ਕਿਹਾ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਰਾਂਗੇ ਕੇਂਦਰ ਨਾਲ ਗੱਲ
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ)- ਸਮੇਂ ਸਮੇਂ ਤੇ ਦੇਸ਼ ਅਤੇ ਕੇਂਦਰ ਵਿੱਚ ਰਾਜ ਕਰਨ ਵਾਲੀਆਂ ਕਾਂਗਰਸੀ ਸਰਕਾਰਾਂ ਨੇ ਜਿੱਥੇ ਹਮੇਸ਼ਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਉੱਥੇ ਹੀ ਦੇਸ਼ ਦੇ ਨਾਲ ਨਾਲ ਪੰਜਾਬ ਦੇ 92% ਕਿਸਾਨਾਂ ਦਾ ਕਰਜਈ ਹੋਣਾ ਇਨ੍ਹਾਂ ਕਾਂਗਰਸ ਸਰਕਾਰਾਂ ਦੀ ਹੀ ਦੇਣ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਤਰਖਾਣਵਾਲਾ,ਰਾਮਸਰਾ ਅਤੇ ਰਾਮਾਂ ਮੰਡੀ ਦੇ ਵੱਖ ਵੱਖ ਵਾਰਡਾਂ ਵਿੱਚ ਅਕਾਲੀ ਭਾਜਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਕੀਤੀਆਂ ਵਿਸ਼ਾਲ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲੇ ਤੋਂ ਲੈ ਕੇ
ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਤੱਕ ਕਾਂਗਰਸ ਸਰਕਾਰਾਂ ਨੇ ਹਮੇਸ਼ਾਂ ਹੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਸਮੇਂ ਕਾਂਗਰਸੀਆਂ ਨੇ ਦੇਸ਼ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਕੁਝ ਨਹੀ ਕੀਤਾ ਇਨ੍ਹਾਂ ਦੀਆਂ ਸਰਕਾਰਾਂ ਸਮੇਂ ਕੀਤੇ ਵੱਡੇ ਵੱਡੇ ਘਪਲੇ ਇਸ ਗੱਲ ਦੇ ਗਵਾਹ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੇਸ਼ ਦੀ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਪੰਜਾਬ ਵਿੱਚ ਵੀ ਕਾਂਗਰਸ ਦਾ ਜੋ ਮਾੜਾ ਮੋਟਾ ਢਾਂਚਾ ਦਿਖਾਈ ਦੇ ਰਿਹਾ ਹੈ ਉਹ ਜਲਦੀ ਡਿੱਗ ਜਾਵੇਗਾ ਕਿਉਂਕਿ ਇਸਦੀ ਇਮਾਰਤ ਦੀਆਂ ਨੀਹਾਂ ਕਮਜੋਰ ਹੋ ਗਈਆਂ ਹਨ।ਸ੍ਰ.ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਾਂਗਰਸੀ ਭਾਂਵੇ ਉਹ ਕੈਪਟਨ ਹੋਵੇ ਬਾਜਵਾਂ ਜਾਂ ਜਗਮੀਤ ਬਰਾੜ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਕਿਸਾਨੀ ਦੀ ਹਾਲਤ ਤਰਸਯੋਗ ਕਰਨ ਵਿੱਚ ਵੀ ਕਾਂਗਰਸ ਸਰਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਇਨ੍ਹਾਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਚਲਦਿਆਂ ਹੀ ਅੱਜ 92 ਪ੍ਰਤੀਸ਼ਤ ਕਿਸਾਨ ਕਰਜਈ ਹੋ ਗਏ ਹਨ।ਸ੍ਰ.ਬਾਦਲ ਨੇ ਹਲਕਾ ਤਲਵੰਡੀ ਸਾਬੋ ਦੇ ਸੰਪੂਰਨ ਵਿਕਾਸ ਲਈ ਅਕਾਲੀ ਭਾਜਪਾ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਜੀਤਮਹਿੰਦਰ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਾਂਗਰਸੀ ਉਮੀਦਵਾਰ ਜੱਸੀ ਕਾਂਗਰਸ ਹਾਈਕਮਾਂਡ ਨਾਲ ਇੱਕ ਸ਼ਰਤ ਤਹਿਤ ਚੋਣ ਲੜ ਰਿਹਾ ਹੈ ਅਤੇ 2017 ਦੀ ਚੋਣ ਉਹ ਬਠਿੰਡਾ ਤੋਂ ਹੀ ਲੜੇਗਾ ਇਸਲਈ ਹਰੇਕ ਵੋਟਰ ਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ।ਇਕੱਠ ਨੂੰ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਸੰਬੋਧਨ ਕਰਦਿਆਂ ਜੀਤਮਹਿੰਦਰ ਸਿੱਧੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਉੱਧਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ.ਬਾਦਲ ਨੇ ਕੈਨੇਡਾ ਵਿੱਚ ਸਿੱਖਾਂ ਵਿਰੁੱਧ ਨਸਲੀ ਪੋਸਟਰ ਵੰਡੇ ਜਾਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਨਾਲ ਗੱਲ ਕਰਨਗੇ ਤਾਂ ਕਿ ਉਹ ਸਬੰਧਿਤ ਦੇਸ਼ ਦੀ ਸਰਕਾਰ ਨਾਲ ਇਸ ਸਬੰਧੀ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾ ਸਕਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਜਿੰਦੂ ਵਿਧਾਇਕ,ਸੀਨ:ਅਕਾਲੀ ਆਗੂ ਅਮਰਜੀਤ ਸਿੰਘ ਖਾਨ੍ਹਾ,ਯੂਥ ਅਕਾਲੀ ਦਲ ਦੇ ਕੌਮੀ ਜਨ:ਸਕੱ: ਅਤੇ ਖਜਾਨਚੀ ਰਵੀਪ੍ਰੀਤ ਸਿੰਘ ਸਿੱਧੂ,ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱ: ਸਿੱਧੂ,ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਸਰਕਲ ਪ੍ਰਧਾਨ ਰਾਮਾਂ ਗੁਰਜੀਤ ਸਿੰਘ ਕੋਟਬਖਤੂ,ਸਰਕਲ ਪ੍ਰਧਾਨ ਤਲਵੰਡੀ ਜਸਵਿੰਦਰ ਸਿੱਧੂ,ਨਗਰ ਪੰਚਾਇਤ ਤਲਵੰਡੀ ਸਾਬੋ ਦੀ ਕਾਰਜਕਾਰੀ ਪ੍ਰਧਾਨ ਬੀਬੀ ਸੁਖਜਿੰਦਰ ਕੌਰ,ਨਗਰ ਪੰਚਾਇਤ ਰਾਮਾਂ ਦੇ ਸਾਬਕਾ ਪ੍ਰਧਾਨ ਕੌਰ ਸਿੰਘ,ਰਿੰਕੂ ਗੋਇਲ,ਯੂਥ ਆਗੂ ਗੁਰਤੇਜ ਸਿੰਘ ਭੁਰੂ,ਸਰਬਜੀਤ ਰਾਮਾਂ,ਕੁਲਵਿੰਦਰ ਗਾਟਵਾਲੀ,ਗੁਰਜੰਟ ਮਲਕਾਣਾ,ਮਨਜੀਤ ਹੌਂਡਾ,ਡਾ.ਗੁਰਮੇਲ ਸਿੰਘ ਘਈ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਆਦਿ ਆਗੂ ਹਾਜਿਰ ਸਨ।



