ਨਵੀਂ ਦਿੱਲੀ, 30 ਜੁਲਾਈ (ਪੀ. ਟੀ. ਲਾਇਵ)- ਹਾਲ ਹੀ ਦੇ ਦਿਨਾਂ ‘ਚ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦੇ ਘਰ ਕਥਿਤ ਤੌਰ ‘ਤੇ ਜਾਸੂਸੀ ਯੰਤਰ ਪਾਏ ਜਾਣ ਦੀਆਂ ਖ਼ਬਰਾਂ ਦੇ ਬਾਅਦ ਸਿਆਸੀ ਜਗਤ ‘ਚ ਉੱਠੇ ਇਸ ਜਾਸੂਸੀ ਮਾਮਲਾ ਵਿਵਾਦ ਦੇ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਉੱਘੇ ਨੇਤਾਵਾਂ ਨੇ ਹੁਣ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸੁਰੱਖਿਆ ‘ਚ ਤਾਇਨਾਤ ਐਸ. ਪੀ. ਜੀ. ਦੇ ਸੁਰੱਖਿਆ ਕਰਮੀਆਂ ਨੂੰ ਖ਼ੁਦ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਹੈ। ਇਥੇ ਵਰਣਨਯੋਗ ਹੈ ਕਿ ਐਸ. ਪੀ. ਜੀ. ਸੁਰੱਖਿਆ ਕਰਮੀਆਂ ‘ਤੇ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਹੈ।
ਸੂਤਰਾਂ ਅਨੁਸਾਰ ਐਸ. ਪੀ. ਜੀ. ਦੀ ਕਮਾਂਡੋ ਨੂੰ ਪ੍ਰਧਾਨ ਮੰਤਰੀ ਤੋਂ ਦੂਰ ਖੜੇ ਹੋਣ ਨੂੰ ਲੈ ਕੇ ਨਿਰਦੇਸ਼ ਇਸ ਲਈ ਦਿੱਤਾ ਗਿਆ ਹੈ ਤਾਂਕਿ ਕੋਈ ਉਨ੍ਹਾਂ ਦੀਆਂ ਗੁਪਤ ਗੱਲਾਂ ਨਾ ਸੁਣ ਸਕੇ।



