ਦੇਹਰਾਦੂਨ, 19 ਜੁਲਾਈ (ਪੀ. ਟੀ)- ਬਾਰਿਸ਼ ਦਾ ਮੌਸਮ ਜਾਰੀ ਰਹਿਣ ਅਤੇ ਹਿਮਾਲਿਆ ‘ਤੇ ਸਥਿਤ ਤੀਰਥ ਅਸਥਾਨਾਂ ਵੱਲ ਜਾਣ ਵਾਲੀਆਂ ਸੜਕਾਂ ‘ਤੇ ਕਈ ਥਾਵਾਂ ਤੋਂ ਜ਼ਮੀਨ ਖਿਸਕਣ ਨਾਲ ਲੱਗੇ ਮਲਬੇ ਦੇ ਢੇਰਾਂ ਕਾਰਨ ਚਾਰਧਾਮ ਯਾਤਰਾ ਅੱਜ ਲਗਾਤਾਰ ਚੌਥੇ ਦਿਨ ਵੀ ਰੱਦ ਕੀਤੀ ਗਈ। ਪਹਿਲਾਂ ਇਹ ਯਾਤਰਾ ਕੇਵਲ ਸ਼ੁੱਕਰਵਾਰ ਤੱਕ ਲਈ ਰੱਦ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਯਾਤਰਾ ਮਾਰਗ ‘ਤੇ ਸਥਿਤ ਜ਼ਿਲ੍ਹਿਆਂ ਨੂੰ ਇਕ ਨਿਰਦੇਸ਼ ਜਾਰੀ ਕਰਕੇ ਅੱਜ ਵੀ ਤੀਰਥ ਯਾਤਰਾ ਬਹਾਲ ਨਾ ਕਰਨ ਲਈ ਕਿਹਾ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਵੀਸ਼ੰਕਰ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਵੇਖਦੇ ਹੋਏ ਜਾਰੀ ਕੀਤੇ ਗਏ ਪ੍ਰਸ਼ਾਸਨਿਕ ਨਿਰਦੇਸ਼ ਅਨੁਸਾਰ ਅਸੀਂ ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ ਨੂੰ ਅੱਜ ਰੱਦ ਕਰ ਦਿੱਤਾ ਹੈ। ਇਹ ਕੱਲ੍ਹ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਪ੍ਰੰਤੂ ਇਹ ਵੀ ਉੱਚੇ ਇਲਾਕਿਆਂ ਦੇ ਮੌਸਮ ਅਤੇ ਉਨ੍ਹਾਂ ਸੜਕਾਂ
ਦੀ ਹਾਲਤ ‘ਤੇ ਨਿਰਭਰ ਕਰੇਗਾ ਜੋ ਇਸ ਸਮੇਂ ਕਈ ਥਾਵਾਂ ਤੋਂ ਬੰਦ ਪਈਆਂ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਬਾਰਿਸ਼ ਜ਼ਿਆਦਾ ਨਹੀਂ ਹੋ ਰਹੀ ਹੈ। ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਕੱਲ੍ਹ ਮੌਸਮ ਸੁਧਰ ਸਕਦਾ ਹੈ।



