ਫਤਿਹਗੜ੍ਹ ਸਾਹਿਬ, 19 ਜੁਲਾਈ, (ਪੀ. ਟੀ)- ‘‘ ਵੱਖ ਵੱਖ ਮੁਲਕਾਂ ਵਿਚ ਵੱਖ ਵੱਖ ਕੌਮਾਂ ਜਾਂ ਫਿਰਕੇ ਜੋ ਆਪੋ ਆਪਣੀਆਂ ਹਕੂਮਤਾਂ ਕਾਇਮ ਕਰਨ ਜਾਂ ਆਜ਼ਾਦ ਹੋਣ ਲਈ ਜਾਂ ਆਪਣੀਆਂ ਹਕੂਮਤਾਂ ਬਚਾਊਣ ਲਈ ਲੜ ਰਹੇ ਹਨ, ਉਹਨਾਂ ਵੱਲੋਂ ਜਦੋਂ ਆਮ ਬੇਕਸੂਰ ਨਿਵਾਸੀਆਂ ਨੂੰ ਂਨਿਸ਼ਾਨਾ ਬਣਾ ਕੇ ਬਿਨਾਂ ਵਜ੍ਹਾ ਮੌਤ ਦੇ ਘਾਟ ਉਤਾਰਨ ਦੇ ਦੁਖਦਾਇਕ ਅਮਲ ਹੁੰਦੇ ਹਨ, ਤਾਂ ਇਸ ਕਾਰਵਾਈ ਨਾਲ ਉਸ ਮੁਲਕ ਜਾਂ ਸੰਸਾਰ ਵਿਚ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿਚ ਵੱਡੀ ਰੁਕਾਵਟ ਖੜੀ ਹੋ ਜਾਂਦੀ ਹੈ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕ ਜਾਂ ਸਮੂਹ ਕੌਮਾਂਤਰੀ ਮਨੁੱਖੀ ਅਧਿਕਾਰ ਨਾਲ ਸੰਬੰਧਤ ਨਿਯਮਾਂ ਦੀ ਘੋਰ ਉਲੰਘਣਾ ਵੀ ਕਰ ਰਹੇ ਹੁੰਦੇ ਹਨ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਅਜਿਹਾ ਜੁਲਮ ਕਰਨ ਵਾਲਿਆਂ ਉਤੇ
ਇੰਟਰਨੈਸ਼ਨਲ ਕਰੀਮੀਨਲ ਵਾਰ ਦੇ ਜੰਗੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤ ਵਿਚ ਮੁਕੱਦਮੇ ਚੱਲਣੇ ਚਾਹੀਦੇ ਹਨ ਅਤੇ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਕਿ ਕੋਈ ਵੀ ਨਿਰਦੋਸ਼ਾਂ ਨੂੰ ਮਾਰ ਕੇ ਸੰਸਾਰ ਦੇ ਅਮਨ ਚੈਨ ਨੂੰ ਨੁਕਸਾਨ ਨਾਂ ਕਰ ਸਕੇ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਪੱਖੀ ਬਾਗੀਆਂ ਵੱਲੋਂ ਪੂਰਬੀ ਯੂਕਰੇਨ ਵਿਖੇ ਮਲੇਸ਼ੀਅਨ ਏਅਰ ਲਾਇਨਜ਼ ਦੇ ਐਮ ਐਚ 17 ਜਹਾਜ ਨੂੰ ਰਾਕਟਾਂ ਨਾਲ ਨਿਸ਼ਾਨਾ ਬਣਾ ਕੇ ਵੱਖ ਵੱਖ ਮੁਲਕਾਂ ਦੇ ਉਸ ਵਿਚ ਸਵਾਰ 298 ਯਾਤਰੀਆਂ ਅਤੇ ਜਹਾਜ ਦੇ ਅਮਲੇ ਫੈਲੇ ਨੂੰ ਖਤਮ ਕਰਨ ਦੀ ਅਣਮਨੁੱਖੀ ਕਾਰਵਾਈ ਦੀ ਜੋਰਦਾਰ ਨਿੰਦਾ ਕਰਦੇ ਹੋਏ, ਜਾਲਿਮ ਦੋਸ਼ੀਆਂ ਉਤੇ ਕੌਮਾਂਤਰੀ ਅਦਾਲਤ ਵਿਚ ਕੌਮਾਂਤਰੀ ਅਪਰਾਧਿਕ ਜੰਗੀ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਦੋ ਧਿਰਾਂ ਅਤੇ ਗਰੁੱਪ ਜੱਦੋ ਜਹਿਦ ਕਰ ਰਹੇ ਹਨ ਉਹਨਾਂ ਨੂੰ ਅਜਿਹੇ ਜਾਬਰਾਨਾ ਅਮਲ ਬਿਲਕੁਲ ਨਹੀਂ ਕਰਨੇ ਚਾਹੀਦੇ ਬਲਕਿ ਮਨੁੱਖੀ ਕਦਰਾਂ-ਕੀਮਤਾਂ ਅਤੇ ਅਮਨ-ਚੈਨ ਨੂੰ ਸੰਸਾਰ ਪੱਧਰ ਉਤੇ ਕਾਇਮ ਰੱਖਣ ਲਈ ਕੌਮਾਂਤਰੀ ਕਾਨੂੰਨਾਂ ਦਾ ਜਿੰਮੇਵਾਰੀ ਨਾਲ ਪਾਲਣ ਕਰਦੇ ਹੋਏ ਆਪਣਾ ਸੰਘਰਸ਼ ਕਰਨਾਂ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੀੜ੍ਹਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਮਾਰੀਆਂ ਗਈਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ।



