Skip to content
Independent perspectives. Global stories.
BREAKING

ਪਾਕਿ ’ਚ ਪੁਲਿਸ ਤੇ ਕਾਦਰੀ ਸਮਰਥਕਾਂ ’ਚ ਝੜਪਾਂ

Share this story

4 ਮਰੇ, ਅਨੇਕਾਂ ਜ਼ਖਮੀ-ਲਾਹੌਰ 9 ਅਗਸਤ (ਪੀ. ਟੀ)-ਪਾਕਿਸਤਾਨ ਦੇ ਅਨੇਕਾਂ ਹਿੱਸਿਆਂ ਵਿਚ ਪੁਲਿਸ ਤੇ ਸਰਕਾਰ ਵਿਰੋਧੀ ਇੱਕ ਮੌਲਵੀ ਦੇ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ ਵਿਚ ਘੱਟੋ ਘੱਟ 4 ਵਿਅਕਤੀ ਮਾਰੇ ਗਏ ਤੇ ਅਨੇਕਾਂ ਹੋਰ ਜ਼ਖਮੀ ਹੋ ਗਏ। ਝੜਪਾਂ ਕਾਰਨ ਮੌਲਵੀ ਤਾਹਿਰ ਉਲ ਕਾਦਰੀ ਵੱਲੋਂ ਕੱਲ੍ਹ (ਐਤਵਾਰ) ਇੱਥੇ ਕੀਤੀ ਜਾਣ ਵਾਲੀ ਰੋਸ ਰੈਲੀ ਤੋਂ ਪਹਿਲਾਂ ਤਣਾਅ ਪੈਦਾ ਹੋ ਗਿਆ ਹੈ। ਕਾਦਰੀ ਇਸ ਸਾਲ ਜੂਨ ਵਿਚ ਉਸ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ ਪਰੰਤੂ ਇਸ ਦੇ ਨਾਲ ਹੀ ਉਸ ਨੇ ਨਵਾਜ਼ ਸ਼ਰੀਫ਼ ਸਰਕਾਰ ਨੂੰ ਭ੍ਰਿਸ਼ਟ ਕਰਾਰ ਦਿੰਦਿਆਂ ਇਸ ਦਾ ਤਖ਼ਤਾ ਪਲਟ ਦੇਣ ਦਾ ਸੱਦਾ ਦਿੱਤਾ ਹੈ। ਸੱਤਾਧਾਰੀ ਪਾਰਟੀ ਨੂੰ ਡਰ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਫ਼ੌਜ ਵਿਚਲੇ ਕੁੱਝ ਲੋਕਾਂ ਦੀ ਮਦਦ ਮਿਲ ਸਕਦੀ ਹੈ। ਪੁਲਿਸ ਦੀ ਬੁਲਾਰਨ ਨਬੀਲਾ ਗਜ਼ਨਫਰ ਨੇ ਦੱਸਿਆ ਕਿ ਕਾਦਰੀ ਦੇ 500 ਦੇ ਕਰੀਬ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ

ਹੈ ਤੇ ਝੜਪਾਂ ਵਿਚ 100 ਤੋਂ ਵੱਧ ਪੁਲਿਸ ਦੇ ਜਵਾਨ ਜ਼ਖਮੀ ਹੋਏ ਹਨ। ਉੱਧਰ ਕਾਦਰੀ ਦੇ ਬੁਲਾਰੇ ਰਹੀਕ ਅਬਾਸੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਵੀ 100 ਤੋਂ ਵਧ ਸਮਰਥਕ ਜ਼ਖਮੀ ਹੋਏ ਹਨ। ਉਸ ਨੇ ਪੁਲਿਸ ਉੱਪਰ ਹਮਲਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੌਕੇ ਦੇ ਗਵਾਹਾਂ ਅਨੁਸਾਰ ਪੰਜਾਬ ਵਿਚ ਕਈ ਥਾਵਾਂ ‘ਤੇ ਪੁਲਿਸ ਨੇ ਕਾਦਰੀ ਦੇ ਸਮਰਥਕਾਂ ਨੂੰ ਲਾਹੌਰ ਜਾਣ ਤੋਂ ਰੋਕਿਆ ਜਿਸ ਕਾਰਨ ਝੜਪਾਂ ਤੇ ਹਿੰਸਾ ਹੋਈ।
ਪੁਲਿਸ ਦੇ ਡੀ.ਆਈ.ਜੀ ਸ਼ਾਦ ਬਾਹਰਵਾਨਾ ਨੇ ਦੱਸਿਆ ਕਿ ਗੁੱਜਰਾਂਵਾਲਾ ਜ਼ਿਲ੍ਹੇ ਵਿਚ ਇਸਲਾਮਾਬਾਦ ਦੇ ਦੱਖਣ ਪੂਰਬ ਵਿਚ ਤਕਰੀਬਨ 220 ਕਿੱਲੋਮੀਟਰ ਦੂਰ ਹਿੰਸਾ ਵਿਚ 2 ਵਿਅਕਤੀ ਤੇ ਇੱਕ ਔਰਤ ਮਾਰੇ ਗਏ। ਇੱਕ ਹੋਰ ਵਿਅਕਤੀ ਭੱਕੜ ਕਸਬੇ ਵਿਚ ਕਾਦਰੀ ਸਮਰਥਕਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਵਿਚ ਮਾਰਿਆ ਗਿਆ । ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਇੱਕ ਥਾਣਾ ਅੱਗ ਲਾ ਕੇ ਸਾੜ ਦਿੱਤਾ।
ਪੁਲਿਸ ਨੇ ਕੈਦਾਬਾਦ ਵਿਚ ਦਰਜਨਾਂ ਹਥਿਆਰ ਵੀ ਕਬਜ਼ੇ ਵਿਚ ਲਏ ਹਨ। ਬੀਤੀ ਰਾਤ ਦੋਨਾਂ ਧਿਰਾਂ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ। ਬੀਤੇ ਦਿਨ ਕਾਦਰੀ ਨੇ ਟੈਲੀਵਿਜ਼ਨ ਉੱਪਰ ਦਿੱਤੇ ਇੱਕ ਭਾਸ਼ਣ ਵਿਚ ਕਿਹਾ ਸੀ ਕਿ ਪੰਜਾਬ ਪੁਲਿਸ ਮਾਨਵਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਅੱਤਵਾਦੀ ਬਣ ਗਏ ਹਨ।

WRITTEN BY