ਨਵੀਂ ਦਿੱਲੀ, 7 ਜੁਲਾਈ (ਪੀ. ਟੀ)- ਜੇਕਰ ਤੁਸੀ ਪਿੰਡ ‘ਚ ਰਹਿੰਦੇ ਹੋ ਤੇ ਨਿੱਤ 32 ਰੁਪਏ ਤੇ ਸ਼ਹਿਰ ‘ਚ ਰਹਿਕੇ 47 ਖਰਚ ਕਰਦੇ ਹੋ ਤਾਂ ਤੁਸੀ ਗਰੀਬ ਨਹੀਂ ਹੋ। ਅਜਿਹਾ ਦੇਸ਼ ‘ਚ ਗਰੀਬੀ ਦੇ ਮੁਲਾਂਕਣ ਲਈ ਬਣੀ ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ। ਨਵੀਂ ਗਰੀਬੀ ਰੇਖਾ ਤੈਅ ਕਰਨ ਲਈ ਸਾਬਕਾ ਆਰਬੀਆਈ ਗਵਰਨਰ ਸੀ ਰੰਗਰਾਜਨ ਨੇ ਮੋਦੀ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ ‘ਚ ਇਹ ਗੱਲਾਂ ਕਹੀਆਂ ਹਨ। ਗਰੀਬੀ ਦੇ ਮੁਲਾਂਕਣ ਲਈ ਬਣੀ ਰੰਗਰਾਜਨ ਕਮੇਟੀ ਨੇ ਪੁਰਾਣੇ ਤੇਂਡੁਲਕਰ ਕਮੇਟੀ ਦੇ ਮੁਲਾਂਕਣ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਦੇਸ਼ ‘ਚ ਹਰ ਦਸ ‘ਚੋਂ ਤਿੰਨ ਵਿਅਕਤੀ ਗਰੀਬ ਹਨ। ਕਮੇਟੀ ਨੇ ਆਪਣੀ ਰਿਪੋਰਟ ਹਾਲ ਹੀ ‘ਚ ਯੋਜਨਾ ਮੰਤਰੀ ਰਾਵ ਇੰਦਰਜੀਤ ਸਿੰਘ ਨੂੰ ਸੌਂਪੀ ਹੈ। ਇਸ ‘ਚ ਕਮੇਟੀ ਨੇ ਸਰਕਾਰ ਨੂੰ ਸ਼ਹਿਰਾਂ ‘ਚ ਰੋਜ 47 ਰੁਪਏ ਤੇ ਪਿੰਡਾਂ ‘ਚ 32 ਰੁਪਏ ਤੋਂ ਘੱਟ ਖਰਚ ਕਰਨ ਵਾਲੇ ਵਿਅਕਤੀ ਨੂੰ ਗਰੀਬ ਦੀ ਸ਼੍ਰੇਣੀ ‘ਚ ਰੱਖਣ ਦਾ ਸੁਝਾਅ ਦਿੱਤਾ ਹੈ।