ਮਾਛੀਵਾੜਾ ਸਾਹਿਬ, 22 ਜੁਲਾਈ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਮਰਾਲਾ ਵਿਚ ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪਾਰਟੀ ਵੱਲੋਂ ਜੇਤੂ ਉਮੀਦਵਾਰਾਂ ਦੇ ਸਨਮਾਨ ਸਮਾਰੋਹ ਦੇ ਰੂਪ ਵਿਚ ਰੱਖਿਆ ਹਲਕਾ ਪੱਧਰ ਦਾ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ 27 ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹੋਵੇਗਾ ਜਿੱਥੇ ਇਸ ਹਲਕੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਕਮੇਟੀ ਦੇ ਮੈਂਬਰ ਜਥੇ. ਕ੍ਰਿਪਾਲ ਸਿੰਘ ਖੀਰਨੀਆਂ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਇੱਕ ਲਾਮਿਸਾਲ ਇਕੱਠ ਦਿਖਾ ਕੇ ਇਹ ਦਿਖਾਉਣਗੇ ਕਿ ਹਲਕੇ ਵਿਚ ਅਕਾਲੀ ਦਲ ਦਾ ਕਿਲਾ ਹੁਣ ਬਹੁਤ ਮਜ਼ਬੂਤ ਹੋ ਗਿਆ ਹੈ।

ਅੱਜ ਇਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਇਲਾਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਇਸ ਸਮਾਰੋਹ ਦੀ ਸਫ਼ਲਤਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖੀਰਨੀਆਂ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਪਿੰਡਾਂ ਵਿਚ ਜਿੱਤੇ ਸਰਪੰਚ, ਪੰਚਾਇਤ ਮੈਂਬਰ, ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਜਿੱਥੇ ਸਨਮਾਨ ਕੀਤਾ ਜਾਵੇਗਾ ਉਥੇ ਅਕਾਲੀ ਹਾਈ ਕਮਾਂਡ ਦੀ ਲੀਡਰਸ਼ਿਪ ਜਿਸ ਵਿਚ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ, ਜ਼ਿਲ੍ਹਾ ਜਥੇ. ਸੰਤਾ ਸਿੰਘ ਉਮੈਦਪੁਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੋਂ ਇਲਾਵਾ ਹੋਰ ਕਈ ਆਗੂ ਜੇਤੂ ਉਮੀਦਵਾਰਾਂ ਨੂੰ ਪਿੰਡਾਂ ਦੀ ਤਰੱਕੀ ਲਈ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਸ਼ਾ ਨਿਰਦੇਸ਼ ਦੇਣਗੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ. ਕ੍ਰਿਪਾਲ ਸਿੰਘ ਖੀਰਨੀਆਂ ਨੇ ਅਕਾਲੀ ਆਗੂਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਲਕੇ ਵਿਚ ਜਿੰਨੇ ਵੀ ਪਾਰਟੀ ਸਮਰਥਕ ਸਰਪੰਚ ਜਾਂ ਪੰਚਾਇਤ ਮੈਂਬਰ ਹਨ ਉਨਾਂ ਦੀ ਸਮਾਰੋਹ ਵਿਚ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਹਜਾਰਾਂ ਦਾ ਇਹ ਇਕੱਠ ਜਿੱਥੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਦੱਸ ਦੇਵੇ ਕਿ ਹੁਣ ਅਕਾਲੀ ਦਲ ਨੂੰ ਢਾਹ ਲਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਉਥੇ ਅਕਾਲੀ ਹਾਈ ਕਮਾਂਡ ਵੀ ਹਲਕੇ ਵਿਚ ਪਾਰਟੀ ਦੀ ਚੜ੍ਹਤ ਨੂੰ ਅੱਖੀਂ ਦੇਖ ਇਸ ਹਲਕੇ ਦੇ ਵਿਕਾਸ ਲਈ ਰੱਜ ਕੇ ਗਰਾਂਟਾਂ ਦੇ ਗੱਫੇ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਸਰਕਲ ਜਥੇ. ਹਰਜੀਤ ਸਿੰਘ ਸ਼ੇਰੀਆਂ, ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਜਾਤੀਵਾਲ, ਹਰਦੀਪ ਸਿੰਘ ਬਹਿਲੋਲਪੁਰ, ਚਰਨਜੀਤ ਸਿੰਘ ਲੱਖੋਵਾਲ, ਮਹਿੰਦਰ ਸਿੰਘ ਈਸਾਪੁਰ, ਜੋਗਿੰਦਰ ਸਿੰਘ ਪੋਲਾ (ਸਾਰੇ ਬਲਾਕ ਸੰਮਤੀ ਮੈਂਬਰ), ਜਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸਿੰਘ ਰਹੀਮਾਂਬਾਦ, ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਟਕਸਾਲੀ ਆਗੂ ਬਲਬੀਰ ਸਿੰਘ ਟਾਂਡਾ, ਕਰਨੈਲ ਸਿੰਘ ਢਿੱਲੋਂ ਆੜ੍ਹਤੀ, ਪਰਮਿੰਦਰ ਸਿੰਘ ਗੁਲਿਆਣੀ, ਕੌਂਸਲਰ ਜਗਦੀਸ਼ ਸਿੰਘ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਗਰੇਵਾਲ, ਉਪਜਿੰਦਰ ਸਿੰਘ ਔਜਲਾ, ਸ਼ਿਵ ਕੁਮਾਰ ਸ਼ਿਵਲੀ, ਜਥੇ. ਦਲਬੀਰ ਸਿੰਘ ਖੁਰਾਣਾ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਕੁਟਾਲਾ ਬੇਟ, ਨਛੱਤਰ ਸਿੰਘ ਬੌਂਦਲੀ ਆਦਿ ਵੀ ਮੌਜੂਦ ਸਨ।
ਅਕਾਲੀ ਦਲ ਵੱਲੋਂ ਹਲਕਾ ਪੱਧਰ ਦਾ ਸ਼ਕਤੀ ਪ੍ਰਦਰਸ਼ਨ 27 ਨੂੰ



