ਇਸਲਾਮਾਬਾਦ, 19 ਜੁਲਾਈ (ਪੀ. ਟੀ)- ਅਫਗਾਨਿਸਤਾਨ ਦੀ ਸਰਹੱਦ ਨੇੜੇ ਦੇਸ਼ ਦੇ ਅਸ਼ਾਂਤ ਪੱਛਮੀਉੱਤਰ ਕਬਾਇਲੀ ਇਲਾਕੇ ‘ਚ ਇੱਕ ਪਾਕਿਸਤਾਨੀ ਤਾਲਿਬਾਨੀ ਇਮਾਰਤ ਨੂੰ ਅੱਜ ਨਿਸ਼ਾਨਾ ਬਣਾ ਕੇ ਕੀਤੇ ਗਏ ਅਮਰੀਕੀ ਡਰੋਨ ਹਮਲੇ ‘ਚ 11 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਉੱਤਰੀ ਵਜੀਰਸਤਾਨ ‘ਚ ਕੀਤਾ ਗਿਆ, ਜਿੱਥੇ ਪਿਛਲੇ ਮਹੀਨੇ ਤੋਂ ਪਾਕਿਸਤਾਨੀ ਫੌਜ ਤਾਲਿਬਾਨ ਤੇ ਹੋਰ ਅੱਤਵਾਦੀਆਂ ਦੇ ਲੰਬੇ ਸਮੇਂ ਤੋਂ ਮੌਜੂਦ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਲੜ ਰਹੀ ਹੈ। ਇਲਾਕੇ ‘ਚ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਮਾਰਤ ‘ਚ ਡਰੋਨ ਤੋਂ ਅੱਠ ਮਿਸਾਈਲਾਂ ਦਾਗੀਆਂ ਗਈਆਂ ਜਿਸ ‘ਚ ਪਾਕਿਸਤਾਨੀ ਤਾਲਿਬਾਨ ਦੇ ਪੰਜਾਬੀ ਧੜੇ ਦੇ 11 ਮੈਂਬਰ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਪਾਕਿਸਤਾਨ ਤਾਲਿਬਾਨ ਦੇ ਦੋ ਮਹੱਤਵਪੂਰਣ ਕਮਾਂਡੋ ਸ਼ਾਮਿਲ ਹਨ ਲੇਕਿਨ ਉਨ੍ਹਾਂ ਨੇ ਉਨ੍ਹਾਂ ਦੀ ਪਹਿਚਾਣ ਦਾ ਖੁਲਾਸਾ ਕਰਨ ਤੋਂ ਮਨ੍ਹਾ ਕਰ ਦਿੱਤਾ।


