Skip to content
Independent perspectives. Global stories.
BREAKING

ਰੱਬ ਵਰਗੇ ਹੁੰਦੇ ਨੇ ਮਾਪੇ

Share this story

image ਗੂੰਜ ਨਿਕਲੇ ਬਾਲਾਂ ਦੀ
ਲੇਖਕ: ਬਲਵੰਤ ਸਿੰਘ ਸਨੇਹੀ
ਪ੍ਰਕਾਸ਼ਕ : ਬ੍ਰਹਮਾਨੰਦ ਮੈਮੋਰੀਅਲ ਸਾਹਿਤਕ ਟਰੱਸਟ (ਰਜਿ.) ਰੂਪਨਗਰ
ਮੁੱਲ: 65 ਰੁਪਏ
ਸਫੇ :48
ਬਲਵੰਤ ਸਿੰਘ ਸਨੇਹੀ ਜੀ ਪਿਛਲੇ ਕਈ ਸਾਲਾਂ ਤੋਂ ਸਾਹਿਤ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਅਨੇਕ ਨਜ਼ਮਾਂ, ਗਜ਼ਲਾਂ, ਗੀਤ, ਕਹਾਣੀਆਂ ਲਿਖੀਆਂ ਹਨ। ਉਹ ਆਪਣੀ ਪਹਿਲੀ ਪੁਸਤਕ ‘ਕਾਫ਼ਲਾ ਹਰਫ਼ਾਂ ਦਾ’ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਇਹ ਉਨ੍ਹਾਂ ਦੀ ਦੂਜੀ ਬਾਲ ਪੁਸਤਕ ‘ਗੂੰਜ ਨਿਕਲੇ ਬਾਲਾਂ ਦੀ’ ਹੈ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਦੀਆਂ ਭੋਲੀਆਂ ਭਾਲੀਆਂ ਗੱਲਾਂ, ਆਦਤਾਂ, ਭਾਵਨਾਵਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਲੇਖਕਾਂ ਲਈ ਕੁਝ ਵੀ ਲਿਖਣਾ ਔਖਾ ਨਹੀਂ ਹੁੰਦਾ ਪਰ ਵਡੇਰੀ ਉਮਰ ਵਿੱਚ ਬਾਲ ਕਵਿਤਾਵਾਂ ਲਿਖਣੀਆਂ ਔਖੀਆਂ ਹੁੰਦੀਆਂ ਹਨ। ਬਲਵੰਤ ਸਿੰਘ ਸਨੇਹੀ ਜੀ ਹੁਣਾਂ ਨੇ ਇਸ ਔਖੇ ਕੰਮ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਭਾਵ ਬਾਲ ਕਵਿਤਾਵਾਂ ਨੂੰ ਬਹੁਤ ਵਧੀਆ ਸ਼ਬਦਾਂ ਵਿੱਚ ਲਿਖਿਆ ਹੈ।
ਸੱਚੇ ਪਾਤਸ਼ਾਹ ਕਵਿਤਾ ਵਿੱਚ ਬਾਲਾਂ ਨੂੰ ਪ੍ਰਮਾਤਮਾ ਨਾਲ ਜੋੜਨ ਦੀ, ਮਾਪਿਆਂ, ਟੀਚਰਾਂ ਦਾ ਸਨਮਾਨ ਕਰਨ ਦੀ, ਕਵਿਤਾ ਵਿੱਚ ਜੇ ਮੈਂ ਬੱਚਾ ਬਣ ਜਾਵਾਂ ਤਾਂ ਖਿਡੌਣਿਆਂ ਨਾਲ ਖੇਡਾਂ, ਮਨ ਭਾਉਂਦੀ ਚੀਜ਼ ਖਾਵਾਂ, ਹਰ ਰੋਜ਼ ਸਕੂਲ ਜਾਵਾਂ, ਖੂਬ ਪੜ੍ਹਾਈ ਕਰਾਂ ਅਤੇ ਮਾਪਿਆਂ ਦਾ ਨਾਂ ਚਮਕਾਉਣ ਦੀ ਵੱਡੀ ਸਿਖਿਆ ਦਿੱਤੀ ਹੈ। ‘ਰੱਖ਼ੜੀ’ ਕਵਿਤਾ ਵਿੱਚ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਇਆ ਹੈ। ‘ਖੇਤਾਂ ਵਿੱਚ ਜਾਉਂਗਾ’ ਇਸ ਕਵਿਤਾ ਵਿੱਚ ਬਾਲ ਆਪਣੇ ਬਾਪੂ ਨਾਲ ਖੇਤ ਜਾਣ ਲਈ ਕਹਿੰਦਾ ਹੈ ਅਤੇ ਉਥੇ ਗੰਨੇ ਚੂੁਪਣੇ, ਘੁਲਾੜੀ ਵਿਚੋਂ ਰਸ ਪੀਣਾ, ਤੱਤਾ ਗੂੜ ਖਾਣ ਦੀ ਗੱਲ ਕੀਤੀ ਹੈ। ਖੇਤ ਵਿਚੋਂ ਮਿੱਠੀਆਂ ਗਾਜ਼ਰਾਂ-ਮੂਲੀਆਂ ਪੁਟੂਗਾ, ਆਲੂ ਭੁੰਨ ਕੇ ਖਾਉਗਾ, ਰੁੱਖਾਂ ’ਤੇ ਲੱਗੇ ਕਿੰਨੇ ਅੰਬ ਨੇ, ਪਦੀਨੇ ਦੀ ਚੱਟਣੀ ਬਣਾਉਗਾ। ਬੜੇ ਹੀ ਕੋਮਲ ਸ਼ਬਦਾਂ ਨੂੰ ਬਿਆਨ ਕੀਤਾ ਹੈ। ਮਾਹਣੋ ਬਿੱਲੀ

, ਮੋਰ, ਚੁਸਤ, ਲੂੰਬੜੀ, ਦੋ ਅਮਲੀ ਆਦਿ ਸਾਰੀਆਂ ਕਵਿਤਾਵਾਂ ਇਕ ਤੋਂ ਵੱਧ ਇਕ ਹਨ। ‘ਮਾਪੇ ਕਵਿਤਾ ਦੀ ਝਲਕ:-
ਸਾਨੂੰ ਹਮੇਸ਼ਾਂ ਇੱਦਾਂ ਜਾਪੇ,
ਰੱਬ ਵਰਗੇ ਹੁੰਦੇ ਨੇ ਮਾਪੇ,
ਕਿੰਨਾ ਸਾਨੂੰ ਪਿਆਰ ਨੇ ਕਰਦੇ,
ਸਾਡੀ ਖਾਤਿਰ ਦੁਖ਼ੜੇ ਜਰਦੇ,
ਕਿਉਂ ਨਾ ਕਰੀਏ ਉਨ੍ਹਾਂ ਦਾ ਮਾਨ,
ਸਾਡੀ ਖਾਤਿਰ ਉਹ ਦੇਵਣ ਜਾਨ,
ਖਰਚ ਹੋਵਨ ਭਾਵੇ ਕਿੰਨੇ ਘਰ ਦੇ,
ਮੰਗਾਂ ਸਾਡੀਆਂ ਪੂਰੀਆਂ ਕਰਦੇ,
ਆਖਾ ਉਨ੍ਹਾਂ ਦਾ ਕਿੰਝ ਮੋੜੀਏ,
ਐਵੇਂ ਵਾਧੂ ਨਾ ਕੁਝ ਲੋੜੀਏ।
ਇਸ ਬਾਲ ਪੁਸਤਕ ਵਿਚ ਕਵੀ ਨੇ ਵੱਡਮੁੱਲੇ ਗਿਆਨ ਨੂੰ, ਬੱਚਿਆਂ ਦੀ ਭਾਸ਼ਾ ਵਿੱਚ ਬਹੁਤ ਹੀ ਵਧੀਆ ਤੇ ਸੌਖੇ ਢੰਗ ਨਾਲ ਪੇਸ਼ ਕੀਤਾ ਹੈ, ਕੁਝ ਕਤਿਵਾਵਾਂ ਬੱਚਿਆਂ ਦੇ ਦਾਦਾ-ਦਾਦੀ, ਨਾਨਾ-ਨਾਨੀ, ਭੈਣ-ਭਰਾ, ਮਾਂ-ਪਿਓ, ਟੀਚਰ ਦੇ ਪਿਆਰ ਨੂੰ ਦਰਸਾਉਂਦੀਆਂ ਹਨ ਅਤੇ ਕੁਝ ਬੱਚਿਆਂ ਨੂੰ ਵਧੀਆ ਆਦਤਾਂ ਪਾਉਣ ਦਾ ਸੰਦੇਸ਼ ਦਿੰਦੀਆਂ ਹਨ ਜਿਵੇਂ ਮੁਫਤ ਖਾਣ ਦੀ ਆਦਤ ਨਾ ਪਾਉ, ਕਦੇ ਝੂਟ ਨਾ ਬੋਲੋ, ਚੰਗੇ ਇਨਸਾਨ ਬਣੋ ਆਦਿ। ਸਾਹਿਤ ਦੇ ਸਮੁੰਦਰ ਵਿੱਚ ਇਸ ਬਾਲ ਪੁਸਤਕ ਦਾ ਸੁਆਗਤ ਹੈ। ਵਾਹਿਗੁਰੂ ਲੇਖਕ ਨੂੰ ਅਤੇ ਉਸਦੀ ਕਲਮ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ।

WRITTEN BY