December 8, 2024 5:02 pm

Punjab Crime : ਬੰਬੀਹਾ ਧੜੇ ਦੇ ਦੋ ਮੈਂਬਰ ਚੰਡੀਗੜ੍ਹ ਤੋਂ ਗ੍ਰਿਫ਼ਤਾਰ, 2 ਪਿਸਤੌਲ ਅਤੇ 7 ਕਾਰਤੂਸ ਬਰਾਮਦ

ਆਪ੍ਰੇਸ਼ਨ ਸੈੱਲ ਨੇ ਦੱਸਿਆ ਕਿ ਦੋਵੇਂ ਮੈਂਬਰ ਖ਼ਾਸ ਹਥਿਆਰ ਲੈ ਕੇ ਆਏ ਹੋਏ ਸਨ ਅਤੇ ਬਲਜੀਤ ਚੌਧਰੀ ਨਾਂ ਦੇ ਵਿਅਕਤੀ ਨੂੰ ਮਾਰਨਾ ਚਾਹੁੰਦੇ ਸਨ। ਉਹ ਸ਼ਿਵਮ ਦਾ ਪੁਰਾਣਾ ਦੋਸਤ ਹੈ। ਬਾਅਦ ਵਿਚ ਉਸ ਨਾਲ ਦੁਸ਼ਮਣੀ ਹੋ ਗਈ। ਅੱਗ…

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਧੜੇ ਦੇ ਦੋ ਪੜ੍ਹੇ-ਲਿਖੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 2 ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਗੈਂਗਸਟਰ ਲੱਕੀ ਪਟਿਆਲ ਅਰਮੇਨੀਆ ਤੋਂ ਇਸ ਗਿਰੋਹ ਨੂੰ ਚਲਾ ਰਿਹਾ ਹੈ। ਫੜੇ ਗਏ ਗਿਰੋਹ ਦੇ ਮੈਂਬਰਾਂ ਦੀ ਪਛਾਣ ਸ਼ਿਵਮ ਚੌਹਾਨ (32) ਵਾਸੀ ਸੈਕਟਰ 69, ਮੁਹਾਲੀ ਅਤੇ ਵਿਕਾਸ ਮਾਨ ਉਰਫ਼ ਤਾਊ (25) ਵਾਸੀ ਕਰਨਾਲ ਵਜੋਂ ਹੋਈ ਹੈ।

ਚੰਡੀਗੜ੍ਹ ਪੁਲਿਸ ਨੂੰ ਇਨ੍ਹਾਂ ਗਿਰੋਹ ਦੇ ਮੈਂਬਰਾਂ ਦੀ ਖੁਫ਼ੀਆ ਜਾਣਕਾਰੀ ਮਿਲੀ। ਪੁਲਿਸ ਨੇ ਦੱਸਿਆ ਕਿ ਉਹ 37 ਸਨਾਤਨ ਧਰਮ ਮੰਦਰ ਨੇੜੇ ਗਸ਼ਤ ਕਰ ਰਹੇ ਸਨ। ਜਦੋ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤਾ ਗਿਆ ਸ਼ਿਵਮ ਐਮਬੀਏ ਅਤੇ ਉਸ ਦਾ ਕਾਊਂਸਲਿੰਗ ਅਤੇ ਕੰਸਲਟੈਂਸੀ ਦਾ ਕਾਰੋਬਾਰ ਹੈ। ਵਿਕਾਸ ਕਾਨੂੰਨ ਦੀ ਪੜ੍ਹਾਈ ਕਰ ਚੁੱਕਾ ਹੈ ਅਤੇ ਪ੍ਰਾਈਵੇਟ ਨੌਕਰੀ ਕਰਦਾ ਸੀ।

ਆਪ੍ਰੇਸ਼ਨ ਸੈੱਲ ਨੇ ਦੱਸਿਆ ਕਿ ਦੋਵੇਂ ਮੈਂਬਰ ਖ਼ਾਸ ਹਥਿਆਰ ਲੈ ਕੇ ਆਏ ਹੋਏ ਸਨ ਅਤੇ ਬਲਜੀਤ ਚੌਧਰੀ ਨਾਂ ਦੇ ਵਿਅਕਤੀ ਨੂੰ ਮਾਰਨਾ ਚਾਹੁੰਦੇ ਸਨ। ਉਹ ਸ਼ਿਵਮ ਦਾ ਪੁਰਾਣਾ ਦੋਸਤ ਹੈ। ਬਾਅਦ ਵਿਚ ਉਸ ਨਾਲ ਦੁਸ਼ਮਣੀ ਹੋ ਗਈ। ਅੱਗੇ ਦੱਸਿਆ ਗਿਆ ਕਿ ਦੋਵੇਂ ਮੈਂਬਰ ਮੁਹਾਲੀ ਨੰਬਰ ਦੀ ਸਕਾਰਪੀਓ ਕਾਰ ਵਿੱਚ ਸੈਕਟਰ 37 ਦੀ ਮਾਰਕੀਟ ਵਿੱਚ ਆਉਣਗੇ। ਇੱਥੋਂ ਉਹ ਮੁਹਾਲੀ ਵਿੱਚ ਬਲਜੀਤ ਚੌਧਰੀ ਦੇ ਕਤਲ ਲਈ ਰਵਾਨਾ ਹੋਣਗੇ। ਇਸ ਸੂਚਨਾ ਦੇ ਆਧਾਰ ’ਤੇ ਆਪਰੇਸ਼ਨ ਸੈੱਲ ਨੇ ਸੈਕਟਰ 37 ਸੀ ਦੀ ਮਾਰਕੀਟ ਵਿੱਚ ਨਾਕਾਬੰਦੀ ਕੀਤੀ। ਰਾਤ ਕਰੀਬ 11.30 ਵਜੇ ਇਕ ਸਫੈਦ ਰੰਗ ਦੀ ਸਕਾਰਪੀਓ ਕਾਰ ਸੈਕਟਰ 37 ਸੀ ਮਾਰਕੀਟ ਵਾਲੇ ਪਾਸੇ ਤੋਂ ਨਿਕਲ ਕੇ ਨਾਕੇ ਵੱਲ ਆ ਰਹੀ ਸੀ। ਫਿਰ ਅਚਾਨਕ ਕਾਰ ਰੁਕ ਗਈ ਅਤੇ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਪੁਲਿਸ ਨੇ ਫੜ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਹਨ। ਬੁੱਧਵਾਰ ਨੂੰ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਮੋਹਾਲੀ ਨੇ ਦੋਵਾਂ ਖਿਲਾਫ ਜਬਰੀ ਵਸੂਲੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਸ਼ਿਵਮ ਖ਼ਿਲਾਫ਼ ਪੰਜਾਬ ਵਿੱਚ ਅੱਧੀ ਦਰਜਨ ਕੇਸ ਦਰਜ ਹਨ। ਇਹ ਮਾਮਲੇ ਮਈ, 2017 ਤੋਂ ਫਰਵਰੀ, 2023 ਦੇ ਹਨ। ਇਨ੍ਹਾਂ ਵਿੱਚ ਜਬਰੀ ਵਸੂਲੀ, ਕਤਲ ਦੀ ਕੋਸ਼ਿਸ਼, ਹਮਲਾ, ਦੰਗਾ, ਸਬੂਤ ਨਸ਼ਟ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਸ਼ਾਮਲ ਹਨ। ਇਹ ਕੇਸ ਰੋਪੜ, ਮੁਹਾਲੀ ਅਤੇ ਲੁਧਿਆਣਾ ਵਿੱਚ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਮੁਹਾਲੀ ਵੱਲੋਂ ਵੀ ਦਰਜ ਕੀਤਾ ਗਿਆ ਹੈ।ਇਸ ਦੇ ਨਾਲ ਹੀ ਵਿਕਾਸ ਮਾਨ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ‘ਚ 3 ਅਪਰਾਧਿਕ ਮਾਮਲੇ ਦਰਜ ਹੋਏ ਹਨ। ਇਹ ਮਾਮਲੇ ਸਾਲ 2021 ਤੋਂ 2023 ਦੇ ਹਨ। ਇਨ੍ਹਾਂ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਡਕੈਤੀ, ਹਮਲਾ, ਜਬਰੀ ਵਸੂਲੀ, ਅਪਰਾਧਿਕ ਸਾਜ਼ਿਸ਼ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਬੰਬੀਹਾ ਗਿਰੋਹ ਦੇ ਸਰਗਨਾ ਲੱਕੀ ਪਟਿਆਲ ਦਾ ਖੁੱਡਾ ਲਾਹੌਰ, ਚੰਡੀਗੜ੍ਹ ਵਿੱਚ ਇੱਕ ਘਰ ਹੈ ਜਿੱਥੇ ਮੰਗਲਵਾਰ ਨੂੰ ਵੀ ਐੱਨਆਈਏ ਨੇ ਛਾਪੇਮਾਰੀ ਕੀਤੀ ਸੀ। ਟ੍ਰਾਈਸਿਟੀ ‘ਚ ਕਾਰੋਬਾਰੀਆਂ ਨੂੰ ਲਗਾਤਾਰ ਗੈਂਗਵਾਰ ਅਤੇ ਫਿਰੌਤੀ ਦੀਆਂ ਕਾਲਾਂ ਆਉਣ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ।

Send this to a friend