Skip to content
Independent perspectives. Global stories.
BREAKING

ਕਲਾ ਅਤੇ ਪੂੰਜੀਪਤੀ

Share this story

ਡਾ. ਨਰਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਰੰਗ-ਬਰੰਗੀਆਂ ਪੱਗਾਂ, ਚੁੰਨੀਆਂ ਅਤੇ ਸਿਰਾਂ ਦੇ ਅਲੱਗ-ਅਲੱਗ ਸਟਾਈਲਾਂ ਨਾਲ ਕੱਟੇ ਵਾਲਾਂ ਵਾਲੋ ਸਰੋਤਿਆਂ ਨਾਲ ਸੱਭਿਆਚਾਰਕ ਥੀਏਟਰ ਖਚਾਖਚ ਭਰਿਆ ਹੋਇਆ ਸੀ। ਭਰਿੰਗ-ਰੰਗੇ ਸਿਉਨੇ ਦੀਆਂ ਭਾਰੀਆਂ ਛਾਪਾਂ ਅਤੇ ਮੋਟੇ ਕੜੇ ਨਾਲ ਸ਼ਿਗਾਰਾ ਹੱਥਾਂ ਵਾਲਾ ਪੂੰਜੀਪਤੀ ਮੁੱਖ ਮਹਿਮਾਨ ਸਟੇਜ ਉਤਲੇ ਸੋਫਾ-ਸੈਟ ’ਚ ਪਸਰਿਆ ਬੈਠਾ ਸੀ। ਉਸਦੀ ਸੂਰ ਦੀ ਗਰਦਨ ਵਰਗੀ ਗਰਦਨ ਦੁਆਲੇ ਸਿਉਨੇ ਦੀ ਭਾਰੀ ਚੈਨੀ ਲਿਸ਼ਕਾਂ ਮਾਰ ਰਹੀ ਸੀ। ਸਟੇਜ-ਸਕੱਤਰ ਮਾਈਕ ’ਚ ਬੋਲਣ ਲੱਗਿਆ,
‘‘ਰੱਬ ਵਰਗੇ ਸਰੋਤਿਓ! ਹੁਣ ਜਿਸ ਕਲਾਕਾਰ ਨੂੰ ਮੈਂ ਤੁਹਾਡੇ ਰੂ-ਬ-ਰੂ ਕਰਨ ਜਾ ਰਿਹਾ ਹਾਂ ਉਹ ਕਲਾਕਾਰ ਤੁਹਾਡੇ ਦਿਲਾਂ ਦੀ ਧੜਕਣ ਹੈ.. ਤੁਹਾਡੀ ਉਡੀਕ ਦੀ ਨਾਇਕਾ ਹੈ। ਜਿਸ ਨਾਲ ਕਲਾ ਪੇਸ਼ਾ ਨਹੀਂ… ਸਗੋਂ ਕਲਾ ਇਸ਼ਕ ਹੈ.. ਮੈਂ ਹੁਣੇ ਥੋਡੇ ਦਰਮਿਆਨ ਹੋਰ ਸਮਾਂ ਠਹਿਰਣ ਦੀ ਬਜਾਏ ਤੁਹਾਡੀ ਮਹਿਬੂਬ ਕਲਾਕਾਰ ਨੂੰ ਤੁਹਾਡੇ ਰੂ-ਬ-ਰੂ ਕਰ ਰਿਹਾ ਹਾਂ.. ਸਟੇਜ ਸਕੱਤਰ ਬੋਲਣਾ ਬੰਦ ਕਰਕੇ ਮਾਇਕ ਤੋਂ ਪਾਸੇ ਹੋਇਆ। ਗੋਰੇ ਨਿਸ਼ੋਹ ਰੰਗ, ਸੰਜੀਦਾ ਚਿਹਰੇ, ਛਾਂਟਵੇਂ ਸਰੀਰ, ਲੰਮੇ ਕੱਦ ਅਤੇ ਬਾਈ-ਤੇਈ ਸਾਲ ਦੀ ਉਮਰ ਵਾਲੀ ਕਲਾਕਾਰ ਮਟਕ ਮਟਕ ਤੁਰਦੀ ਮਾਇਕ ਮੂਹਰੇ ਆਈ। ਲੋਕਾਂ ਦੇ ਠਾਠਾਂ ਮਾਰਦੇ ਹੜ੍ਹ ਵੱਲ ਪਿਆਰ ਭਰੀ ਨਜ਼ਰ ਨਾਲ ਤੱਕਦੀ, ਸੁਰੀਲੀ ਆਵਾਜ਼ ’ਚ ਹਲੀਮੀ ਭਰੇ ਅੰਦਾਜ਼ ਨਾਲ ਬੋਲਣ ਲੱਗੀ,
‘‘ਬਾਬੇ ਨਾਨਕ, ਫਕੀਰ ਬੁੱਲੇ ਸ਼ਾਹ, ਵਾਰਸ਼ ਸ਼ਾਹ, ਸ਼ਿਵ, ਅੰਮ੍ਰਿਤਾ ਪ੍ਰੀਤਮ, ਉਦਾਸੀ ਅਤੇ ਪਾਸ਼ ਦੇ ਹਰੇ ਭਰੇ ਪੰਜਾਬ ਦੀ ਧਰਤੀ ਦੇ ਜਾਏ ਪਿਆਰੇ ਸਰੋਤਿਓ। ਮੈਂ ਅੱਜ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਵੈਰਾਗਣ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਉਸ ਕਵਿਤਾ ਨਾਲ ਕਰਦੀ ਹਾਂ, ਜਿਹੜੀ ਕਵਿਤਾ ਭਾਰਤ ਨੂੰ ਦੋ ਟੋਟਿਆਂ, ਜਾਣੀ ਕੇ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਵੰਡੇ ਜਾਣ ਸਮੇਂ ਲਿਖੀ ਗਈ ਸੀ। ਜਦ ਧਰਮ ਦੇ ਠੇਕੇਦਾਰਾਂ ਨੇ ਪੰਜਾਂ-ਪਾਣੀਆਂ ਦਾ ਰੰਗ, ਮਨੁੱਖੀ ਲਹੂ ਨਾਲ ਲਾਲੋ ਲਾਲ ਕੀਤਾ ਸੀ… ਅਜਿਹੇ ਦੁੱਖਦਾਇਕ ਵਕਤ ਨੇ ਵੈਰਾਗਣ ਕਵਿਤਰੀ ਦੇ ਮਨ ਨੂੰ ਲੋਹੜੇ ਦਾ ਦੁੱਖ ਪਹੁੰਚਾਇਆ ਸੀ.. ਤੇ ਉਸ ਦੀ ਵਿਕਲਦੀ ਰੂਹ ਵਾਰਸ਼ ਸ਼ਾਹ ਨੂੰ ਆਵਾਜ਼ਾਂ ਮਾਰਨ ਲੱਗੀ ਸੀ।’’
‘‘… ਲਉ ਕਵਿਤਾ ਪੇਸ਼ ਏ।…..’’ ਕਲਾਕਾਰ ਦਰਦ-ਵਿੰਨ੍ਹੀ ਆਵਾਜ਼ ਨਾਲ ਗਾਉਣ ਲੱਗੀ ਸੀ।

‘‘… ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ….’’
ਸੁਰੀਲੀ ਅਤੇ ਦਰਦਮਈ ਆਵਾਜ਼ ਵਿਚ ਗਾਉਣ ਦੇ ਨਾਲ ਨਾਲ ਉਹ ਕਲਾਕਾਰ ਆਪਣੇ ਸਰੀਰ ਦੇ ਅਲੱਗ ਅਲੱਗ ਅੰਗਾਂ ਨਾਲ 1947 ਦੇ ਦੁਖਾਂਤ ਨੂੰ ਪ੍ਰਤੱਖ ਕਰਨ ਲਈ, ਐਕਟਿੰਗ ਵੀ ਕਰ ਰਹੀ ਸੀ। ਉਸ ਦੇ ਗਾਉਣ ਅਤੇ ਐਕਟਿੰਗ ਕਰਨ ਦੇ ਅੰਦਾਜ਼ ਨੇ ਥੀਏਟਰ ਵਿਚਲੇ ਸਾਰੇ ਸਰੋਤਿਆਂ ਨੂੰ ਕੀਲ ਲਿਆ ਸੀ। ਸਾਰਿਆਂ ਦੀਆਂ ਨਜ਼ਰਾਂ ਗਾ ਰਹੀ ਅਤੇ ਐਕਟਿੰਗ ਕਰ ਰਹੀ ਕਲਾਕਾਰ ’ਤੇ ਟਿਕੀਆਂ ਹੋਈਆਂਸਨ। ਖਚਾਖਚ ਭਰੇ ਸੱਭਿਆਚਾਰ ਥੀਏਟਰ ਵਿਚ ਚੁੱਪ ਇਸ ਪੱਧਰ ਤੱਕ ਪਸਰੀ ਹੋਈ ਸੀ  ਕਿ ਸਰੋਤਿਆਂ ਦੇ ਸਾਹ ਲੈਣ ਦੀਆਂ ਆਵਾਜ਼ਾਂ ਆਸਾਨੀ ਨਾਲ ਸੁਣਾਈ ਦੇ ਰਹੀਆਂ ਸਨ। ਕਲਾਕਾਰ ਦੇ ਕਵਿਤਾ ਗਾਉਣੀ ਬੰਦ ਕਰਨ ਦੇ ਨਾਲ ਈ, ਥੀਏਟਰ ਵਿੱਚ ਤਾੜੀਆਂ ਦੀ ਗੂੰਜ ਪਈ। ਪੂੰਜੀਪਤੀ ਮਹਿਮਾਨ ਨੇ ਕਲਾਕਾਰ ਨੂੰ ਇਕ ਹਜ਼ਾਰ ਰੁਪਏ ਦਾ ਸਪੈਸ਼ਲ ਇਨਾਮ ਦਿੱਤਾ। ਉਹ ਸਪੈਸ਼ਲ ਇਨਾਮ ਕਲਾਕਾਰ ਨੇ ਤੁਰੰਤ ਸੱਭਿਆਚਾਰਕ ਪ੍ਰਬੰਧਕੀ ਕਮੇਟੀ ਨੂੰ ਸਹਾਇਤਾ ਦੇ ਰੂਪ ਵਿੱਚ ਦੇ ਦਿੱਤਾ। ਉਸ ਦੀ ਇਸ ਕਾਰਵਾਈ ਨਾਲ ਪੂੰਜੀਪਤੀ ਦੇ ਮਨ ਨੂੰ ਠੇਸ ਲੱਗੀ। ਉਹ ਸਾਰੀ ਰਾਤ ਬਿਸਤਰੇ ’ਚ ਉਸਲਵੱਟੇ ਲੈਂਦਾ ਰਿਹਾ। ਦੂਸਰੇ ਦਿਨ ਉਸ ਦੀ ਮਹਿੰਗੀ ਕਾਰ ਕਲਾਕਾਰ ਦੇ ਚੁਬਾਰੇ ਨੂੰ ਚੜ੍ਹਦੀਆਂ ਪੌੜੀਆਂ ਸਾਹਮਣੇ ਪਹੁੰਚ ਕੇ ਰੁਕੀ। ਕਾਰ ਵਿਚੋਂ ਮਹਿੰਗੇ ਗਿਫਟ ਦਾ ਪੈਕਟ ਚੁੱਕ ਕੇ  ਉਸ ਨੇ ਚੁਬਾਰੇ ਦੀ ਬੈਲ ਦਾ ਬਟਨ ਨੱਪਿਆ। ਟਣਨ.. ਟਣਨ ਦੀ ਆਵਾਜ਼ ਸੁਣ, ਸਾਦੇ ਲਿਬਾਸ ਵਿਚਲੀ ਕਲਾਕਾਰ ਚੁਬਾਰੇ ਮੂਹਰਲੇ ਚੰਗਲੇ ਕੋਲ ਜਾ ਕੇ ਹੇਠਾਂ ਨੂੰ ਤੱਕਣ ਲੱਗੀ। ਪੌੜੀਆਂ ਮੂਹਰੇ ਪੂੰਜੀਪਤੀ ਨੂੰ ਖੜ੍ਹਾ ਤੱਕ ਉਸ ਨੂੰ ਹੈਰਾਨੀ ਹੋਈ।
‘‘ਸਰ ! ਕਿਸ ਨੂੰ ਮਿਲਣੈ ਤੁਸੀਂ? ’’
‘‘ਤੁਹਾਨੂੰ’’
‘‘ਮੈਨੂੰ…’’ ਕਲਾਕਾਰ ਇਕ ਪਲ ਬਾਅਦ ਫੇਰ ਬੋਲੀ… ‘‘… ਚਲੋ ਉ¤ਪਰ ਈ ਆ ਜਾਉ।’’ ਪੂੰਜੀਪਤੀ ਮਹਿੰਗੇ ਗਿਫਟ ਵਾਲਾ ਪੈਕਟ ਹੱਥ ਵਿਚ ਫੜੀ ਚੁਬਾਰੇ ਵਿਚ ਪਹੁੰਚਿਆ। ਕਲਾਕਾਰ ਨੇ ਉਸ ਨੂੰ ਬੈਠਣ ਲਈ ਕੁਰਸੀ ਦਿੱਤੀ। ਆਪ ਦੂਸਰੀ ਕੁਰਸੀ ’ਤੇ ਬੈਠਦੀ ਨੇ ਉਸ ਨੂੰ ਪੁੱਛਿਆ,
‘‘ਸਰ ! ਕਿਵੇਂ ਤਸ਼ਰੀਫ਼ ਲਿਆਂਦੀ? ’’
‘‘ਮੈਂ ਤੁਹਾਨੂੰ ਦੇਣ ਲਈ ਗਿਫਟ ਲੈ ਕੇ ਆਇਆਂ ਹਾਂ।’’
‘‘ਹੈਂ…? ਗਿਫਟ…? ਕਿਸ ਗੱਲ ਬਦਲੇ ਗਿਫਟ? ’’
‘‘ਸਰ ! ਜੇ ਤੁਹਾਨੂੰ ਮੇਰੀ ਕਲਾ ਪਸੰਦ ਏ ਤਾਂ ਤੁਸੀਂ ਮੇਰੀ ਕਲਾ ਦਾ ਆਨੰਦ ਉਸ ਜਗ੍ਹਾ ਪਹੁੰਚ ਕੇ ਮਾਣ ਸਕਦੇ ਹੋ ਜਿਸ ਜਗ੍ਹਾ ਮੇਰਾ ਪ੍ਰੋਗਰਾਮ ਹੋਵੇ… ਪਰ ਮੈਂ ਗਿਫਟ ਲੈਣੇ ਠੀਕ ਨਹੀਂ ਸਮਝਦੀਂ।’’
‘‘ਕਿਉਂ? ’’
‘‘ਕਿਉਂਕਿ ਸਰ! ਕਲਾ ਮੈਨੂੰ ਕੁਦਰਤ ਨੇ ਉਵੇਂ ਬਖਸ਼ੀ ਏ ਜਿਵੇਂ ਫੁੱਲਾਂ ਨੂੰ ਮਹਿਕ, ਸਾਗਰਾਂ ਨੂੰ ਰਵਾਨਗੀ, ਚੰਨ ਨੂੰ ਚਾਨਣੀ ਅਤੇ ਕੋਇਲ ਨੂੰ ਸੁਰੀਲੀ ਆਵਾਜ਼…। ਕੀ ਬਨਸਪਤੀ, ਪੰਛੀ ਅਤੇ ਹੋਰ ਕੁਦਰਤੀ ਚੀਜ਼ਾਂ ਆਪਣੀਆਂ ਖੂਬੀਆਂ ਬਦਲੇ ਲੋਕਾਂ ਕੋਲੋਂ ਕੋਈ ਗਿਫਟ ਲੈਂਦੀਐਂ?  ’’
‘‘ਨਹੀਂ’’
‘‘ਫੇਰ ਮੈਂ ਕੁਦਰਤ ਦੀ ਬਖਸ਼ੀ ਕਲਾ ਦੇ ਬਦਲੇ ਵਿੱਚ ਤੁਹਾਡੇ ਕੋਲ ਗਿਫਟ ਕਿਵੇਂ ਲੈ ਸਕਦੀ ਹੈ? ’’ ਉਸ ਦੀ ਦਲੀਲ ਨੇ ਪੂੰਜੀਪਤੀ ਨੂੰ ਬੇਦਲੀਲ ਕੀਤਾ। ਉਹ ਨਿੰਮੋਝੂਣਾ ਹੋਇਆ ਵਾਪਸ ਪਰਤਿਆ। ਕਲਾਕਾਰ ਦੀ ਦਲੀਲ ਨੇ ਉਸ ਦੇ ਮਨ ਵਿਚ ਕਲਾਕਾਰ ਪ੍ਰਤੀ ਖਿੱਚ ਪਹਿਲਾਂ ਨਾਲੋਂ ਵਧਾਅ ਦਿੱਤੀ ਸੀ। ਉਹ ਉਸਨੂੰ ਕਲਾ ਦੀ ਦੇਵੀ ਨਜ਼ਰ ਆਉਣ ਲੱਗੀ ਸੀ। ਅਕਸਰ ਉਹ ਆਪਣੀ ਮਹਿੰਗੀ ਕਾਰ ਰਾਹੀਂ ਉਥੇ ਪਹੁੰਚ ਈ ਜਾਂਦਾ ਜਿੱਥੇ ਉਸ ਨੇ ਆਪਣੀ ਕਲਾ ਦੇ ਜ਼ੌਹਰ ਦਿਖਾਉਣੇ ਹੁੰਦੇ।
ਦਿਨਾਂ… ਹਫਤਿਆਂ.. ਮਹੀਨਿਆਂ ਦੇ ਚੱਕਰ ਘੁੰਮਣ ਦੇ ਨਾਲ ਨਾਲ ਪੂੰਜੀਪਤੀ ਦੀ ‘ਮੈਂ’’ ਨੇ ਕਲਾਕਾਰ ਨੂੰ ਪਾਉਣ ਦੀ ਇੱਛਾ ਜਨੂੰਨ ’ਚ ਤਬਦੀਲ ਕਰ ਦਿੱਤੀ। ਇੱਕ ਦਿਨ ਫੇਰ ਉਹ ਉਸਦੇ ਚੁਬਾਰੇ ਵਿੱਚ ਗਿਆ। ਬਿਨਾਂ ਕਿਸੇ ਲੁੱਕ ਲਪੇਟ ਦੀ। ਉਸ ਨੇ ਆਪਣੇ ਮਨ ਦੀ ਇੱਛਾ ਉਸ ਸਾਹਮਣੇ ਪ੍ਰਗਟ ਕਰਨੀ ਸ਼ੁਰੂ ਕੀਤੀ।
‘‘ਐ.. ਕਲਾ ਦੀ ਦੇਵੀ! ਮੇਰੀ ਜ਼ਿੰਦਗੀ ਤੇਰੇ ਬਿਨਾਂ ਅਧੂਰੀ ਐ…। ਮੈਂ ਤੈਨੂੰ ਆਪਣੇ ਮਹਿਲਾਂ ਦੀ ਰਾਣੀ ਬਣਾਉਣ ਲਈ ਕਾਹਲਾ ਹਾਂ…। ਮੈਂ ਤੈਨੂੰ ਸਿਉਨੇ ਨਾਲ ਮੜ੍ਹਨ ਲਈ ਉਤਾਵਲਾ ਹਾਂ।’’
‘‘ਮੈਂ ਕਿਸੇ ਵੀ ਸੂਰਤ ਵਿਚ ਤੇਰੇ ਮਹਿਲਾ ਦੀ ਰਾਣੀ ਨਹੀਂ ਬਣਾਂਗੀ। ਦਰਅਸਲ ਤੂੰ ਮੈਨੂੰ ਸਿਉਨੇ ਦੇ ਪਿੰਜਰੇ ਵਿੱਚ ਬੰਦ ਕਰਕੇ ਤੇ ਆਪਣੇ ਮਹਿਲਾਂ ਦੀ ਕੈਦਣ ਬਣਾ ਕੇ ਮੇਰੀ ਕਲਾ ਦੀ ਸੰਘੀ ਘੁੱਟਣੀ ਲੋਚਦੇ ਏ।’’
‘‘ਨਹੀਂ.. ਹਰਗਿਜ਼ ਨਹੀਂ’’
‘‘ਨਹੀਂ… ਨਹੀਂ ਨਹੀਂ? ਕੀ ਟਾਹਣੀਉਂ ਟੁੱਟਕੇ ਤੁਹਾਡੇ ਅਮੀਰਾਂ ਦੇ ਗਲ੍ਹਿਆਂ ਦੇ ਹਾਰ ਬਣੇ ਫੁੱਲਾਂ ਦੀ ਖੁਸ਼ਬੋ ਅੰਤ ਨੂੰ ਦਮ ਤੋੜ ਨਹੀਂ ਜਾਂਦੀ? ਕੀ ਪਿੰਜਰੇ ਵਿੱਚ ਬੰਦ ਕੀਤੇ ਮੋਰ ਅੰਤ ਪਾਇਲਾਂ ਪਾਉਣੀਆਂ ਭੁੱਲ ਨਹੀਂ ਜਾਂਦੇ? ਕੀ ਫੁੱਲਾਂ ਦੁਆਲੇ ਉਡਾਰੀਆਂ ਲਾਉਂਦੀ ਤਿਤਲੀ ਮਨੁੱਖੀ ਹੱਥਾਂ ਦੀ ਛੋਹ ਨਾਲ ਆਪਣੇ ਮਨਮੋਹਣੇ ਖੰਡਾਂ ਦੀ ਚਮਕ ਗੁਆ ਨਹੀਂ ਬੈਠਦੀ? ’’
‘‘ਨਹੀਂ.. ਕਲਾ ਦੀ ਦੇਵੀ ! ਮੈਂ ਏਦਾਂ ਨਹੀਂ ਕਰਾਂਗਾ।’’
‘‘ਝੂਠ.. ਕੋਰਾ ਝੂਠ.. ਏਹ ਕੁਕਰਮ ਤੁਸੀਂ ਪੂੰਜੀਪਤੀ ਈ ਕਰਦੇ ਹੋ। ਤੁਸੀਂ ਅਮੀਰ ਈ ਸਿਉਨੇ-ਚਾਂਦੀ ਦੇ ਨਸ਼ੇ ’ਚ ਕੀ ਆਪਣੀ ਰਵਾਨਗੀ ਨਾਲ ਵਗਦੇ ਪਾਣੀਆਂ ਵਿੱਚ, ਕੁਦਰਤ ਦੇ ਜਾਏ ਮਨੁੱਖਾਂ ਦਾ ਲਹੂ ਘੋਲਦੇ ਹੋ..। ਪਵਿੱਤਰ ਹਵਾਵਾਂ ਨੂੰ ਬਰੂਦ ਦੀ ਬੋ ਨਾਲ ਭਰਿਸ਼ਟ ਕਰਦੇ ਹੋ। ਕਲੈਹਰੀ ਮੋਰਾਂ ਕੋਲੋਂ ਪਾਇਲਾਂ ਖੋਂਹਦੇ ਜੰਗਲ-ਬੇਲਿਆਂ, ਪਹਾੜੀਆਂ, ਵਾਦੀਆਂ ਅਤੇ ਨਦੀਆਂ ਦੇ ਨਿਰਮਲ ਪਾਣੀਆਂ ਤੱਕ ਦੀ ਖੂਬਸੂਰਤੀ, ਤੁਸੀਂ ਹੀ ਪੈਸੇ ਦੇ ਪੁੱਤਾਂ ਨੇ ਦੂਸ਼ਿਤ ਕੀਤੀ ਏ।’’
‘‘ਮੈਂ ਅਜਿਹਾ ਨੀਹਂ.. ਮੈਂ ਤੁਹਾਡੀ ਕਲਾ ਦਾ ਕਦਰਦਾਨ ਹਾਂ।’’
‘‘ਨਿਰਾ ਝੂਠ.. ਨਿਰਾ ਬਕਵਾਸ..ਪੂੰਜੀਪਤੀ ਕਦੀ ਵੀ ਕਲਾ ਦਾ ਕਦਰਦਾਨ ਨਹੀਂ ਹੋ ਸਕਦਾ। ਪੂੰਜੀਪਤੀ ਤਾਂ ਹਮੇਸ਼ਾਂ ਕਲਾ ’ਤੇ ਕਾਬਜ਼ ਹੋ ਕੇ ਕਲਾ ਨੂੰ ਮੰਡੀ ਦੀ ਜਿਣਸ ’ਚ ਬਦਲਦੇ ਆ ਰਹੇ ਨੇ। ਏਹ ਪੂੰਜੀਪਤੀਆਂ ਦੀ ਕਾਲੀ ਕਰਤੂਤ ਦਾ ਸਿੱਟਾ ਈ ਐ ਕਿ ਅੱਜ ਪੈਸੇ ਦੇ ਲਾਲਚੀ ਮਰਦ-ਔਰਤ ਕਲਾਕਾਰਾਂ ਦੀ ਕਲਾ, ਪੂੰਜੀਪਤੀਆਂ ਦੀ ਰਖੇਲ ਬਣਕੇ ਮੰਡੀ ਵਿੱਚ ਪੂੰਜੀਪਤੀਆਂ ਦੀਆਂ ਜਿਣਸਾਂ ਦਾ ਹੋਕਾ ਦੇਣ ਲਈ ਹਾਕਰ ਬਣੀ ਹੋਈ ਐ।.. ਵੇਸਵਾਵਾਂ ਦੀਆਂ ਲਾਇਨਾਂ ਲੰਮੀਆਂ ਕਰਨ ਦਾ ਵਸੀਲਾ ਬਣੀ ਹੋਈ ਐ… ਮੈਂ ਆਪਣੀ ਕਲਾ ਨੂੰ ਕਿਸੇ ਵੀ ਸੂਰਤ ਵਿੱਚ ਤੇਰੇ ਪੱਥਰ ਦੇ ਮਹਿਲਾਂ ਦੀ ਕੈਦਣ ਨਹੀਂ ਬਣਾਵਾਂਗੀ।.. ਤੇਰੇ ਸਿਉਨੇ ਦੇ ਪਿੰਜਰੇ ਦੀ ਕੈਦਣ ਨਹੀਂ ਬਣਾਂਵਾਂਗੀ। ਮਰੀ ਕਲਾ ਤਾਂ ਲੋਕਾਂ ਦੀ ਅਮਾਨਤ ਹੈ।.. ਮੈਂ ਆਪਣੀ ਕਲਾ ਨਾਲ ਲੋਕਾਂ ਨੂੰ ਸੂਹਾ ਚਾਨਣ ਵੰਡਾਂਗੀ।… ਮੁਰਦਾ ਦਿਲਾਂ ਵਿਚ ਰੂਹ ਭਰਾਂਗੀ। ਗੂੰਗੇ  ਜਜ਼ਬਿਆਂ ਨੂੰ ਜਬਾਨ ਦੇਵਾਂਗੀ…’’ ਕਲਾ ਦੀ ਦੇਵੀ ਪੂੰਜੀਪਤੀ ਨੂੰ ਹੋਰ ਕਿੰਨਾਂ ਚਿਰ ਖਰੀਆਂ ਖਰੀਆਂ ਸੁਣਾਉਂਦੀ ਰਹੀ। ਅੰਤ ਲੜਖ਼ੜਾਉਂਦੇ ਕਦਮੀ ਪੂੰਜੀਪਤੀ ਚੁਬਾਰੇ ਦੀਆਂ ਪੌੜੀਆਂ ਉਤਰਿਆ।’ 

WRITTEN BY