ਆਪਸੀ ਮਸਲੇ ਹਲ ਹੋਣ ਤੱਕ ਕੀਤਾ ਜਾਵੇ ਤਕਰਾਰਬਾਜ਼ੀ ਤੋਂ ਗੁਰੇਜ : ਗਿਆਨੀ ਗੁਰਬਚਨ ਸਿੰਘ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਅੰਮ੍ਰਿਤਸਰ , 27 ਜੁਲਾਈ : ਸ਼੍ਰੀ ਅਕਾਲ ਤਖਤ ਸਾਹਿਬ ਨੇ ਐਤਵਾਰ ਨੂੰ ਇਕ ਨਵੇਂ ਦਿਸ਼ਾ-ਨਿਰਦੇਸ਼ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ. ਐੱਸ. ਜੀ. ਪੀ. ਸੀ.) ਦੇ ਨਵੇਂ ਨਿਯੁਕਤ ਅਧਿਕਾਰੀਆਂ ਦੇ ਕੰਮਕਾਜ ‘ਤੇ ਰੋਕ ਲਗਾ ਦਿੱਤੀ। ਸੰਸਥਾ ਨੇ ਇਹ ਨਿਰਦੇਸ਼ ਵੀ ਦਿੱਤਾ ਕਿ ਅੰਮ੍ਰਿਤਸਰ ਸਥਿਤ ਐੱਸ. ਜੀ. ਪੀ. ਸੀ. ਹੀ ਹਰਿਆਣਾ ਦੇ 25 ਵੱਡੇ ਸਿੱਖ ਧਾਰਮਿਕ ਸਥਾਨਾਂ ਦੇ ਰੋਜ਼ਾਨਾ ਦੇ ਕੰਮਕਾਜ ਦਾ ਪ੍ਰਬੰਧਨ ਕਰੇਗੀ, ਜਿਸ ਦੀ ਔਸਤ ਸਲਾਨਾ ਆਮਦਨ 30 ਕਰੋੜ ਰੁਪਏ ਹੈ। ਐੱਸ. ਜੀ. ਪੀ. ਸੀ. ਨੇ ਸਾਰੇ ਸਿੱਖ ਸੰਗਠਨਾਂ ਅਤੇ ਪਾਰਟੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵੱਖਰੀ ਐੱਚ. ਐੱਸ. ਜੀ. ਪੀ. ਸੀ. ਦੇ ਨਿਰਮਾਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੀ ਮਿੱਤਰਤਾ ਪੂਰਨ ਢੰਗਾ ਨਾਲ ਹੱਲ ਕਰਨ ਤੱਕ ਮੀਡੀਆ ਤੋਂ
ਕੋਈ ਬਿਆਨ ਜਾਰੀ ਨਾ ਕੀਤਾ ਜਾਵੇ।ਇਸ ਤੋਂ ਪਹਿਲਾਂ ਪੂਰੇ ਮਾਮਲੇ ‘ਚ ਦਖਲ ਦੇਣ ਵਾਲੇ ਸ਼੍ਰੀ ਅਕਾਲ ਤਖਤ ਨੇ ਕਰਨਾਲ ‘ਚ ਸਿੱਖਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਰੱਦ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਤਵਾਰ ਨੂੰ ਹਰਿਆਣਾ ਦੇ ਸਿੱਖ ਨੇਤਾਵਾਂ ਨੂੰ ਕਿਹਾ ਕਿ ਹਰਿਆਣਾ ‘ਚ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਸੰਭਾਲਣ ਦੀ ਅੰਮ੍ਰਿਤਸਰ ਸਥਿਤ ਐੱਸ. ਜੀ. ਪੀ. ਸੀ. ਦੀ ਪ੍ਰਸ਼ਾਸਨਿਕ ਵਿਵਸਥਾ ‘ਚ ਰੁਕਾਵਟ ਨਾ ਪਾਈ ਜਾਵੇ। ਸ਼੍ਰੀ ਅਕਾਲ ਤਖਤ ਦੇ ਪ੍ਰਮੁੱਖ ਨੇ ਤਾਜਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੇਂ ਨਿਯੁਕਤ 11 ਮੈਂਬਰੀ ਕਮੇਟੀ ਦੇ ਕੰਮਕਾਜ ‘ਤੇ ਰੋਕ ਲਗਾ ਦਿੱਤੀ, ਜਿਸ ‘ਚ ਮੁਖੀ ਜਗਦੀਸ਼ ਸਿੰਘ ਝੀਂਡਾ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹਨ। ਵੱਖਰੀ ਹਰਿਆਣਾ ਕਮੇਟੀ ਦੀ ਸਥਾਪਨਾ ਕਾਰਨ ਆਹਮੋ ਸਾਹਮਣੇ ਆ ਗਈਆਂ ਪੰਥਕ ਧਿਰਾਂ ਨੂੰ ਰੋਕਣ ਲਈ ਕੱਲ੍ਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ਾਰੀ ਹੁਕਮਾਂ ਤਹਿਤ ਅੰਮ੍ਰਿਤਸਰ ਤੇ ਕਰਨਾਲ ਦੇ ਪੰਥਕ ਸੰਮੇਲਨ ਰੱਦ ਕਰ ਦਿੱਤੇ ਸਨ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਰੰਭੇ ਯਤਨਾ ਨੂੰ ਸਫ਼ਲ ਕਰਨ ਲਈ ਜ਼ਰੂਰੀ ਹੈ ਕਿ ਮਸਲੇ ਦਾ ਹਲ ਹੋਣ ਤੱਕ ਸਾਰੀਆਂ ਧਿਰਾਂ ਕਿਸੇ ਵੀ ਤਕਰਾਰ ਬਾਜੀ ਤੋਂ ਗੁਰੇਜ਼ ਕਰਨ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜ਼ਾਰੀ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਤਕਰਾਰ ਪੈਦਾ ਕਰਨ ਵਾਲੀ ਮੱਦ ਨਾ ਅਪਨਾਵੇ। ਸਿੰਘ ਸਾਹਿਬ ਨੇ ਇਸ ਦੇ ਨਾਲ ਹੀ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਹੀ ਚਲਾਉਣ ਬਾਰੇ ਆਦੇਸ਼ ਕੀਤੇ ਹਨ। ਬੇਸ਼ੱਕ ਅੱਜ ਜ਼ਾਰੀ ਕੀਤੇ ਉਕਤ ਆਦੇਸ਼ਾਂ ਦਾ ਮਨੋਰਥ ਸਿੱਧੀ ਨਜ਼ਰੇ ਪੰਥਕ ਧਿਰਾਂ ਦਾ ਧੰਨਵਾਦ ਹੀ ਨਜ਼ਰ ਆਉਂਦਾ ਹੈ ਪਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੂਬਹੂ ਰੱਖਣ ਸਬੰਧੀ ਹੁਕਮ ਹਰਿਆਣਾ ਕਮੇਟੀ ਦੀ ਸਥਾਪਨਾ ‘ਤੇ ਮੁੜ ਪ੍ਰਸ਼ਨ ਚਿੰਨ ਲਗਾਉਂਦੇ ਹਨ।
ਜ਼ਾਰੀ ਆਦੇਸ਼ਾਂ ‘ਚ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਧਾ ਜਿਕਰ ਨਹੀਂ ਕੀਤਾ ਗਿਆ ਪਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਹਿਲਾਂ ਵਾਂਗ ਰੱਖਣ ਦਾ ਅਸਿੱਧਾ ਮਤਲਬ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜ਼ਾਰੀ ਰੱਖਣਾ ਲੱਗਦਾ ਹੈ। ਸਿੰਘ ਸਾਹਿਬ ਵੱਲੋਂ ਨਵੀਂ ਕਮੇਟੀ ਦੇ ਪੰਥ ‘ਚੋਂ ਛੇਕੇ ਜਾ ਚੁੱਕੇ ਅਹੁਦੇਦਾਰਾਂ ਅਤੇ ਕਮੇਟੀ ਦੀ ਪ੍ਰਮਾਣਿਕਤਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਤੇ ਹੁਕਮਾਂ ‘ਚ ਸਿਰਫ਼ ਗੁਰਦੁਆਰਾ ਪ੍ਰਬੰਧਾਂ ਨੂੰ ਹੀ ਬਿਆਨਿਆ ਗਿਆ ਹੈ।



