ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 29 ਜੁਲਾਈ- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਨਪੁੱਟ ਟੈਕਸ ਕਰੈਡਿਟ (ਆਈ. ਟੀ. ਸੀ.) ਹਾਸਲ ਕਰਨ ਲਈ ਪੰਜਾਬ ਵੈਟ ਐਕਟ 2005 ਦੇ ਸੈਕਸ਼ਨ 13 (1) ਵਿੱਚ ਕੀਤੀ ਸੋਧ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਨੂੰ ਇਸ ਸਬੰਧੀ ਆਰਡੀਨੈਂਸ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਇਸ ਬਾਰੇ ਅਗਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਹਿਮਤੀ ਲਈ ਜਾ ਸਕੇ। ਉਪ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਹਾਲ ਹੀ ਵਿੱਚ ਉਪ ਮੁੱਖ ਮੰਤਰੀ ਨੂੰ ਮਿਲੀਆਂ ਸਨ ਅਤੇ ਵਪਾਰੀਆਂ ਦੇ ਵਫਦ ਨੇ ਅਜਿਹੇ ਸੁਝਾਅ ਦਿੱਤੇ ਸਨ ਜਿਨ੍ਹਾਂ ਨੂੰ ਲਾਗੂ ਕਰ ਕੇ ਵੈਟ ਦੀ ਚੋਰੀ ਨੂੰ ਰੋਕਿਆ
ਜਾ ਸਕਦਾ ਹੈ। ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਸ. ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਆਬਾਕਾਰੀ ਤੇ ਕਰ ਵਿਭਾਗ ਦਾ ਚਾਰਜ ਵੀ ਹੈ, ਨੇ ਵਿਭਾਗ ਨੂੰ ਟੈਕਸ ਰਿਟਰਨਾਂ ਦਾਖਲ ਕਰਨ ਦੀ ਮਿਤੀ 20 ਅਗਸਤ ਤੱਕ ਵਧਾਉਣ ਅਤੇ ਵਪਾਰੀਆਂ ਨੂੰ ਪਿਛਲੇ ਸਾਲ ਵਾਂਗ ਹੀ ਰਿਟਰਨ ਭਰਨ ਦੀ ਸਹੂਲਤ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਸੂਬਾ ਸਰਕਾਰ ਇਕ ਆਰਡੀਨੈਂਸ ਰਾਹੀਂ ਪੰਜਾਬ ਵੈਟ ਐਕਟ ਦੀ ਧਾਰਾ 13 (1) ਵਿੱਚ ਸੋਧ ਕਰੇਗੀ। ਜ਼ਿਕਰਯੋਗ ਹੈ ਕਿ ਇਨਪੁੱਟ ਟੈਕਸ ਕਰੈਡਿਟ ਇਕ ਅਜਿਹੀ ਛੋਟ ਹੈ ਜੋ ਸੂਬਾ ਸਰਕਾਰ ਵੱਲੋਂ ਵਪਾਰੀਆਂ ਨੂੰ ਸਹੂਲਤ ਲਈ ਸੂਬੇ ਦੀ ਹੱਦ ਅੰਦਰ ਵਸਤੂਆਂ ਦੀ ਖਰੀਦ ਜਾਂ ਵੇਚ ਉਪਰ ਆਊਟਪੁੱਟ ਟੈਕਸ ਦੇਣਦਾਰੀਆਂ ਦੇ ਮੁਕਾਬਲੇ ਵਿੱਚ ਦਿੱਤੀ ਜਾਂਦੀ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਪੰਜਾਬ ਮੰਤਰੀ ਮੰਡਲ ਨੇ ਪੂਰੀ ਸਹਿਮਤੀ ਨਾਲ ਪੰਜਾਬ ਵੈਟ ਐਕਟ ਦੇ ਸੈਕਸ਼ਨ 13 (1) ਵਿੱਚ ਸੋਧ ਕਰਨ ਦੀ ਸਹਿਮਤੀ ਦੇ ਦਿੱਤੀ ਸੀ ਅਤੇ ਇਸ ਸੋਧ ਨੂੰ ਪਿੱਛੇ ਜਿਹੇ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਨੇ ਵੀ ਸਰਵਬੰਮਤੀ ਨਾਲ ਪਾਸ ਕਰ ਦਿੱਤਾ ਸੀ। ਪੰਜਾਬ ਵਿੱਚ ਕਰਾਂ ਦੀ ਵੱਡੇ ਪੱਧਰ ’ਤੇ ਹੁੰਦੀ ਚੋਰੀ ਰੋਕਣ ਦੇ ਮਨਸ਼ੇ ਨਾਲ ਆਈ.ਟੀ.ਸੀ. ਵਿੱਚ ਇਹ ਨਵੀਂ ਸੋਧ ਲਿਆਂਦੀ ਗਈ ਸੀ ਬਸ਼ਰਤੇ ਇਹ ਵਸਤੂਆਂ ਸੂਬੇ ਅੰਦਰ ਹੀ ਵੇਚੀਆਂ ਹੋਣ ਜਾਂ ਇਨ੍ਹਾਂ ਦੀ ਵਰਤੋਂ ਸੂਬੇ ਵਿੱਚ ਵੇਚੀਆਂ ਜਾਣ ਵਾਲੀਆਂ ਵਸਤਾਂ ਵਿੱਚ ਹੋਈ ਹੋਵੇ। ਵੈਟ ਐਕਟ ਵਿੱਚ ਸੋਧ ਕਰਨ ਦਾ ਮੁੱਖ ਪਹਿਲੂ ਇਹ ਸੀ ਕਿ ਬੋਗਸ ਬਿੱਲਾਂ ਰਾਹੀਂ ਹੁੰਦੀ ਟੈਕਸ ਦੀ ਚੋਰੀ ਨੂੰ ਰੋਕਿਆ ਜਾ ਸਕੇ। ਗੌਰਤਲਬ ਹੈ ਕਿ ਆਬਕਾਰੀ ਵਿਭਾਗ ਕੋਲ ਕੁੱਲ 2,49,421 ਵਪਾਰੀ ਰਜਿਸਟਰਡ ਹਨ ਜਿਨ੍ਹਾਂ ਵਿੱਚੋਂ ਸਿਰਫ 1063 ਵਪਾਰੀ ਪ੍ਰਤੀ ਸਾਲ 1 ਕਰੋੜ ਰੁਪਏ ਤੋਂ ਵੱਧ ਟੈਕਸ ਅਦਾ ਕਰਦੇ ਹਨ ਜਿਹੜੀ ਕਿ ਪੰਜਾਬ ਵਿੱਚ ਵੈਟ ਦੀ ਕੁੱਲ ਪ੍ਰਾਪਤੀ ਦਾ 85 ਫੀਸਦੀ ਬਣਦਾ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਕੁੱਲ ਵਪਾਰੀਆਂ ਵਿੱਚੋਂ ਸਿਰਫ਼ 72,370 ਵਪਾਰੀਆਂ ਨੇ ਹੀ 1 ਲੱਖ ਰੁਪਏ ਤੋਂ ਘੱਟ ਟੈਕਸ ਜਮਾਂ ਕਰਵਾਇਆ ਜਦੋਂ ਕਿ 1,44,758 ਰਜਿਸਟਰਡ ਡੀਲਰਾਂ ਨੇ ਸੂਬਾ ਸਰਕਾਰ ਨੂੰ ਕੋਈ ਟੈਕਸ ਅਦਾ ਨਹੀਂ ਕੀਤਾ।



