ਨਵੀਂ ਦਿੱਲੀ, 8 ਅਗਸਤ (ਪੀ. ਟੀ)- ਰਾਜ ਸਭਾ ਵਿਚ ਅੱਜ ਮਾਕਪਾ ਦੇ ਇਕ ਮੈਂਬਰ ਨੇ ਸਚਿਨ ਤੇਂਦੁਲਕਰ ਤੇ ਰੇਖਾ ਵਰਗੇ ਮਨੋਨੀਤ ਮੈਂਬਰ ਤੇ ਮਸ਼ਹੂਰ ਹਸਤੀਆਂ ਦੇ ਸਦਨ ਵਿਚ ਅਕਸਰ ਨਾ ਆਉਣ ਦਾ ਮੁੱਦਾ ਚੁੱਕਿਆ ਜਿਸ ‘ਤੇ ਉਪ ਸਪੀਕਰ ਪੀ. ਜੇ. ਕੁਰੀਅਨ ਨੇ ਕਿਹਾ ਕਿ ਮਾਸਟਰ ਬਲਾਸਟਰ ਨੇ ਸਦਨ ਦੀਆਂ ਪਿਛਲੀਆਂ 40 ਬੈਠਕਾਂ ਵਿਚ ਹਿੱਸਾ ਨਹੀਂ ਲਿਆ ਹੈ ਪਰ ਨਿਯਮ ਅਧੀਨ 60 ਬੈਠਕਾਂ ਵਿਚ ਗ਼ੈਰ ਹਾਜ਼ਰ ਰਹਿਣ ਵਾਲੇ ਮੈਂਬਰਾਂ ਵਿਰੁੱਧ ਕਾਰਵਾਈ ਹੁੰਦੀ ਹੈ। ਸਿਫਰ ਕਾਲ ਵਿਚ ਮਾਕਪਾ ਦੇ ਪੀ. ਰਾਜੀਵ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਸਦਨ ਵਿਚ ਕਈ ਮਸ਼ਹੂਰ ਹਸਤੀਆਂ ਤੇ ਮਨੋਨੀਤ ਮੈਂਬਰ ਪਿਛਲੇ ਕਈ ਦਿਨਾਂ ਤੋਂ ਗ਼ੈਰ ਹਾਜ਼ਰ ਹਨ ਉਨ੍ਹਾਂ ਬਾਰੇ ਉਪ ਸਭਾਪਤੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦੱਸ ਕੇ ਗ਼ੈਰ ਹਾਜ਼ਰ ਹੋਏ ਹਨ। ਇਸ ‘ਤੇ ਕੁਰੀਅਨ ਨੇ ਕਿਹਾ ਕਿ ਰਾਜੀਵ ਤੇ ਹੋਰ ਮੈਂਬਰਾਂ ਨੇ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਇਸ
ਬਾਰੇ ਜੋ ਜਾਣਕਾਰੀ ਇਕੱਠੀ ਕੀਤੀ ਹੈ ਉਸ ਅਨੁਸਾਰ ਮਸ਼ਹੂਰ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਪ੍ਰੈਲ 2012 ਵਿਚ ਇਸ ਸਦਨ ਵਿਚ ਮਨੋਨੀਤ ਕੀਤੇ ਗਏ ਸਨ। ਉਨ੍ਹਾਂ ਨੇ ਹੁਣ ਤੱਕ ਸਿਰਫ 3 ਬੈਠਕਾਂ ਵਿਚ ਹਿੱਸਾ ਲਿਆ ਹੈ। ਕੁਰੀਅਨ ਨੇ ਕਿਹਾ ਕਿ ਤੇਂਦੁਲਕਰ ਨੇ ਆਖਰੀ ਵਾਰ 13 ਦਸੰਬਰ, 2013 ਨੂੰ ਰਾਜ ਸਭਾ ਦੀ ਬੈਠਕ ਵਿਚ ਹਿੱਸਾ ਲਿਆ ਸੀ। ਉਪ ਸਪੀਕਰ ਨੇ ਕਿਹਾ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਨੂੰ ਵੀ ਅਪ੍ਰੈਲ 2012 ਵਿਚ ਰਾਜ ਸਭਾ ਵਿਚ ਮਨੋਨੀਤ ਕੀਤਾ ਗਿਆ ਸੀ। ਰੇਖਾ ਨੇ ਹੁਣ ਤੱਕ ਰਾਜ ਸਭਾ ਦੀਆਂ 7 ਬੈਠਕਾਂ ਵਿਚ ਹਿੱਸਾ ਲਿਆ ਹੈ। ਕੁਰੀਅਨ ਨੇ ਕਿਹਾ ਕਿਹਾ ਕਿ ਰੇਖਾ ਨੇ ਆਖਰੀ ਵਾਰ 19 ਫਰਵਰੀ, 2014 ਨੂੰ ਸਦਨ ਦੀ ਬੈਠਕ ਵਿਚ ਹਿੱਸਾ ਲਿਆ ਸੀ। ਉਪ ਸਪੀਕਰ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ-104 ਅਧੀਨ ਜੇਕਰ ਕੋਈ ਮੈਂਬਰ ਬਿਨਾਂ ਆਗਿਆ 60 ਬੈਠਕਾਂ ਵਿਚ ਨਹੀਂ ਆਉਂਦਾ ਤਾਂ ਉਸ ਦੀ ਸੀਟ ਨੂੰ ਖਾਲੀ ਮੰਨ ਲਿਆ ਜਾਂਦਾ ਹੈ।



