ਨਵੀਂ ਦਿੱਲੀ 6 ਜੁਲਾਈ (ਪੀ.ਟੀ.)-ਕਿਸਾਨਾਂ ਲਈ ਖੇਤੀਬਾੜੀ ਤੇ ਹੋਰ ਸਬੰਧਤ ਮੁੱਦਿਆਂ ‘ਤੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਛੇਤੀ ਹੀ 24 ਘੰਟੇ ਦਾ ਇੱਕ ਚੈਨਲ ਸ਼ੁਰੂ ਕੀਤਾ ਜਾਵੇਗਾ। ਇਸ ਚੈਨਲ ਦੇ ਜਰੀਏ ਕਿਸਾਨ ਭਾਈਚਾਰੇ ਨੂੰ ਮੌਸਮ ਦੇ ਪੂਰਵਾਨੁਮਾਨ, ਬੀਜ ਤੇ ਹੋਰ ਸਬੰਧਤ ਪਹਿਲੂਆਂ ਦੇ ਬਾਰੇ ‘ਚ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ। ਚੈਨਲ ਦਾ ਨਾਮ ‘ਡੀਡੀ ਕਿਸਾਨ‘ ਹੋਵੇਗਾ। ਸਰਕਾਰ ਤੇ ਪ੍ਰਸਾਰ ਭਾਰਤੀ ਇਸ ਚੈਨਲ ਨੂੰ ਬਹੁਤ ਜਲਦ ਸ਼ੁਰੂ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਵਲੋਂ ਜਦੋਂ ਖੇਤੀਬਾੜੀ ਅਧਾਰਤ ਚੈਨਲ ਸ਼ੁਰੂ ਕਰਨ ਦੀ ਯੋਜਨਾ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਡੀਡੀ ਕਿਸਾਨ ਛੇਤੀ ਹੀ ਸ਼ੁਰੂ ਹੋਵੇਗਾ। ਭਾਜਪਾ ਨੇ
ਲੋਕਸਭਾ ਚੋਣ 2014 ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਸੱਤਾ ‘ਚ ਆਈ ਤਾਂ ਖੇਤਰੀ ਕਿਸਾਨ ਟੀਵੀ ਚੈਨਲਾਂ ਦੀ ਸਥਾਪਨਾ ਦੀ ਸੰਭਾਵਨਾ ਲੱਭੀ ਜਾਵੇਗੀ। ਇੱਕ ਅਜਿਹਾ ਚੈਨਲ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਜਿਸ ‘ਚ 11 ਖੇਤਰੀ ਭਾਸ਼ਾਵਾਂ ਦੇ ਪ੍ਰੋਗਰਾਮ ਵਿਖਾਉਣ ਦੀ ਵਿਵਸਥਾ ਹੋਵੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਸਮੱਗਰੀ ਦੀ ਵਿਵਸਥਾ ਕਰਨਾ ਚੁਣੌਤੀ ਭਰਪੂਰ ਹੈ ਕਿਉਂਕਿ ਵੱਖ ਵੱਖ ਭੂਗੋਲਿਕ ਖੇਤਰਾਂ ‘ਚ ਵੱਖ ਵੱਖ ਖੇਤੀਬਾੜੀ ਆਰਥਕ ਜੋਨ ਹਨ। ਇਸਤੋਂ ਇਲਾਵਾ, ਵੱਖ ਵੱਖ ਰਾਜਾਂ ‘ਚ ਜਲਵਾਯੂ ਵੱਖ ਵੱਖ ਹੈ ਤੇ ਕਿਸਾਨ ਵੀ ਵੱਖ ਵੱਖ ਭਾਸ਼ਾਵਾਂ ਬੋਲਦੇ ਹਨ। ਇਸਲਈ ਸਮੱਗਰੀ ਖੇਤਰ ਵਿਸ਼ੇਸ਼ ਦੇ ਅਨੁਕੂਲ ਹੋਣੀ ਚਾਹੀਦੀ ਹੈ। ਦੂਰਦਰਸ਼ਨ ਤੇ ਆਕਾਸ਼ਵਾਣੀ ਖੇਤੀਬਾੜੀ ਸਬੰਧੀ ਪ੍ਰੋਗਰਾਮਾਂ ਦਾ ਪ੍ਰਸਾਰਣ ਪਹਿਲਾਂ ਤੋਂ ਹੀ ਕਰ ਰਹੇ ਹਨ।