ਚੰਡੀਗੜ੍ਹ, 13 ਜੁਲਾਈ (ਪੀ. ਟੀ)- ਲੁਧਿਆਣਾ ਮਿਲਕ ਪਲਾਂਟ ਬਾਰੇ ਸ਼ਨਿਚਰਵਾਰ ਨੂੰ ਮੀਡੀਆ ਦੇ ਇਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ (ਐਮ.ਡੀ.) ਸ੍ਰੀਮਤੀ ਅਲਕਨੰਦਾ ਦਿਆਲ ਨੇ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀਮਤੀ ਦਿਆਲ ਨੇ ਮਿਲਕਫੈੱਡ ਦੇ ਚੀਫ਼ ਵਿਜੀਲੈਂਸ ਅਫਸਰ ਅਤੇ ਅਦਾਰੇ ਦੇ ਵਿੱਤ, ਖਰੀਦ ਤੇ ਮਾਰਕੀਟਿੰਗ ਸੈਕਸ਼ਨਾਂ ਦੇ ਮੁਖੀਆਂ ’ਤੇ ਅਧਾਰਿਤ ਕਮੇਟੀ ਦਾ ਗਠਨ ਕਰਕੇ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕਰਕੇ ਇਕ ਮਹੀਨੇ ਦੇ ਵਿੱਚ ਰਿਪੋਰਟ ਸੌਂਪਣ ਲਈ ਆਖਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਜਿਨ੍ਹਾਂ ਦਾ ਮੌਜੂਦਾ ਕਾਰਜਕਾਲ ਅਪਰੈਲ, 2013 ਨੂੰ ਸ਼ੁਰੂ ਹੋਇਆ ਹੈ, ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਨਾ ਕਿਸੇ ਅਧਿਕਾਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ
ਅਤੇ ਨਾ ਹੀ ਕਿਸੇ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ। ਮੌਜੂਦਾ ਦਫਤਰੀ ਰਿਕਾਰਡ ਪੱਖ ਵਿਚਾਰਨ ਅਤੇ ਕੁਮੈਂਟ ਲੈਣ ਲਈ ਪਹਿਲਾਂ ਹੀ ਲੇਖਾ ਵਿਭਾਗ ਨੂੰ ਭੇਜ ਦਿੱਤਾ ਹੈ। ਮੈਸ. ਗਣੇਸ਼ ਸੇਵਾ ਸਮਿਤੀ, ਰਾਜਸਥਾਨ ਤੋਂ ਮਾਰਚ, 2011 ਤੋਂ ਮਾਰਚ, 2012 ਤੱਕ ਦੁੱਧ ਖਰੀਦਣ ਦੇ ਮੁੱਦੇ ’ਤੇ ਬੁਲਾਰੇ ਨੇ ਦੱਸਿਆ ਕਿ ਮਿਲਕਫੈੱਡ ਦੇ ਕੁਮੈਂਟ ਜਨਵਰੀ, 2014 ਦੇ ਮਹੀਨੇ 3 ਜਨਵਰੀ, 2014 ਨੂੰ ਪੱਤਰ ਨੰਬਰ ਪੀ.ਐਸ.ਐਫ./ਡੀ.ਐਮ.ਏ.-11/ਐਸ.ਏ.ਆਰ./209 ਰਾਹੀਂ ਲੇਖਾ ਵਿਭਾਗ ਨੂੰ ਭੇਜਿਆ ਗਿਆ। ਨਾਲ ਹੀ ਉਸ ਨੇ ਆਖਿਆ ਕਿ ਇਹ ਕੁਮੈਂਟ ਸਾਲ 2011 ਅਤੇ 2012 ਨੂੰ ਪ੍ਰੋਡਕਸ਼ਨ ਪਲੈਨਿੰਗ ਮੀਟਿੰਗਾਂ ਦੀਆਂ ਪ੍ਰਕ੍ਰਿਆਵਾਂ ਅਤੇ ਮਿਲਕਫੈੱਡ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮਤਿਆਂ ਸਮੇਤ ਸਾਰਥਕ ਦਫ਼ਤਰੀ ਰਿਕਾਰਡ ’ਤੇ ਅਧਾਰਿਤ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਜਦੋਂ ਤੋਂ ਮਿਲਕਫੈੱਡ ਦੇ ਬੋਰਡ ਵਿੱਚ ਮਿਲਕ ਯੂਨੀਅਨਾਂ (ਸਮੇਤ ਮਿਲਕ ਯੂਨੀਅਨ, ਲੁਧਿਆਣਾ) ਨੂੰ ਨਾਮਜ਼ਦ ਕੀਤਾ ਗਿਆ ਹੈ, ਇਹ ਨਾਮਜ਼ਦ ਵਿਅਕਤੀ ਵੀ ਬੋਰਡ ਆਫ ਮਿਲਕ ਯੂਨੀਅਨ, ਲੁਧਿਆਣਾ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਮਾਮਲੇ ਸਮੇਤ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕੀਤੇ ਸਾਰੇ ਏਜੰਡਿਆਂ ’ਤੇ ਦਿੱਤੇ ਗਏ ਕੁਮੈਂਟ ਭੇਜ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਬੋਰਡ ਦੀ ਮੀਟਿੰਗ ਵਿੱਚ ਭੇਜੇ ਕੁਮੈਂਟ ਦਫਤਰੀ ਰਿਕਾਰਡ ’ਤੇ ਅਧਾਰਿਤ ਆਡਿਟ ਨੂੰ ਪਹਿਲਾਂ ਭੇਜੇ ਕੁਮੈਂਟਾਂ ’ਤੇ ਅਧਾਰਿਤ ਹਨ ਜਿਸ ਦਾ ਉਪਰੋਕਤ ਵਰਣਨ ਕੀਤਾ ਗਿਆ ਹੈ। ਆਡਿਟ ਅਫਸਰ, ਲੁਧਿਆਣਾ ਦਾ 11 ਜੂਨ, 2014 ਦਾ ਆਡਿਟ ਨੋਟ ਬੋਰਡ ਆਫ ਡਾਇਰੈਕਟਰਜ਼ ਵਿੱਚ ਪੇਸ਼ ਕੀਤੇ ਕੁਮੈਂਟਾਂ ਤੋਂ ਪਹਿਲਾਂ ਮਿਲਕਫੈੱਡ ਦੇ ਦਫ਼ਤਰ ਵਿੱਚ ਨਹੀਂ ਪਹੁੰਚਿਆ।



