੀਂ ਵਿਚਾਰਧਾਰਾ ਨਹੀਂ ਹੈ। ਜੇਕਰ ਕੋਈ ਮੂਰਤੀ ਪੂਜਾ ਕਰਦਾ ਹੈ ਤਾਂ ਵੀ ਹਿੰਦੂ ਹੈ, ਜੇ ਮੂਰਤੀ ਪੂਜਾ ਨੂੰ ਨਹੀਂ ਮੰਨਦਾ ਤਾਂ ਵੀ ਹਿੰਦੂ ਹੈ, ਜੇਕਰ ਹੁਣ ਤੱਕ ਲਿਖੇ ਗਏ ਸੈਂਕੜੇ ਗ੍ਰੰਥਾਂ ‘ਤੇ ਉਸ ਦਾ ਵਿਸ਼ਵਾਸ ਹੈ, ਤਾਂ ਵੀ ਉਹ ਹਿੰਦੂ ਹੈ, ਜੇ ਨਹੀਂ ਹੈ ਤਾਂ ਵੀ ਉਹ ਹਿੰਦੂ ਹੈ। ਇਹ ਗੱਲ ਹੈਰਾਨ ਕਰਨ ਵਾਲੀ ਜ਼ਰੂਰ ਹੈ ਕਿ ਜੇ ਅਜਿਹਾ ਹੈ ਤਾਂ ਭਾਗਵਤ ਕਿਹੜੀ ਮਹਾਨ ਸੰਸਕ੍ਰਿਤੀ ਦੀ ਗੱਲ ਕਰਦੇ ਹਨ ਅਤੇ ਇਹ ਕਿਵੇਂ ਆਖਦੇ ਹਨ ਕਿ ਭਾਰਤੀਆਂ ਦੀ ਸੰਸਕ੍ਰਿਤਕ ਪਛਾਣ ਹਿੰਦੂਤਵ ਹੈ। ਹਿੰਦੂ ਧਰਮ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਪਰ ਇਨ੍ਹਾਂ ਵਿਚ ਕਿਸੇ ਸਪੱਸ਼ਟ ਨਿਰਣੇ ‘ਤੇ ਨਹੀਂ ਪੁੱਜਿਆ ਜਾ ਸਕਿਆ। ਵੇਦਾਂ ਦੀ ਰਚਨਾ ਸਮੇਂ

ਵੀ ਇਹ ਜ਼ਰੂਰੀ ਨਹੀਂ ਸੀ ਕਿ ਸਾਰੇ ਲੋਕ ਇਨ੍ਹਾਂ ਵਿਚ ਵਿਸ਼ਵਾਸ ਕਰਨ ਲੱਗੇ ਸਨ। ਇਤਿਹਾਸ ਅਨੁਸਾਰ ਆਰੀਅਨ ਲੋਕ ਮੱਧ ਏਸ਼ੀਆ ਤੋਂ ਆਏ ਸਨ। ਉਸ ਸਮੇਂ ਉਨ੍ਹਾਂ ਨੇ ਇਥੋਂ ਦੇ ਮੂਲ ਵਾਸੀਆਂ ਨੂੰ ਭਜਾ ਕੇ ਦੱਖਣ ਵਿਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਹਜ਼ਾਰਾਂ ਵਰ੍ਹਿਆਂ ਤੱਕ ਇਥੇ ਵੱਖ-ਵੱਖ ਨਸਲਾਂ ਦੇ ਵਿਦੇਸ਼ੀ ਲੋਕ ਆ ਕੇ ਵਸਦੇ ਰਹੇ। ਉਨ੍ਹਾਂ ਦੇ ਆਪੋ-ਆਪਣੇ ਧਾਰਮਿਕ ਵਿਸ਼ਵਾਸ ਸਨ। ਉਨ੍ਹਾਂ ਦੀ ਰਹਿਣੀ-ਬਹਿਣੀ ਵੱਖੋ-ਵੱਖਰੀ ਸੀ। ਵੇਦਾਂ ਦੀ ਰਚਨਾ ਤੋਂ ਬਾਅਦ ਬੁੱਧ ਧਰਮ ਨੇ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ ਸੀ। ਉਸ ਸਮੇਂ ਇਕ ਵਾਰ ਤਾਂ ਦੇਸ਼ ਦੇ ਬਹੁਤੇ ਲੋਕ ਬੁੱਧ ਧਰਮ ਦੀ ਵਿਚਾਰਧਾਰਾ ਦੇ ਰੰਗ ਵਿਚ ਰੰਗੇ ਗਏ ਸਨ। ਜੈਨੀਆਂ ਨੇ ਆਪਣਾ ਵੱਖਰਾ ਰਾਹ ਲੱਭ ਲਿਆ ਸੀ। ਦੋ ਕੁ ਹਜ਼ਾਰ ਸਾਲ ਪਹਿਲਾਂ ਵਿਦੇਸ਼ੀ ਹਮਲਾਵਰਾਂ ਨੇ ਆਪਣੀਆਂ ਵਿਚਾਰਧਾਰਾਵਾਂ, ਆਪਣੇ ਧਰਮਾਂ ਅਤੇ ਆਪਣੇ ਸੱਭਿਆਚਾਰਾਂ ਦਾ ਪ੍ਰਭਾਵ ਇਥੇ ਛੱਡਿਆ ਸੀ। ਲੋਕ ਸਮੇਂ-ਸਮੇਂ ਅਜਿਹੇ ਰੰਗਾਂ ਵਿਚ ਰੰਗੇ ਜਾਂਦੇ ਰਹੇ। ਉਨ੍ਹਾਂ ਵੱਖ-ਵੱਖ ਬੋਲੀਆਂ ਵੀ ਅਪਣਾਈਆਂ। ਪਹਿਰਾਵੇ ਵੀ  ਅਪਣਾਏ ਅਤੇ ਖਾਣ-ਪਾਣ ਵੀ ਅਪਣਾਇਆ। ਭਾਰਤ ਵਿਚ ਵਸਣ ਵਾਲੇ ਲੋਕਾਂ ਵਿਚ ਸੈਂਕੜੇ-ਹਜ਼ਾਰਾਂ ਨਸਲਾਂ ਦਾ ਖੂਨ ਹੈ। ਇਥੋਂ ਤੱਕ ਕਿ ਬੋਲੀਆਂ ਵੀ ਵੱਖੋ-ਵੱਖਰੀਆਂ ਹਨ, ਨਸਲਾਂ ਵੀ ਵੱਖੋ-ਵੱਖਰੀਆਂ ਹਨ ਅਤੇ ਰੰਗ ਵੀ ਵੱਖੋ-ਵੱਖਰੇ ਹਨ। ਅੱਜ ਵੱਖ-ਵੱਖ ਧਰਮਾਂ ਦੇ ਲੋਕ ਆਪੋ-ਆਪਣੀ ਵਿਚਾਰਧਾਰਾ ਨਾਲ ਸਰੋਬੋਰ ਹਨ। ਵੱਖ-ਵੱਖ ਸੰਤ-ਮਹਾਤਮਾ ਅਤੇ ਸੂਫ਼ੀ ਆਪੋ-ਆਪਣੀ ਸੋਚ ਨੂੰ ਆਪਣੇ ਪ੍ਰਚਾਰ ਦਾ ਮਾਧਿਅਮ ਬਣਾ ਰਹੇ ਹਨ। ਅਜਿਹੇ ਹਾਲਾਤ ਵਿਚ ਸ੍ਰੀ ਭਾਗਵਤ ਕਿਹੜੀ ਹਿੰਦੂ ਸੰਸਕ੍ਰਿਤੀ ਦੀ ਗੱਲ ਕਰਦੇ ਹਨ? ਅੱਜ ਅਜਿਹੀ ਸੰਸਕ੍ਰਿਤੀ ਨਾਲ ਜਾਤਾਂ-ਬਰਾਦਰੀਆਂ ਦੇ ਭੇਦਭਾਵ ਵਧਦੇ ਨਜ਼ਰ ਆ ਰਹੇ ਹਨ। ਜਾਤਾਂ-ਬਰਾਦਰੀਆਂ ਦੇ ਨਾਲ-ਨਾਲ ਜਾਤ-ਪਾਤ ਦੀ ਭਾਵਨਾ ਲੱਖ ਯਤਨਾਂ ਦੇ ਬਾਵਜੂਦ ਖ਼ਤਮ ਨਹੀਂ ਹੋਈ। ਨਿੱਤ ਦਿਨ ਵੱਖ-ਵੱਖ ਬਰਾਦਰੀਆਂ, ਜਾਤਾਂ ਵਾਲੇ ਇਕ-ਦੂਜੇ ਨਾਲ ਹਿੰਸਕ ਰੂਪ ਵਿਚ ਟਕਰਾਉਂਦੇ ਨਜ਼ਰ ਆਉਂਦੇ ਹਨ। ਸਮਿਆਂ ਅਨੁਸਾਰ ਪਈਆਂ ਅਜਿਹੀਆਂ ਵੰਡੀਆਂ ਨੇ ਸਮੁੱਚੇ ਸਮਾਜ ਵਿਚ ਤਣਾਅ ਪੈਦਾ ਕੀਤੀ ਰੱਖਿਆ ਹੈ। ਅਜਿਹੀਆਂ ਵੰਡੀਆਂ ਵਿਚ ਵੰਡੇ ਲੋਕ ਇਕ-ਦੂਜੇ ਦੇ ਗਲ ਵੱਢਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹਾਲਾਤ ਵਿਚ ਭਾਗਵਤ ਕਿਸ ਹਿੰਦੂ ਸੰਸਕ੍ਰਿਤੀ ਦੀ ਗੱਲ ਕਰ ਰਹੇ ਹਨ?
ਦੇਸ਼ ਦੀ ਆਜ਼ਾਦੀ ਤੋਂ ਬਾਅਦ ਤਿਆਰ ਕੀਤੇ ਗਏ ਸੰਵਿਧਾਨ ਵਿਚ ਵੱਖ-ਵੱਖ ਨਸਲਾਂ, ਧਰਮਾਂ, ਜਾਤਾਂ ਅਤੇ ਬਰਾਦਰੀਆਂ ਨੂੰ ਮੰਨਦੇ ਹੋਏ ਸਭ ਭਾਰਤੀਆਂ ਨੂੰ ਇਕੋ ਜਿਹੇ ਹੱਕ ਦੇਣ ਦੀ ਗੱਲ ਕਹੀ ਗਈ ਹੈ। ਇਸ ਸੰਵਿਧਾਨ ਅਨੁਸਾਰ ਹਰ ਬਾਲਗ ਮਰਦ ਜਾਂ ਇਸਤਰੀ ਸਰਕਾਰ ਬਣਾਉਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਇਸ ਗੱਲ ਦੀ ਤਾਂ ਸਮਝ ਆਉਂਦੀ ਹੈ, ਪਰ ਇਸ ਦੇਸ਼ ਵਿਚ ਰਾਸ਼ਟਰੀ ਭਾਵਨਾ ਤੋਂ ਇਲਾਵਾ ਸਮੁੱਚੇ ਲੋਕ ਕਿਸੇ ਹੋਰ ਤਾਰ ਵਿਚ ਪਰੋਏ ਹੋਣ, ਇਸ ਗੱਲ ਦੀ ਸਮਝ ਨਹੀਂ ਆਉਂਦੀ। ਸ੍ਰੀ ਭਾਗਵਤ ਨੂੰ ਆਪਣੀ ਵਿਚਾਰਧਾਰਾ ਪ੍ਰਚਾਰਨ ਦਾ ਅਧਿਕਾਰ ਜ਼ਰੂਰ ਹੈ, ਪਰ ਏਨਾ ਹੀ ਅਧਿਕਾਰ ਹਰ ਦੂਸਰੇ ਸੰਗਠਨ ਨੂੰ ਵੀ ਪ੍ਰਾਪਤ ਹੈ। ਕੋਈ ਵੀ ਸੱਭਿਆਚਾਰ ਕਿਸੇ ਦੂਸਰੇ ਸੰਗਠਨ, ਭਾਈਚਾਰੇ ਜਾਂ ਗਰੁੱਪ ‘ਤੇ ਨਹੀਂ ਠੋਸਿਆ ਜਾ ਸਕਦਾ। ਇਹੀ ਕਾਰਨ ਹੈ ਕਿ ਰਾਸ਼ਟਰੀ ਸੋਇਮ ਸੰਘ ਦੇ ਮੁਖੀ ਦੇ ਇਸ ਬਿਆਨ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਅਜਿਹਾ ਪ੍ਰਤੀਕਰਮ ਹੋਣਾ ਕੁਦਰਤੀ ਸੀ। ਇਸ ਲਈ ਅਸੀਂ ਸ੍ਰੀ ਭਾਗਵਤ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਅਜਿਹੀ ਬਿਆਨਬਾਜ਼ੀ ਨੂੰ ਨਿਰਾਰਥਕ ਅਤੇ ਫਜ਼ੂਲ ਸਮਝਦੇ ਹਾਂ। ਅਸੀਂ ਸਮਝਦੇ ਹਾਂ ਕਿ ਕੋਈ ਵੀ ਜੀਵਨ-ਤਰਜ਼ ਜਾਂ ਵਿਚਾਰਧਾਰਾ ਕਿਸੇ ਦੂਸਰੇ ‘ਤੇ ਠੋਸੀ ਨਹੀਂ ਜਾ ਸਕਦੀ। ਸਮੇਂ-ਸਮੇਂ ਅਜਿਹਾ ਕਰਨ ਦਾ ਯਤਨ ਹੁੰਦਾ ਰਿਹਾ ਹੈ। ਇਸ ਵਿਚ ਅਜਿਹੇ ਫ਼ਿਰਕਿਆਂ ਨੂੰ ਸਫ਼ਲਤਾ ਵੀ ਮਿਲਦੀ ਰਹੀ ਹੈ, ਪਰ ਸਮੇਂ-ਸਮੇਂ ਅਜਿਹੇ ਅਮਲਾਂ ਦੇ ਸਖ਼ਤ ਪ੍ਰਤੀਕਰਮ ਵੀ ਸਾਹਮਣੇ ਆਉਂਦੇ ਰਹੇ ਹਨ। ਇਸੇ ਲਈ ਸਦੀਆਂ ਤੱਕ ਇਹ ਦੇਸ਼ ਕੁੰਭੀ ਨਰਕ ਦੀ ਅੱਗ ਵਿਚ ਸੜਦਾ ਰਿਹਾ ਹੈ। ਇਸੇ ਲਈ ਹੀ ਇਸ ਦੇ ਆਕਾਸ਼ ‘ਤੇ ਅਕਸਰ ਘ੍ਰਿਣਾ ਦੇ ਬੱਦਲ ਛਾਏ ਰਹੇ ਹਨ। ਇਸੇ ਲਈ ਹੀ ਇਸ ਦੇਸ਼ ਦੀ ਧਰਤੀ ਜਿਊਣ ਜੋਗੀ ਨਹੀਂ ਲਗਦੀ ਰਹੀ।ਅੱਜ ਲੱਖ ਯਤਨਾਂ ਦੇ ਬਾਵਜੂਦ ਅਜਿਹੇ ਘ੍ਰਿਣਾਮਈ ਅਤੇ ਧੁੰਦਲਕੇ ਵਾਲੇ ਮਾਹੌਲ ‘ਚੋਂ ਬਾਹਰ ਨਹੀਂ ਨਿਕਲਿਆ ਜਾ ਸਕਿਆ। ਸਾਡੇ ਵੱਡੇ ਆਗੂਆਂ ਦੇ ਅਜਿਹੇ ਬਿਆਨ ਸਦੀਆਂ ਤੋਂ ਪੈਦਾ ਹੋਈ ਅਜਿਹੀ ਘ੍ਰਿਣਾ ਵਿਚ ਵਾਧਾ ਹੀ ਕਰਦੇ ਹਨ, ਜਦੋਂ ਕਿ ਜ਼ਰੂਰਤ ਇਸ ਧਰਤੀ ਨੂੰ ਅਜਿਹੀਆਂ ਸੋਚਾਂ ਤੋਂ ਉੱਪਰ ਉੱਠ ਕੇ ਸਵਰਗਮਈ ਬਣਾਉਣ ਦੀ ਹੋਣੀ ਚਾਹੀਦੀ ਹੈ। ‘ਅਨੇਕਤਾ ਵਿਚ ਏਕਤਾ‘ ਹੀ ਭਾਰਤ ਦੀ ਪਛਾਣ ਹੈ।    ਸੰਪਾਦਕੀ ਰੋਜ਼ਾਨਾ ਅਜੀਤ 13 ਅਗਸਤ 2014)

WRITTEN BY