Skip to content
Independent perspectives. Global stories.
BREAKING

ਪੰਜਵੇਂ ਧਰਮ ਦਾ ਬਾਨੀ ਕਹਾਉਣ ਵਾਲੇ ਬਾਬੇ ਨੂੰ ਸਿੰਘਾਂ ਨੇ ਕੀਤਾ ਪੁਲਿਸ ਹਵਾਲੇ

Share this story

ਨਵਾਂਸ਼ਹਿਰ, 22 ਜੁਲਾਈ (ਸਨਪ੍ਰੀਤ ਮਾਂਗਟ)-ਕਸਬਾ ਜਾਡਲਾ ਦੇ ਨਜ਼ਦੀਕ ਪੈਂਦੇ ਪਿੰਡ ਉਟਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਖੰਡ ਦੀ ਦੁਕਾਨ ਚਲਾ ਰਹੇ ਇੱਕ ਪਾਖੰਡੀ ਸਾਧ ਕਸ਼ਮੀਰ ਸਿੰਘ ਜੋ ਆਪਣੇ ਆਪ ਨੂੰ ਪੰਜਵੇਂ ਧਰਮ ਦਾ ਬਾਨੀ ਕਹਾਉਂਦਾ ਸੀ ਤੇ ਇਸ ਬਾਬੇ ਦਾ ਸਤਿਕਾਰ ਕਮੇਟੀ ਨੇ ਪਰਦਾਫਾਸ਼ ਕਰਦਿਆਂ ਘਰ ਵਿੱਚ ਰੱਖੇ ਸ੍ਰੀ ਗੁਰੂ ਗੰ੍ਰਥ ਸਾਹਿਬ, ਗੀਤਾ, ਕੁਰਾਨ ਤੇ ਬਾਇਬਲ ਨੂੰ ਸਤਿਕਾਰ ਨਾਲ ਮੌਕੇ ਤੋਂ ਚੁੱਕ ਕੇ ਸੁਰਿਖਅਤ ਸਥਾਨ ‘ਤੇ ਪਹੁੰਚਾਏ। ਆਪਣੇ ਆਪ ਨੂੰ ਪਰਮ ਅਵਤਾਰ ਕਹਾਉਣ ਵਾਲਾ ਇਹ ਬਾਬਾ ਇੱਕ ਵੱਖਰਾ ਗ੍ਰੰਥ ਵੀ ਲਿਖ ਰਿਹਾ ਸੀ।
Crime
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਵੱਲੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਚਲਾਈ ਪੰ੍ਰਪਰਾ ਦੇ ਉਲਟ ਇਹ ਬਾਬਾ ਲੋਕਾਂ ਨੂੰ ਮੂਰਖ ਬਣਾ ਪ੍ਰਮਾਤਮਾ ਦਾ ਹੁਕਮ ਦੱਸਦੇ ਹੋਏ ਘਰ ‘ਚੋਂ ਪਾਣੀ ਘੜੇ ‘ਚ ਭਰ ਕੇ ਅੰਮ੍ਰਿਤ ਛਕਾਉਂਦਾ ਸੀ, ਪਰ ਖੁਦ ਉਸ ਨੇ ਨਾ ਅੰਮ੍ਰਿਤ ਛਕਿਆ ਸੀ ਤੇ ਨਾ ਹੀ ਪੰਜ ਕਕਾਰਾਂ ਦਾ ਧਾਰਨੀ ਸੀ। ਇਹ ਬਾਬਾ ਲੋਕਾਂ ਨੂੰ ਦੱਸ ਰਿਹਾ ਸੀ ਕਿ ਪ੍ਰਮਾਤਮਾ ਨੇ ਉਸ ਨੂੰ ਸੰਸਾਰ ਵਿੱਚ ਚਾਰੇ ਧਰਮ ਹਿੰਦੂ, ਸਿੱਖ, ਇਸਾਈ ਅਤੇ ਮੁਸਲਿਮ ਨੂੰ ਇੱਕਠਾ ਕਰਕੇ ਵੱਖਰੇ ਪੰਜਵੇਂ ਧਰਮ ਦਾ ਨਿਰਮਾਣ ਕਰਨ ਲਈ ਉਸ ਨੂੰ ਆਪਣਾ ਅਵਤਾਰ ਦੇ ਕੇ ਭੇਜਿਆ ਹੈ। ਉਹ ਕਦੇ ਪਾਖੰਡ ਰਚਦਾ ਸੀ ਕਿ ਉਸ ‘ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਹਨ। ਪਿਛਲੇ ਦਿਨੀਂ ਇਸ ਸਾਧ ਨੇ ਦਾਅਵਾ ਕੀਤਾ ਸੀ ਕਿ 27 ਜੁਲਾਈ 2013 ਤੋਂ ਪਹਿਲਾਂ ਸੰਸਾਰ ਭਰ ਵਿੱਚ ਹੋ ਰਹੀ ਮਲੇਸ਼ ਪੂਜਾ ਖਤਮ ਹੋ ਜਾਵੇਗੀ ਤੇ ਇਨ੍ਹਾਂ ਸਥਾਨਾ ‘ਤੇ ਬਣੀਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆ। ਇਸ ਬਾਬੇ ਦੇ ਪੈਰੋਕਾਰ ਵੀ ਸਤਿਕਾਰ ਕਮੇਟੀ ਨੂੰ ਦੱਸ ਰਹੇ ਸਨ ਕਿ ਅਸੀਂ ਵੀ ਬਾਬਾ ਜੀ ਵਿੱਚੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹਨ। ਇਹ ਬਾਬਾ ਆਪਣੇ ਆਪ ਨੂੰ ਪ੍ਰਮੇਸ਼ਰ ਅਵਤਾਰ ਧੰਨ-ਧੰਨ ਬਾਬਾ ਕਸ਼ਮੀਰਾ ਸਿੰਘ ਲਿਖ ਕੇ ਪ੍ਰਚਾਰ ਕਰਦਾ ਸੀ। ਇਸ ਬਾਬੇ ਨੇ ਦੱਸਿਆ ਕਿ ਉਸ ਨੇ ਕਈ ਵਾਰ ਸਿੰਘ ਸਹਿਬਾਨ ਨੂੰ ਚਿੱਠੀ ਪੱਤਰ ਭੇਜ ਕੇ ਸੂਚਿਤ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਟਨਾ ਵਾਪਰਨ ਵਾਲੀ ਹੈ, ਪਰ ਕਦੇ ਵੀ ਕਿਸੇ ਨੇ ਉਸ ਨਾਲ ਰਾਬਤਾ ਕਾਇਮ ਨਹੀਂ ਕੀਤਾ। ਉਸ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਉਹ ਆਪਣੇ ਤੌਰ ‘ਤੇ ਕੁਝ ਨਹੀਂ ਕਰਦਾ ਜੋ ਕਰਦਾ ਹੈ ਉਹ ਉਸ ਨੂੰ ਪ੍ਰਮਾਤਮਾ ਪਰਤੱਖ ਦਰਸ਼ਨ ਦੇ ਕੇ ਹੁਕਮ ਦਿੰਦਾ ਹੈ। ਜਦੋਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਸਾਨੂੰ ਵੀ ਉਸ ਪ੍ਰਮਾਤਮਾ ਦੇ ਦਰਸ਼ਨ ਕਰਾਓ ਤਾਂ ਉਸ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਤੁਹਾਡੇ ਕਹਿਣ ‘ਤੇ ਮੈਂ ਦਰਸ਼ਨ ਕਰਾਵਾਂ। ਇਹ ਬਾਬਾ ਕਮੇਟੀ ਵੱਲੋਂ ਗੁਰਬਾਣੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਨਹੀਂ ਦੇ ਸਕਿਆ। ਇਹ ਬਾਬਾ ਘਰ ਵਿੱਚ ਰੱਖੇ ਗ੍ਰੰਥਾਂ ਦੀ ਵੀ ਬੇਅਦਬੀ ਕਰ ਰਿਹਾ ਸੀ। ਇਹ ਲੋਕਾਂ ਦੇ ਭੂਤ ਪ੍ਰੇਤ ਵੀ ਕੱਢਦਾ ਸੀ ਤੇ ਭੇਟਾ ਲੈ ਕੇ ਕਈ ਤਰ੍ਹਾਂ ਦੇ ਪਾਖੰਡ ਵੀ ਰੱਚਦਾ ਸੀ। ਮੌਕੇ ‘ਤੇ ਹਾਜ਼ਰ ਬਾਬੇ ਦੀ ਇੱਕ ਚੇਲੀ ਨੇ ਦੱਸਿਆ ਕਿ 1995 ਵਿੱਚ ਬਾਬਾ ਜੀ ਨੇ ਉਸ ਦੇ ਭੂਤ ਕੱਢ ਕੇ ਇਲਾਜ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਬਾਬਾ ਜੀ ਤੋਂ ਘੜੇ ਦਾ ਅੰਮ੍ਰਿਤ ਛਕਿਆ ਸੀ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਗੁਰਬਖਸ਼ ਸਿੰਘ ਖਾਲਸਾ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ।  ਓਧਰ ਮੌਕੇ ‘ਤੇ ਪੁੱਜੇ ਥਾਣਾ ਸਦਰ ਨਵਾਂਸ਼ਹਿਰ ਦੇ ਮੁਖੀ ਰਾਕੇਸ਼ ਕੁਮਾਰ ਨੇ ਇਸ ਬਾਬੇ ਨੂੰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਜੁਰਮ ਹੇਠ ਕਾਬੂ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਧਾਰਮਿਕ ਆਗੂ ਜਥੇਦਾਰ ਬਹਾਦਰ ਸਿੰਘ ਭਾਰਟਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਲੜ ਛੱਡ ਕੇ ਪਾਖੰਡੀਆਂ ਮਗਰ ਨਾ ਲੱਗਣ ਤੇ ਇਸ ਤਰ੍ਹਾਂ ਦੇ ਬਾਬਿਆਂ ਦਾ ਭਾਂਡਾ ਭੰਨਣ। ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਖਿਲਾਫ ਸਖਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਰੜੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਉਹ ਪਾਖੰਡੀ ਸਾਧਾਂ ਦੇ ਡੇਰਿਆਂ ਨੂੰ ਬੰਦ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਤਰ੍ਹਾਂ ਮਦਦ ਕਰੇ।

WRITTEN BY