ਨਵੀਂ ਦਿੱਲੀ, 12 ਅਗਸਤ (ਪੀ. ਟੀ)- ਸੂਬਾ ਪੁਲਿਸ ਬਲ ’ਚ ਅਤਿ-ਆਧੁਨਿਕ ਹਥਿਆਰਾਂ ਦੀ ਕਮੀ ਦੀ ਗੱਲ ਮੰਨਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਡਾਇਰੈਕਟਰਾਂ ਦੀ ਹਾਲ ਦੀ ਬੈਠਕ ‘ਚ ਮਾਓਵਾਦ ਨਾਲ ਨਜਿੱਠਣ ਲਈ ਇਕ ਰਣਨੀਤੀ ਤਿਆਰ ਕੀਤੀ ਗਈ ਹੈ। ਲੋਕ ਸਭਾ ‘ਚ ਸ਼ੋਭਾ ਕਰੰਦਲਾਜੇ, ਰਮੇਸ਼ ਵੈਸ਼ ਦੇ ਸਵਾਲ ਦੇ ਜਵਾਬ ‘ਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਕਈ ਸੂਬੇ ਮਾਓਵਾਦ ਨਾਲ ਪ੍ਰਭਾਵਿਤ ਹਨ। ਉਥੇ ਹਿੰਸਕ ਘਟਨਾਵਾਂ ਹੋਈਆਂ ਹਨ। ਮਾਓਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਪਹਿਲਾਂ ਵੀ ਸਰਕਾਰ ਨੇ ਪਹਿਲ ਕੀਤੀ ਸੀ ਤੇ ਅਜੇ ਹੋਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ‘ਚ ਜੋ ਵੀ ਮੁਹਿੰਮ ਚਲਾਈ ਜਾਂਦੀ ਹੈ, ਉਸ ਨੂੰ ਰਾਜ ਪੁਲਿਸ ਬਲ ਤੇ
ਕੇਂਦਰੀ ਹਥਿਆਰਬੰਦ ਪੁਲਿਸ ਮਿਲ ਕੇ ਚਲਾਉਂਦੇ ਹਨ। ਇਸ ‘ਚ ਕੋਈ ਦੋ ਰਾਏ ਨਹੀਂ ਹੈ ਕਿ ਜਿੰਨੇ ਚੰਗੇ ਹਥਿਆਰ ਹੋਣੇ ਚਾਹੀਦੇ ਹਨ, ਉਨੇ ਚੰਗੇ ਸੂਬਾ ਪੁਲਿਸ ਬਲ ਕੋਲ ਨਹੀਂ ਹਨ।



