ਬੁਢਲਾਡਾ 29 ਜੁਲਾਈ (ਅਮਨ ਮਹਿਤਾ/ਅਮਿਤ ਜਿੰਦਲ/ਦਵਿੰਦਰ ਕੋਹਲੀ)- ਅੱਜ ਲਗਾਤਾਰ ਪਈ ਤੇਜ ਬਾਰਿਸ਼ ਕਾਰਨ ਜਿੱਥੇ ਗਰਮੀ ਕਾਰਨ ਬੇਹਾਲ ਹੋਏ ਲੋਕਾਂ ਨੂੰ ਰਾਹਤ ਮਿਲੀ ਹੈ ਉਥੇ ਸ਼ਹਿਰ ਦੇ ਮੁੱਖ ਗੰਦੇ ਨਾਲੇ ਨੂੰ ਢੱਕਣ ਦੇ ਕਾਰਨ ਇਸ ਵਾਰ ਸ਼ਹਿਰ ਦੇ ਲੋਕਾਂ ਨੂੰ ਪਹਿਲੀ ਬਾਰਿਸ਼ ਕਾਰਨ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਣ ਲਈ ਮਜਬੂਰ ਹੋਣਾ ਪਿਆ। ਕਿਉਂਕਿ ਮੀਂਹ ਦੇ ਪਾਣੀ ਦਾ ਨਿਕਾਸ ਤੇਜੀ ਨਾਲ ਨਾ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਇਸੇ ਬਾਰਿਸ਼ ਦੇ ਭਾਰੀ ਦਬਾਅ ਦਾ ਖਾਮਿਆਜਾ ਸਥਾਨਕ ਸ਼ਹਿਰ ਦੇ ਬੇਹੱਦ ਭੀੜ ਭੜੱਕੇ ਵਾਲੇ ਮੁੱਖ ਨੰਬਰਾਂ ਵਾਲੇ ਬਾਜਾਰ ਦੇ ਦੁਕਾਨਦਾਰਾਂ ਨੂੰ ਭੁਗਤਨਾ ਪਿਆ। ਭਾਰੀ ਬਾਰਿਸ਼ ਕਾਰਨ ਇਹ ਪਾਣੀ ਇਸ ਬਾਜਾਰ ‘ਚ ਸਥਿਤ ਕਈ ਨੀਵੀਂ
ਦੁਕਾਨਾਂ ਦੀ ਆਖਰੀ ਪੌੜੀ ਨੂੰ ਛੂਹ ਰਿਹਾ ਸੀ ਉਥੇ ਕਈ ਦੁਕਾਨਾਂ ਵਿੱਚ ਪਾਣੀ ਵੀ ਭਰ ਗਿਆ। ਕਈ ਕਈ ਫੁੱਟ ਜਮ੍ਹਾਂ ਹੋਏ ਪਾਣੀ ਵਿੱਚ ਵਹੀਕਲਾਂ ਦੀਆਂ ਛੱਲਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬੁਰੀ ਤਰ੍ਹਾਂ ਘਬਰਾਏ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਜਿੱਥੇ ਵਹੀਕਲ ਹੋਲੀ ਚਲਾਉਣ ਮਿਨਤਾ ਤਰਲੇ ਕੀਤੇ ਉਥੇ ਕਈ ਦੁਕਾਨਦਾਰਾਂ ਨੇ ਰਸਤੇ ਵਿੱਚ ਵੱਖ ਵੱਖ ਤਰ੍ਹਾਂ ਅਵਰੋਧਕ ਲਗਾ ਕੇ ਰਸਤਾ ਬੰਦ ਕਰ ਦਿੱਤਾ। ਕਈ ਦੁਕਾਨਾਂ ਵਿੱਚ ਮਾਲਕਾਂ ਦੇ ਬੈਠਣ ਦੀ ਜਗ੍ਹਾਂ ਤੱਕ ਨਹੀਂ ਬਚੀ ਸੀ। ਇਸ ਤੋਂ ਇਲਾਵਾ ਸ਼ਹਿਰ ਦਾ ਲਗਭਗ ਹਰੇਕ ਹਿੱਸਾ ਜਲ ਥਲ ਹੋਇਆ ਜਾਪ ਰਿਹਾ ਸੀ। ਉਚਾਈ ਵਾਲੇ ਇਲਾਕਿਆਂ ਦਾ ਪਾਣੀ ਬੜੀ ਤੇਜੀ ਨਾਲ ਚੌੜੀ ਗਲੀ ਮੁਹੱਲਾ, ਪੰਜਾਬ ਨੈਸ਼ਨਲ ਬੈਂਕ ਰੋਡ, ਨੰਬਰਾਂ ਵਾਲਾ ਬਾਜਾਰ, ਰੇਲਵੇ ਰੋਡ ਤੋਂ ਹੁੰਦਾ ਅਨਾਜ ਮੰਡੀ ਵਿੱਚ ਜਮ੍ਹਾਂ ਹੋ ਗਿਆ। ਉਪਰੋਕਤ ਬਜਾਰ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਲੋਕਾਂ ਨੇ ਅਵਰੋਧਕ ਲਗਾ ਕੇ ਟ੍ਰੇਫਿਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਾਰਿਸ਼ ਤੋਂ ਬਾਅਦ ਵੀ ਸ਼ਹਿਰ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਲੋਕਾਂ ਨੂੰ ਆਉਣ ਜਾਉਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।



