ਸੁਨੀਲ ਕਟਾਰੀਆ
ਸੰਪਰਕ : 98768 53253
ਗੀਤ ‘ਕਾਲੇ ਰੰਗ ਦਾ ਯਾਰ’ ਤੋਂ ਮਕਬੂਲ ਹੋਇਆ ਨੌਜਵਾਨ ਗਾਇਕ ਕੁਲਵਿੰਦਰ ਬਿੱਲਾ ਮੇਰੀ ਨਜ਼ਰ ’ਚ ਪੰਜਾਬੀ ਯੂਨੀਵਰਸਿਟੀ ਵਾਲਾ ਬਿੱਲਾ ਹੋਣ ਕਰਕੇ ਜਿਆਦਾ ਅਹਿਮ ਹੈ, ਉਹ ਇਸ ਕਰਕੇ ਕਿਓਕਿ ਪੰਜਾਬੀ ਯੂਨੀਵਰਸਿਟੀ ਦੀ ਰਹਿਮਤ ਹਮੇਸ਼ਾ ਹੀ ਉਸ ’ਤੇ ਬਣੀ ਰਹੀ ਹੈ। ਇੰਟਰਨੈਟ ਰਾਹੀਂ ਮਕਬੂਲ ਹੋਏ ਬਿੱਲੇ ਨੇ ਆਪਣੀ ਪਹਿਲੀ ਐਲਬਮ ‘ਕੋਈ ਖ਼ਾਸ’ ਰਾਹੀਂ ਹੀ ਸੰਗੀਤ ਜਗਤ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਲਿਆ। ਬਿੱਲੇ ਨੂੰ ਮਾਣ ਹੈ ਕਿ ਉਸ ਦੇ ਗੀਤ ‘ਮੇਰਾ ਦੇਸ ਹੋਵੇ ਪੰਜਾਬ’ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਹੋਰਾਂ ਨੇ ਵੀ ਬੇਹਦ ਪਸੰਦ ਕੀਤਾ ਤੇ ਉਸ ਦੇ ਇਸ ਗੀਤ ਨੂੰ ਅਵਾਜ਼ ਦੇ ਕੇ ਸਟੇਜ ਵੀ ਸਾਂਝੀ ਕੀਤੀ। ਬਿੱਲਾ ਚੰਗੀ ਸੂਰਤ ਦੇ ਨਾਲ ਨਾਲ ਬਿਹਤਰੀਨ ਸੀਰਤ ਦਾ ਵੀ ਧਨੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਪੜਦਿਆਂ ਸੰਗੀਤ ਲਈ ਉਸਦੇ ਜਨੂੰਨ ਨੂੰ ਨੇੜਿਓ ਜਾਨਣ ਦਾ ਮੌਕਾ ਵੀ ਮੈਨੂੰ ਹਾਸਿਲ ਹੋਇਆ ਹੈ। ਇਸ ਵੇਲੇ ਉਸਦਾ ਇੱਕ ਗੀਤ ‘ਸੰਗਦੀ-ਸੰਗਦੀ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪ੍ਰਾਈਵੇਟ ਸ਼ੋਅਜ਼ ’ਚ ਗਾਉਣ ਤੋਂ ਬਾਅਦ ਇੰਟਰਨੇਟ ’ਤੇ ਬੇਹਦ ਮਕਬੂਲ ਹੋ ਚੁੱਕਿਆ ਹੈ ਅਤੇ ਚਰਚਾ ’ਚ ਹੈ। ਮਾਨਸਾ ਜਿਲੇ ਦੇ ਪਿੰਡ ਹਮੀਰਗੜ ਢੈਪਈ ਦਾ ਜੰਮਪਲ ਕੁਲਵਿੰਦਰ ਆਪਣੇ ਕਲਾਤਮਕ ਵਿਕਾਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਬੇਹਦ ਯੋਗਦਾਨ ਮੰਨਦਾ ਹੈ। ਬਿੱਲੇ ਦੀ ਆਪਣੇ ਗੀਤ ਦੇ ਬੋਲਾਂ ਵਾਂਗ ਹੀ ਪੰਜਾਬ ਦੀ ਧਰਤੀ ’ਤੇ ਮੁੜ ਜਨਮ ਲੈਣ ਦੀ ਤਮੰਨਾ ਹੈ।ਪੰਜਾਬੀ ਯੂਨੀਵਰਸਿਟੀ ਨਾਲ ਬਿੱਲੇ ਦਾ ਰਾਬਤਾ ਤੇ ਰਿਸ਼ਤਾ ਤਾਂ ਐਸ ਡੀ ਕਾਲਜ, ਬਰਨਾਲਾ ’ਚ ਗਰੈਜੁਏਸ਼ਨ ਕਰਨ ਵੇਲੇ ਤੋਂ ਹੀ ਸ਼ੁਰੂ ਹੋ ਚੁੱਕਿਆ ਸੀ। ਯੂਥ ਫੈਸਟੀਵਲਾਂ ’ਚ ਹਿੱਸਾ ਲੈਣ ਕਰਕੇ ਯੂਨੀਵਰਸਿਟੀ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਤੇ ਇਸ ਦੌਰਾਨ ਯੂਨੀਵਰਸਿਟੀ ਰਹਿਣ ਦਾ ਮੌਕਾ ਵੀ ਅਕਸਰ ਬਿੱਲੇ ਨੂੰ ਮਿਲਦਾ ਰਿਹਾ। ਹਾਲਾਂਕਿ ਬੀ ਏ ਮੁਕੰਮਲ ਹੋਣ ਤਕ ਬਿੱਲਾ
ਆਰਜੀ ਤੌਰ ’ਤੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਸਨੀਕ ਰਿਹਾ, ਪਰ 2005 ’ਚ ਉਸਨੂੰ ਯੂਨੀਵਰਸਿਟੀ ’ਚ ਪੱਕੇ ਤੌਰ ’ਤੇ ਪੀ ਆਰ ਹਾਸਿਲ ਹੋ ਗਈ, ਭਾਵ ਦਾਖਲਾ ਮਿਲ ਗਿਆ। ਬਿੱਲਾ ਹਾਲੇ ਵੀ ਹਾਸੇ-ਹਾਸੇ ’ਚ ਗੱਲਾਂ ਕਰਦਿਆਂ ਯੂਨੀਵਰਸਿਟੀ ’ਚ ਅਡਮੀਸ਼ਨ ਹੋਣ ਨੂੰ ਪੀ ਆਰ ਹੀ ਦੱਸਦਾ ਹੈ। 2005 ’ਚ ਉਸਨੇਂ ਐਮ ਏ (ਵੋਕਲ) ’ਚ ਦਾਖਲਾ ਲਿਆ ਤੇ ਫਿਰ ਸ਼ੁਰੂ ਹੋਇਆ ਕੁਲਵਿੰਦਰ ਜੱਸਰ ਤੋਂ ਕੁਲਵਿੰਦਰ ਬਿੱਲਾ ਬਣਨ ਦਾ ਅਸਲੀ ਸਫ਼ਰ। ਐਮ ਏ ਕਰਦਿਆਂ ਹੀ ਅਕਸਰ ਯੂਨੀਵਰਸਿਟੀ ’ਚ ਸਾਹਿਤ ਤੇ ਕਲਾ ਨਾਲ ਜੁੜੇ ਲੋਕਾਂ ਨੂੰ ਲੈ ਕੇ ਸੰਗੀਤਕ ਮਹਿਫ਼ਲਾ ਕਿਸੇ ਨਾ ਕਿਸੇ ਬਹਾਨੇ ਚਲਦੀਆਂ ਹੀ ਰਹਿੰਦੀਆਂ ਸਨ ਤੇ ਇਹਨਾਂ ਮਹਿਫ਼ਲਾਂ ਦੇ ਬਹਾਨੇ ਹੀ ਕੁਲਵਿੰਦਰ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ।
‘ਕਾਲੇ ਰੰਗ ਦਾ ਯਾਰ’ ਤੇ ਬਲੂਟੱਥ ਵਾਲਾ ਸਿੰਗਰ
ਗੱਲ 2007 ਦੀ ਹੈ, ਜਦੋਂ ਕੁਲਵਿੰਦਰ ਯੂਨੀਵਰਸਿਟੀ ਦੀ ਕਿਸੇ ਮਹਿਫ਼ਲ ’ਚ ਗੁਰਚੇਤ ਫੱਤੇਵਾਲੀਆ ਦੇ ਗੀਤ ‘ਕਾਲੇ ਰੰਗ ਦਾ ਯਾਰ’ ਨੂੰ ਗਾ ਰਿਹਾ ਸੀ ਤੇ ਇਸ ਮਹਿਫ਼ਲ ’ਚ ਉਸ ਵੇਲੇ ਦੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਵੀ ਮੌਜੂਦ ਸਨ। ਬੋਪਾਰਾਏ ਬਿੱਲੇ ਦਾ ਇਹ ਗੀਤ ਪਹਿਲਾਂ ਵੀ ਸੁਣ ਚੁੱਕੇ ਸਨ ਤੇ ਉਸ ਦਿਨ ਉਹਨਾਂ ਬਿੱਲੇ ਨੂੰ ਆਪਣੇ ਇਸ ਗੀਤ ਨੂੰ ਰਿਕਾਰਡ ਕਰਵਾ ਕੇ ਉਹਨਾਂ ਨੂੰ ਦੇਣ ਲਈ ਕਿਹਾ। ਬਿੱਲੇ ਨੇ ਕਿਸੇ ਤਰੀਕੇ ਇਸ ਗੀਤ ਨੂੰ ਡੰਮੀ ਦੇ (ਆਰਜੀ) ਤੌਰ ’ਤੇ ਤਿਆਰ ਕਰ ਲਿਆ ਤੇ ਉਸ ਵੇਲੇ ਦੇ ਵੀ ਸੀ ਬੋਪਾਰਾਏ ਹੋਰਾਂ ਨੂੰ ਦੇ ਦਿੱਤਾ। ਉਸਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਕਈ ਯੂਵਕ ਮੇਲਿਆਂ ’ਚ ਵੀ ਬਿੱਲੇ ਨੂੰ ਕਈ ਵਾਰ ਇਹ ਗੀਤ ਗਾਉਂਦੇ ਸੁਣਿਆ ਤੇ ਦੇਖਿਆ ਹੈ ਅਤੇ ਹਰ ਵਾਰ ਹੁੰਗਾਰਾ ਪਹਿਲਾਂ ਨਾਲੋ ਵੱਧ ਹੀ ਮਿਲਦਾ ਰਿਹਾ ਹੈ। ਸਾਨੂੰ ਯਾਦ ਹੈ ਕਿ ਉਸ ਵੇਲੇ ਬਲੂਟੁੱਥ ਵਾਲੇ ਮੌਬਾਈਲ ਫੋਨ ਬਹੁਤ ਘੱਟ ਹੋਇਆ ਕਰਦੇ ਸਨ ਤੇ ਉਸ ਵੇਲੇ ਕਿਸੇ ਤਰੀਕੇ ਬਿੱਲੇ ਦਾ ਇਹ ਗੀਤ ਬਲੂਟੱਥ ਰਾਹੀਂ ਕਿਸੇ ਦੇ ਫੋਨ ’ਚ ਆ ਗਿਆ ਤੇ ਬਸ ਫ਼ਿਰ ਸ਼ੁਰੂ ਹੋ ਗਿਆ ਬਿੱਲੇ ਦੇ ਗੀਤ ਦਾ ਸੰਗੀਤ ਪ੍ਰੇਮੀਆਂ ਤਕ ਪਹੁੰਚਨਾ। ਮੋਬਾਈਲ ਫੋਨ ’ਚ ਆਈ ਬਲੂਟੁੱਥ ਦੀ ਨਵੀਂ ਤਕਨੀਕ ਦਾ ਲੋਕਾਂ ’ਚ ਕਰੇਜ਼ ਵੀ ਸੀ ਤੇ ਦੂਜਾ ਬਿੱਲੇ ਦੀ ਕਮਾਲ ਦੀ ਅਵਾਜ਼ ਦਾ ਜਾਦੂ। ਗੀਤ ‘ਕਾਲੇ ਰੰਗ ਦਾ ਯਾਰ’ ਲੋਕਾਂ ਦੇ ਮੋਬਾਈਲ ਫੋਨਾਂ ’ਚ ਇਸ ਤਰੀਕੇ ਨਾਲ ਪਹੁੰਚਿਆ ਕਿ ਲੋਕਾਂ ਨੂੰ ਗਾਇਕ ਤਕ ਦਾ ਨਾਂ ਨਹੀਂ ਸੀ ਪਤਾ, ਤੇ ਸੁਨਣ ਵਾਲਿਆਂ ਨੇ ਆਪੋ ਆਪਣੇ ਅੰਦਾਜੇ ਲਗਾਉਣੇ ਸ਼ੁਰੂ ਕਰ ਦਿੱਤੇ, ਕੋਈ ਕਹਿਣ ਲੱਗਿਆ ਇਹ ਅਵਾਜ਼ ਫਲਾਨੇ ਗਾਇਕ ਦੀ ਹੈ ਤੇ ਕੋਈ ਕੁਝ। ਪਰ ਦੂਜੇ ਪਾਸੇ ਵੱਖ-ਵੱਖ ਤਸਵੀਰਾਂ ਨਾਲ ਸਜਿਆ ਉਸਦੇ ਇਸ ਗੀਤ ਦਾ ਇੱਕ ਵੀਡਿਓ ਯੂ ਟਿਊਬ ’ਤੇ ਵੀ ਪਹੁੰਚ ਗਿਆ ਸੀ। ਉਸ ਤਸਵੀਰਾਂ ਵਾਲੀ ਵੀਡਿਓ ਰਾਹੀਂ ਹੀ ਲੋਕਾਂ ਨੂੰ ਇਸ ਗੀਤ ਦੇ ਗਾਇਕ ਕੁਲਵਿੰਦਰ ਬਿੱਲਾ ਬਾਰੇ ਜਾਣਕਾਰੀ ਹੋਣ ਲੱਗੀ। ਯੂ ਟਿਊਬ ਰਾਹੀਂ ਮਕਬੂਲ ਹੋਏ ਬਿੱਲੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਟਰਨੇਟ ਤੇ ਟੈਕਨੌਲਜੀ ਕਰਕੇ ਇਹਨੀਂ ਮਕਬੂਲਿਅਤ ਹਾਸਿਲ ਕਰੇਗਾ। ਬਲੂਟੱਥ ਤੇ ਯੂ ਟਿਊਬ ਰਾਹੀਂ ਮਕਬੂਲ ਹੋਇਆ ਬਿੱਲਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸਨੂੰ ਗੁਰਚੇਤ ਫੱਤੇਵਾਲੀਆ ਦਾ ਗੀਤ ‘ਕਾਲੇ ਰੰਗ ਦਾ ਯਾਰ’ ਗਾਉਣ ਦਾ ਮੌਕਾ ਮਿਲਿਆ ਤੇ ਇਸ ਗੀਤ ਨੇ ਉਸਨੂੰ ਸੰਗੀਤਕ ਦੁਨੀਆ ਦੇ ਵਿੱਚ ਪਛਾਣ ਦਿੱਤੀ। ਇਹੀ ਨਹੀਂ ਬਿੱਲਾ ਹਾਸੇ-ਹਾਸੇ ’ਚ ਇਹੀ ਵੀ ਕਹਿੰਦਾ ਹੈ ਕਿ ‘‘ਮੈਂ ਬਲੂਟੁੱਥ ਵਾਲਾ ਸਿੰਗਰ ਹਾਂ’’।
ਰਿਕਾਰਡ ਹੋਣ ਲੱਗਿਆ ਬਿੱਲਾ
ਯੂ ਟਿਊਬ ’ਤੇ ‘ਕਾਲੇ ਰੰਗ ਦਾ ਯਾਰ’ ਦੇ ਲੱਖਾਂ ਵਿਊਜ਼ ਹੋਣ ਤੋਂ ਬਾਅਦ ਬਿੱਲੇ ਨਾਲ ਜਪਸ ਮਿਊਜ਼ਿਕ ਕੰਪਨੀ ਨੇ ਸੰਪਰਕ ਕੀਤਾ ਤੇ ਇਸ ਗੀਤ ਨੂੰ ਰਿਕਾਰਡ ਕਰਕੇ ਰਿਲੀਜ਼ ਕਰਨ ਦੀ ਪੇਸ਼ਕਸ਼ ਰੱਖੀ। 2010 ’ਚ ਗੀਤ ਇੱਕ ਵੀਡਿਓ ਦੇ ਨਾਲ ਰਿਲੀਜ਼ ਹੋਇਆ ਤੇ ਸੰਗੀਤ ਦੀ ਦੁਨੀਆ ’ਚ ਕੁਲਵਿੰਦਰ ਬਿੱਲੇ ਦਾ ਨਾਂ ਨੌਜਵਾਨ ਗਾਇਕਾਂ ਦੀ ਪਹਿਲੀ ਲਿਸਟ ’ਚ ਸ਼ਾਮਿਲ ਹੋ ਗਿਆ। ਕੰਪਨੀ ਨੂੰ ਬਿੱਲੇ ਦੀ ਅਵਾਜ਼ ਬੇਹਦ ਪਸੰਦ ਆਈ ਤੇ ਆਖ਼ਿਰਕਾਰ ਕੰਪਨੀ ਨੇ ਬਿੱਲੇ ਦੀ ਪਹਿਲੀ ਐਲਬਮ ਉਸੇ ਸਾਲ ਹੀ ਕੱਢਣ ਦਾ ਫੈਸਲਾ ਲਿਆ ਤੇ ਫਿਰ ਬਿੱਲੇ ਦੀ ਪਹਿਲੀ ਪੂਰੀ ਐਲਬਮ ‘ਕੋਈ ਖਾਸ’ ਰਿਲੀਜ਼ ਹੋਈ। ਉਸਦੀ ਅਵਾਜ਼ ਨਾਲ ਤਾਂ ਪਹਿਲਾਂ ਹੀ ਲੋਕ ਰੂ ਬ ਰੂ ਹੋ ਚੁੱਕੇ ਸਨ, ਪਰ ਇਸ ਐਲਬਮ ਰਾਹੀਂ ਗੀਤਾਂ ਦੇ ਵੀਡਿਓਜ਼ ’ਚ ਬਿੱਲੇ ਨੂੰ ਦੇਖ ਕੇ ਉਸਦੀ ਦਿਖ ਤੇ ਐਕਟਿੰਗ ਕਲਾ ਤੋਂ ਵੀ ਲੋਕ ਜਾਣੂ ਹੋਣ ਲੱਗੇ। ਪਹਿਲੀ ਐਲਬਮ ਨੂੰ ਮਿਲੇ ਹੁੰਗਾਰੇ ਨੂੰ ਦੇਖਦਿਆਂ ਕੰਪਨੀ ਨੇ ਬਿੱਲੇ ਦੇ ਨਾਲ ਇੱਕ ਸਮਝੌਤਾ ਕਰ ਲਿਆ ਤੇ ਇਸ ਤਹਿਤ 2012 ’ਚ ਉਸਦੀ ਅਗਲੀ ਐਲਬਮ ‘ਪੰਜਾਬ’ ਰਿਲੀਜ਼ ਕੀਤੀ ਗਈ। ਇਸ ਐਲਬਮ ਦੇ ਟਾਈਟਲ ਗੀਤ ‘ਮੇਰਾ ਦੇਸ ਹੋਵੇ ਪੰਜਾਬ’ ਰਾਹੀਂ ਪੰਜਾਬੀ ਗਾਇਕੀ ਦੇ ਖ਼ੇਤਰ ’ਚ ਬਿੱਲੇ ਦਾ ਕਦ ਹੋਰ ਉੱਚਾ ਹੋ ਗਿਆ, ਗੀਤ ਨੂੰ ਲਿਖਿਆ ਸੀ ਨੌਜਵਾਨ ਲੇਖਕ ਫਤਿਹ ਸੇਰਗਿੱਲ ਨੇ। ਇਸ ਗੀਤ ਨੇ ਬਿੱਲੇ ਨੂੰ ਮੋਬਾਈਲ ਫੋਨਾਂ ਤੋਂ ਲੈ ਕੇ ਲੋਕਾਂ ਦੀਆਂ ਕਾਰਾਂ ਤੇ ਗੱਡੀਆਂ ਤਕ ਪਹੁੰਚਾ ਦਿੱਤਾ। ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਇਸ ਗੀਤ ਦੀ ਵੀਡਿਓ ਦੀ ਵੀ ਹਰ ਪਾਸਿਓ ਸ਼ਲਾਘਾ ਹੋਈ। ਗੀਤ ਇਹਨਾਂ ਮਕਬੂਲ ਹੋਇਆ ਕਿ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਹੋਰਾਂ ਨੇ ਇੱਕ ਪ੍ਰੋਗਰਾਮ ’ਤੇ ਇਸ ਗੀਤ ਨੂੰ ਬਿੱਲੇ ਦੇ ਨਾਲ ਹੀ ਸਟੇਜ ’ਤੇ ਗਾਇਆ ਤੇ ਬਿੱਲੇ ਲਈ ਜ਼ਿੰਦਗੀ ਦਾ ਇਹ ਯਾਦਗਾਰ ਪਲ ਬਣ ਗਿਆ।
ਯੂਨੀਵਰਸਿਟੀ ਨਾਲ ਯਾਰੀ
2010 ’ਚ ਪਹਿਲਾ ਗੀਤ ‘ਕਾਲੇ ਰੰਗ ਦਾ ਯਾਰ’ ਰਿਕਾਰਡ ਹੋਣ ਵੇਲੇ ਹੀ ਬਿੱਲੇ ਦਾ ਦਾਖਲਾ ਮਿਊਜ਼ਿਕ ’ਚ ਹੀ ਐਮ ਫ਼ਿਲ ਕਰਨ ਲਈ ਹੋ ਚੁੱਕਿਆ ਸੀ ਤੇ ਇਸ ਦੌਰਾਨ ਬਿੱਲੇ ਨੇ ਆਪਣਾ ਖੋਜ ਵਿਸ਼ਾ ਰੱਖਿਆ ‘ਪੰਜਾਬੀ ਲੋਕ ਸੰਗੀਤ ਨੂੰ ਢਾਡੀ ਪਰੰਪਰਾ ਦਾ ਯੋਗਦਾਨ’। ਬਿੱਲੇ ਦੀ ਯੂਨੀਵਰਸਿਟੀ ਨਾਲ ਯਾਰੀ ਤਾਂ ਐਸ ਡੀ ਕਾਲਜ, ਬਰਨਾਲਾ ’ਚ ਬੀ. ਏ. ਕਰਨ ਵੇਲੇ ਹੀ ਪੈ ਗਈ ਸੀ, ਪਰ ਯੂਨੀਰਸਿਟੀ ਆਉਣ ਤੋਂ ਬਾਅਦ ਉਸਨੂੰ ਜ਼ਿੰਦਗੀ ਭਰ ਲਈ ਕਈ ਗੁਰੂ ਵੀ ਮਿਲੇ ਤੇ ਕਈ ਯਾਰ ਵੀ ਮਿਲ ਗਏ। 2011 ’ਚ ਐਮ ਫ਼ਿਲ ਮੁਕੰਮਲ ਹੋਣ ਤੋਂ ਬਾਅਦ 2012 ’ਚ ਬਿੱਲੇ ਦੀ ਰਜਿਸਟਰੇਸ਼ਨ ਪੀ.ਐਚ.ਡੀ ਲਈ ਹੋ ਗਈ। ਯੂਨੀਵਰਸਿਟੀ ’ਚ ਉਸਦੇ ਗੁਰੂਆਂ ’ਚ ਸਭ ਤੋਂ ਪਹਿਲਾ ਨਾਂ ਡਾ. ਰਜਿੰਦਰ ਸਿੰਘ ਗਿੱਲ ਹੋਰਾਂ ਦਾ ਆਉਂਦਾ ਹੈ ਤੇ ਉਹੀ ਬਿੱਲੇ ਦੇ ਪੀ.ਐਚ.ਡੀ ਦੇ ਗਾਇਡ ਵੀ ਹਨ। ਇਸਦੇ ਨਾਲ ਹੀ ਥਿਏਟਰ ਵਿਭਾਗ ਦੇ ਮੁਖੀ ਤੇ ਮਕਬੂਲ ਫ਼ਿਲਮਸਾਜ਼ ਮੈਡਮ ਸੁਨੀਤਾ ਧੀਰ ਹੋਰਾਂ ਵੱਲੋਂ ਮਿਲੀ ਹੱਲਾਸ਼ੇਰੀ ਕਰਕੇ ਉਹ ਉਹਨਾਂ ਦਾ ਧੰਨਵਾਦ ਕਰਨਾ ਨਹੀਂ ਭੁੱਲਦਾ। ਜਿਸ ਗੀਤ ਕਰਕੇ ਬਿੱਲੇ ਨੂੰ ਸਹੀ ਪਛਾਣ ਮਿਲੀ, ਉਹ ਗੀਤ ਹੈ ‘ਕਾਲੇ ਰੰਗ ਦਾ ਯਾਰ’ ਤੇ ਇਸ ਗੀਤ ਦੇ ਲੇਖਕ ਗੁਰਚੇਤ ਫੱਤੇਵਾਲੀਆ ਨੂੰ ਉਹ ਵੱਡਾ ਭਰਾ ਮੰਨਦਾ ਹੈ।
ਇਹੀ ਨਹੀਂ ਯੂਨੀਵਰਸਿਟੀ ਦੇ ਯਾਰਾਂ ’ਚ ਉਸਦੇ ਰਾਜ਼ਦਾਰ ਤੇ ਜਿਗਰੀ ਯਾਰ ਉਸਦੀ ਜਿੰਦ ਜਾਨ ਹਨ ਜਿੰਨਾ ’ਚ ਹਰਦੀਪ ਮਾਨ, ਨਵਦੀਪ ਕਲੇਰ ਤੇ ਦੀਪ ਹਰੀਕਾ ਦੇ ਨਾਂ ਸ਼ਾਮਿਲ ਹਨ। ਬਿੱਲੇ ਦੀ ਯੂਨੀਰਸਿਟੀ ਨਾਲ ਯਾਰੀ ਹਾਲੇ ਵੀ ਕਾਇਮ ਹੈ, ਬਿੱਲਾ ਇਸ ਵੇਲੇ ‘ਮਰਹੂਮ ਜਗਜੀਤ ਸਿੰਘ ਹੋਰਾਂ ਦੀਆਂ ਗਜ਼ਲਾ’ ਨਾਲ ਜੁੜੇ ਵਿਸ਼ੇ ’ਤੇ ਪੀਐਚਡੀ ਵੀ ਕਰ ਰਿਹਾ ਹੈ।


