ਹਰਿਆਣਾ ਵਿੱਚ ਇਕੱਲੇ ਤੌਰ ’ਤੇ ਚੋਣ ਲੜਨ ਦਾ ਐਲਾਨ
ਨਵੀਂ ਦਿੱਲੀ, 9 ਅਗਸਤ (ਪੀ. ਟੀ. ਲਾਇਵ)- ਭਾਰਤੀ ਜਨਤਾ ਪਾਰਟੀ ਦੀ ਕੌਮੀ ਪਰਿਸ਼ਦ ਦੀ ਅੱਜ ਇਥੇ ਹੋਈ ਬੈਠਕ ਦੌਰਾਨ ਪਾਰਟੀ ਦੇ ਨਵੇਂ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਰਸਮੀ ਤੌਰ ’ਤੇ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਇਸ ਮੌਕੇ ’ਤੇ ਸ੍ਰੀ ਅਮਿਤ ਸ਼ਾਹ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਪਾਰਟੀ ਨੂੰ ਵਿਧਾਨਸਭਾ ਚੋਣਾਂ ਲਈ ਤਿਆਰੀ ਕਰਨ ਦਾ ਸੱਦਾ ਦਿੱਤਾ। ਉਹ ਇਸ ਮੌਕੇ ’ਤੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੇ ਦੂਸਰੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝੇ। ਉਨ੍ਹਾਂ ਇਸ ਮੌਕੇ ’ਤੇ ਸੰਕੇਤ ਦਿੱਤਾ ਕਿ ਭਾਜਪਾ ਅਕਤੂਬਰ ਵਿੱਚ ਹੋਣ ਜਾ ਰਹੀਆਂ ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਇਕੱਲੇ ਤੌਰ ’ਤੇ ਲੜੇਗੀ। ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਅਹਿਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ
ਤਦ ਹੀ ਕਾਂਗਰਸ ਮੁਕਤ ਹੋਵੇਗਾ ਜੇਕਰ ਅਸੀਂ ਉਸ ਨੂੰ ਭਾਜਪਾ ਯੁਕਤ ਕਰਾਂਗੇ।
ਸ੍ਰੀ ਸ਼ਾਹ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਵਿੱਚ ਕਿਹਾ, ਭਾਜਪਾ ਨੇ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਚੋਣ ਮੁਹਿੰਮ ਚਲਾਈ ਅਤੇ ਪਾਰਟੀ ਆਪਣੀ ਨੀਤੀ ਅਤੇ ਵਿਚਾਰਧਾਰਾ ਨੂੰ ਹਰ ਆਦਮੀ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਹੀ। ਤਕਨੀਕ ਦਾ ਵੀ ਬਿਹਤਰੀਨ ਇਸਤੇਮਾਲ ਕੀਤਾ। ਨਤੀਜੇ ਵਜੋਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਕੁਲ 31 ਫੀਸਦੀ ਵੋਟ ਮਿਲੇ ਜੋ ਕਿਸੇ ਵੀ ਗੈਰ ਕਾਂਗਰਸੀ ਪਾਰਟੀ ਲਈ ਸਭ ਤੋਂ ਜ਼ਿਆਦਾ ਹਨ।
ਅਜੇ ਕਾਂਗਰਸ ਮਕਤ ਨਹੀਂ ਹੋਇਆ ਭਾਰਤ-
ਅਮਿਤ ਸ਼ਾਹ ਨੇ ਭਾਜਪਾ ਦੀ ਜਿੱਤ ਨੂੰ ਵਿਚਾਰਧਾਰਾ ਦੀ ਜਿੱਤ ਦੱਸਿਆ। ਉਨ੍ਹਾਂ ਨੇ ਕਿਹਾ ਕਿ 80 ਦੇ ਦਹਾਕੇ ਤੋਂ ਬਾਅਦ ਵੀ ਲੋਕਾਂ ਨੇ ਸਾਡੀ ਪਾਰਟੀ ਦੀ ਵਿਚਾਰਧਾਰਾ ’ਚ ਵਿਸ਼ਵਾਸ ਜਤਾਉਣਾ ਸ਼ੁਰੂ ਕੀਤਾ। ਹੁਣ ਵਕਤ ਆ ਗਿਆ ਹੈ ਜਦੋਂ ਸਾਡੀ ਵਿਚਾਰਧਾਰਾ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ। ਯੂਪੀਏ ਦੇਸ਼ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਰਹੀ। ਜਦੋਂ ਵੀ ਇਤਿਹਾਸ ਲਿੱਖਿਆ ਜਾਏਗਾ ਤਾਂ ਪਿਛਲੀ ਸਰਕਾਰ ਨੂੰ ਘੁਟਾਲਿਆਂ ਦੀ ਸਰਕਾਰ ਦੇ ਨਾਂ ਨਾਲ ਜਾਣਿਆ ਜਾਏਗਾ। ਨਰਿੰਦਰ ਭਾਈ ਮੋਦੀ ਨੇ ਚੌਣਾਂ ਦੌਰਾਨ ਨਾਰਾ ਦਿੱਤਾ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ ਪਰ ਇਹ ਸੁਪਨਾ ਅਜੇ ਪੂਰਾ ਨਹੀਂ ਹੋਇਆ ਹੈ। ਲੋਕਸਭਾ ਚੋਣਾਂ ਵਿੱਚ ਜਿੱਤ ਇਸ ਦਿਸ਼ਾ ਵਿੱਚ ਇੱਕ ਸ਼ੁਰੂਆਤ ਹੈ, ਮੰਜ਼ਿਲ ਮਿਲਣੀ ਤਾਂ ਅਜੇ ਬਾਕੀ ਹੈ।
ਲਾਲੂ ਦੀ ਗੋਦ ਵਿੱਚ ਬੈਠ ਗਏ ਨੀਤੀਸ਼-
ਇਸ ਮੌਕੇ ’ਤੇ ਅਮਿਤ ਸ਼ਾਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ’ਤੇ ਨਿਸ਼ਾਨਾ ਸਾਧਣ ਦਾ ਮੌਕਾ ਨਹੀਂ ਗਵਾਇਆ। ਉਨ੍ਹਾਂ ਕਿਹਾ ਕਿ ਕੱਲ ਤੱਕ ਨੀਤੀਸ਼ ਲਾਲੂ ਯਾਦਵ ਦੇ ਜਿਸ ਜੰਗਲ ਰਾਜ ਨੂੰ ਖਤਮ ਕਰਨ ਦਾ ਦੰਮ ਭਰਦੇ ਸਨ, ਅੱਜ ਸੱਤਾ ਦੀ ਖਾਤਰ ਉਨ੍ਹਾਂ ਦੀ ਗੋਦ ਵਿੱਚ ਜਾ ਕੇ ਬੈਠ ਗਏ। ਗੱਠਜੋੜ ਵਿਚਾਰਧਾਰਾ ਅਤੇ ਸੋਚ ਦੇ ਆਧਾਰ ’ਤੇ ਹੁੰਦੀ ਹੈ ਪਰ ਇਥੇ ਅਜਿਹਾ ਕੁਝ ਵੀ ਨਹੀਂ ਹੈ। ਮਕਸਦ ਸਿਰਫ ਅਤੇ ਸਿਰਫ ਸੱਤਾ ਹੈ।
ਅਮਿਤ ਸ਼ਾਹ ਦਾ ਮਿਸ਼ਨ ਵਿਧਾਨਸਭਾ-
ਉਨ੍ਹਾਂ ਕਿਹਾ, ਚਾਰ ਰਾਜਾਂ ਵਿੱਚ ਜਲਦੀ ਹੀ ਵਿਧਾਨਸਭਾ ਚੋਣਾਂ ਹੋਣਗੀਆਂ। ਇਹ ਬਹੁਤ ਮਹੱਤਵਪੂਰਨ ਹੈ ਕਿ ਭਾਜਪਾ ਹਰ ਰਾਜ ਵਿੱਚ ਸੱਤਾ ਵਿੱਚ ਆਏ। ਜੰਮੂ-ਕਸ਼ਮੀਰ ਦੀ ਹਾਲਤ ਬੇਹੱਦ ਖਰਾਬ ਹੈ। ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੈ। ਉਥੇ ਜਿੱਤ ਨਿਸ਼ਚਿਤ ਕਰਨਾ ਸਿਰਫ ਰਾਜ ਦੀ ਭਾਜਪਾ ਇਕਾਈ ਦੀ ਜ਼ਿੰਮੇਵਾਰੀ ਨਹੀਂ ਹੈ। ਪਾਰਟੀ ਦੇ ਹਰ ਵਰਕਰ ਨੂੰ ਇਸ ਲਈ ਕੰਮ ਕਰਨਾ ਹੋਵੇਗਾ। ਦੋ ਰਾਜਨੀਤਿਕ ਪਰਿਵਾਰਾਂ ਨੇ ਜੰਮੂ-ਕਸ਼ਮੀਰ ਦੇ ਵਿਕਾਸ ਲਈ ਮਿਲੇ ਪੈਸੇ ਦੀ ਗਲਤ ਵਰਤੋਂ ਕੀਤੀ ਹੈ।
ਉਨ੍ਹਾਂ ਕਿਹਾ, ਅਸੀਂ ਝਾਰਖੰਡ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਜਪਾ ਨੂੰ ਇੱਕ ਮੌਕਾ ਦੇਣ। ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਛੱਤੀਸਗੜ੍ਹ ਦੀ ਤਰ੍ਹਾਂ ਤੁਹਾਡੇ ਰਾਜ ਦਾ ਵੀ ਵਿਕਾਸ ਕਰਾਂਗੇ। ਹਰਿਆਣਾ ਇਕਾਈ ਨੂੰ ਵੀ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪਾਰਟੀ ਆਪਣੇ ਦਮ ’ਤੇ ਸੱਤਾ ਵਿੱਚ ਆਏ। ਜੇਕਰ ਜ਼ਰੂਰਤ ਪਈ ਤਾਂ ਅਸੀਂ ਗੱਠਜੋੜ ਵੀ ਕਰਾਂਗੇ ਪ੍ਰੰਤੂ ਇਸ ਦੌਰਾਨ ਇਹ ਤੈਅ ਕੀਤਾ ਜਾਵੇਗਾ ਕਿ ਪਾਰਟੀ ਨੂੰ ਘੱਟੋ-ਘੱਟ 45 ਸੀਟਾਂ ਮਿਲਣ। ਜਿੱਥੋਂ ਤੱਕ ਮਹਾਰਾਸ਼ਟਰ ਦੀ ਗੱਲ ਹੈ ਤਾਂ ਕਾਂਗਰਸ ਦੇ 15 ਸਾਲ ਦੇ ਕੁਸ਼ਾਸਨ ਤੋਂ ਪਰੇਸ਼ਾਨ ਜਨਤਾ ਨੇ ਲੋਕਸਭਾ ਚੋਣਾਂ ਵਿੱਚ ਹੀ ਸੰਕੇਤ ਦੇ ਦਿੱਤਾ ਹੈ।ਉਨ੍ਹਾਂ ਅੱਗੇ ਕਿਹਾ, ਸਾਨੂੰ ਹਰ ਰਾਜ ਵਿੱਚ ਪਾਰਟੀ ਨੂੰ ਮਜਬੂਤ ਕਰਨਾ ਪਵੇਗਾ। ਸਾਨੂੰ ਨਿਸ਼ਚਿਤ ਕਰਨਾ ਪਵੇਗਾ, ਭਾਵੇਂ ਜਿਦਾਂ ਵੀ ਹੋਵੇ ਸਾਨੂੰ ਹਰ ਚੋਣ ਜਿੱਤਣੀ ਹੈ। ਪੰਚਾਇਤ ਤੋਂ ਲੈ ਕੇ ਲੋਕਸਭਾ ਚੋਣਾਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਕਿਉਂਕਿ ਪਹਿਲਾਂ ਇਹ ਲੜਾਈ ਕਾਂਗਰਸ ਬਨਾਮ ਪੂਰਨ ਵਿਰੋਧੀ ਧਿਰ ਦੀ ਸੀ, ਪਰ ਹੁਣ ਇਹ ਭਾਜਪਾ ਬਨਾਮ ਹਰ ਕਿਸੇ ਦੀ ਹੋ ਗਈ ਹੈ।
ਅਸੀਂ ਨੀਤਿਗਤ ਅਪੰਗਤਾ ਦੂਰ ਕੀਤੀ : ਅਰੁਣ ਜੇਤਲੀ
ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਇਸ ਮੌਕੇ ਕਿਹਾ ਕਿ ਭਾਜਪਾ ਦੀ ਪ੍ਰਧਾਨਗੀ ਵਿੱਚ ਐਨਡੀਏ ਸਰਕਾਰ ਨੇ ਪਿਛਲੇ 75 ਦਿਨਾਂ ਵਿੱਚ ਨੀਤਿਗਤ ਅਪੰਗਤਾ ਨੂੰ ਦੂਰ ਕੀਤਾ ਹੈ। ਜੇਤਲੀ ਨੇ ਕਿਹਾ, ਕਾਂਗਰਸ ਦੇ ਸ਼ਾਸਨ ਦੌਰਾਨ ਨੀਤੀ ਪੱਖ ਤੋਂ ਅਪੰਗਤਾ ਅਤੇ ਟੈਕਸ ਅਤੰਕਵਾਦ ਦੀ ਸਥਿਤੀ ਵਿੱਚ ਸੀ, ਪਰ ਅਸੀਂ ਪਿਛਲੇ 75 ਦਿਨਾਂ ਵਿੱਚ ਅਰਥ ਵਿਵਸਥਾ ਦੀ ਵਿਸ਼ਵਾਸਯੋਗਤਾ ਨੂੰ ਬਹਾਲ, ਨੀਤਿਗਤ ਅਪੰਗਤਾ ਅਤੇ ਟੈਕਸ ਅੱਤਵਾਦ ਨੂੰ ਖਤਮ ਕੀਤਾ ਹੈ।
ਅਮਿਤ ਸ਼ਾਹ ਹੀ ਸਨ ਭਾਜਪਾ ਪ੍ਰਧਾਨ ਪਦ ਦੇ ਹੱਕਦਾਰ : ਰਾਜਨਾਥ-
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਅਹੁਦਾ ਛੱਡ ਰਹੇ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਅਮਿਤ ਸ਼ਾਹ ਹੀ ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਸਭ ਤੋਂ ਯੋਗ ਉਮੀਦਵਾਰ ਸਨ। ਉਨ੍ਹਾਂ ਦੀ ਅਗਵਾਈ ਵਿੱਚ ਇਸ ਵਾਰ ਦੀਆਂ ਲੋਕਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ’ਚ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਗਈ। ਉਨ੍ਹਾਂ ਨੇ ਸ੍ਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਕਿਹਾ ਕਿ ਮੈਨੂੰ ਤਿੰਨ ਵਾਰ ਪਾਰਟੀ ਦਾ ਕੌਮੀ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਤੇ ਮੇਰੇ ਵਰਗੇ ਸਾਧਾਰਨ ਵਰਕਰ ਲਈ ਇਹ ਗੌਰਵ ਦਾ ਵਿਸ਼ਾ ਹੈ। ਮੈਂ ਆਪਣੇ ਪ੍ਰਧਾਨਗੀ ਕਾਲ ਤੋਂ ਸੰਤੁਸ਼ਟ ਹਾਂ ਅਤੇ ਆਪਣੀ ਜ਼ਿੰਮੇਵਾਰੀ ਅਮਿਤ ਸ਼ਾਹ ’ਤੇ ਛੱਡ ਰਿਹਾ ਹਾਂ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਪਾਰਟੀ ਦੀ ਕੌਮੀ ਪਰਿਸ਼ਦ ਦੀ ਬੈਠਕ ਦਾ ਪ੍ਰਬੰਧ ਭਾਜਪਾ ਦੇ ਨਵੇਂ ਪ੍ਰਧਾਨ ਦੇ ਰੂਪ ਵਿੱਚ ਸ੍ਰੀ ਅਮਿਤ ਸ਼ਾਹ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਨੂੰ 9 ਜੁਲਾਈ ਨੂੰ ਸ੍ਰੀ ਰਾਜਨਾਥ ਸਿੰਘ ਦੇ ਥਾਂ ’ਤੇ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਲੋਕਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕੌਮੀ ਪਰਿਸ਼ਦ ਦੀ ਇਹ ਪਹਿਲੀ ਗਠਿਤ ਹੈ।



