December 9, 2024 11:14 pm

ਟਰੱਕ ਆਪ੍ਰੇਟਰਾਂ ਤੇ ਸਰਕਾਰ ’ਚ ਬਣੀ ਸਹਿਮਤੀ, ਸ਼ੰਭੂ ਬਾਰਡਰ ‘ਤੋਂ ਛੇ ਦਿਨਾਂ ਬਾਅਦ ਅੱਜ ਚੁੱਕਿਆ ਜਾਵੇਗਾ ਧਰਨਾ

ਟਰੱਕ ਆਪ੍ਰੇਟਰ ਯੂਨੀਅਨਾਂ ਦੀ ਬਹਾਲੀ ਲਈ ਬੀਤੇ ਛੇ ਦਿਨਾਂ ਤੋਂ ਪੰਜਾਬ-ਹਰਿਆਣਾ ਹੱਦ ’ਤੇ ਸ਼ੰਭੂ ਬੈਰੀਅਰ ਨੇੜੇ ਚੱਲ ਰਿਹਾ ਧਰਨਾ ਬੁੱਧਵਾਰ ਨੂੰ ਸਰਕਾਰ ਤੇ ਯੂਨੀਅਨ ਵਿਚਕਾਰ ਬੈਠਕ ਤੋਂ ਬਾਅਦ ਵੀਰਵਾਰ ਸਵੇਰੇ 10 ਵਜੇ ਚੁੱਕ ਦ..


ਚੰਡੀਗੜ੍ਹ/ਰਾਜਪੁਰਾ : ਟਰੱਕ ਆਪ੍ਰੇਟਰ ਯੂਨੀਅਨਾਂ ਦੀ ਬਹਾਲੀ ਲਈ ਬੀਤੇ ਛੇ ਦਿਨਾਂ ਤੋਂ ਪੰਜਾਬ-ਹਰਿਆਣਾ ਹੱਦ ’ਤੇ ਸ਼ੰਭੂ ਬੈਰੀਅਰ ਨੇੜੇ ਚੱਲ ਰਿਹਾ ਧਰਨਾ ਬੁੱਧਵਾਰ ਨੂੰ ਸਰਕਾਰ ਤੇ ਯੂਨੀਅਨ ਵਿਚਕਾਰ ਬੈਠਕ ਤੋਂ ਬਾਅਦ ਵੀਰਵਾਰ ਸਵੇਰੇ 10 ਵਜੇ ਚੁੱਕ ਦਿੱਤਾ ਜਾਵੇਗਾ। ਟਰੱਕ ਆਪ੍ਰੇਟਰਾਂ ਦੀ ਕਮੇਟੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਕ ਮਹੀਨੇ ਦੇ ਅੰਦਰ ਟ੍ਰਾਂਸਪੋਰਟ ਪਾਲਿਸੀ ਬਣਾਉਣ ਦਾ ਲਿਖਤੀ ਭਰੋਸਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ’ਚ ਟਰੱਕ ਯੂਨੀਅਨਾਂ ਖ਼ਤਮ ਕਰਨ ਦੇ ਵਿਰੋਧ ਤੇ ਯੂਨੀਅਨਾਂ ਬਹਾਲ ਕਰਨ ਦੀ ਮੰਗ ਲੈ ਕੇ ਸੂਬੇ ਦੀਆਂ 134 ਟਰੱਕ ਯੂਨੀਅਨਾਂ ਬੀਤੇ ਛੇ ਦਿਨਾਂ ਤੋਂ ਪੰਜਾਬ ਹਰਿਆਣਾ ਹੱਦ ’ਤੇ ਪੈਂਦੇ ਸ਼ੰਭੂ ਬੈਰੀਅਰ ’ਤੇ ਧਰਨੇ ’ਤੇ ਬੈਠੇ ਹਨ। ਇਸ ਨਾਲ ਅੰਮ੍ਰਿਤਸਰ-ਦਿੱਲੀ ਰਾਜਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮਸਲੇ ਦੇ ਹੱਲ ਲਈ ਬੁੱਧਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ ਕਮੇਟੀ ਦੇ ਤੇ ਟਰੱਕ ਆਪ੍ਰੇਟਰ ਯੂਨੀਅਨ ਦੀ 13 ਮੈਂਬਰੀ ਕੋਰ ਕਮੇਟੀ ਵਿਚਕਾਰ ਬੈਠਕ ਹੋਈ।

ਇਸ ਬੈਠਕ ’ਚ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਚੇਤਨ ਸਿੰਘ ਜ਼ੋੜੇਮਾਜਰਾ, ਹਲਕਾ ਘਨੋਰ ਤੋਂ ਵਿਧਾਇਕ ਗੁਰਲਾਲ ਘਨੋਰ ਤੇ ਟਰਾਂਸਪੋਰਟ ਸੈਕਟਰੀ ਹਾਜ਼ਰ ਰਹੇ। ਜਦਕਿ ਯੂਨੀਅਨ ਵੱਲੋਂ ਹੈਪੀ ਸੰਧੂ, ਅਜੈ ਸਿੰਗਲਾ, ਪਰਮਜੀਤ ਸਿੰਘ ਫਾਜ਼ਿਲਕਾ, ਗੁਰਨਾਮ ਸਿੰਘ ਜ਼ੋਹਲ, ਰੇਸ਼ਮ ਸਿੰਘ, ਜ਼ਸਵੀਰ ਸਿੰਘ ਉਪਲ, ਗੁਰਬਚਨ ਸਿੰਘ ਵਿਰਕ, ਹਰਦੀਪ ਸਿੰਘ ਤੂਰ, ਗੁਰਮੀਤ ਸਿੰਘ ਕਾਕਾ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਬਰਾੜ, ਸਿਆਮ ਸਿੰਘ, ਮਨਜੋਤ ਪ੍ਰਿੰਸ ਸ਼ਾਮਲ ਹੋਏ। ਕਰੀਬ ਢਾਈ ਘੰਟੇ ਚੱਲੀ ਬੈਠਕ ’ਚ ਸਰਕਾਰ ਨੇ ਭਰੋਸਾ ਦਿੱਤਾ ਕਿ ਟਰੱਕ ਆਪ੍ਰੇਟਰਾਂ ਦੀ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖੀ ਜਾਵੇਗੀ ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਹੜੀ ਨਵੀਂ ਟ੍ਰਾਂਸਪੋਰਟ ਨੀਤੀ ਬਣਾਏਗੀ।

ਸਬ ਕਮੇਟੀ ਦੇ ਮੈਂਬਰ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਰਕਾਰ ਛੋਟੇ ਟਰੱਕ ਆਪ੍ਰੇਟਰਾਂ ਤੇ ਸਨਅਤਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਉਨ੍ਹਾਂ ਦੱਸਿਆ ਕਿ 11 ਮੈਂਬਰੀ ਕਮੇਟੀ ’ਚ ਚਾਰ ਮੈਂਬਰ ਪੰਜਾਬ ਸਰਕਾਰ, ਚਾਰ ਮੈਂਬਰ ਟਰੱਕ ਆਪ੍ਰੇਟਰ ਯੂਨੀਅਨ ਤੇ ਤਿੰਨ ਮੈਂਬਰ ਵਪਾਰ ਤੇ ਸਨਅਤ ਵਰਗ ਨਾਲ ਸਬੰਧਤ ਹੋਣਗੇ। ਇਹ ਕਮੇਟੀ 31 ਜਨਵਰੀ 2023 ਤੱਕ ਨੀਤੀ ਤਿਆਰ ਕਰ ਕੇ ਲਾਗੂ ਕਰਵਾਏਗੀ। ਸਬ ਕਮੇਟੀ ਨੇ ਭਰੋਸਾ ਦਿੱਤਾ ਕਿ ਜਦੋਂ ਤੱਕ ਨਵੀਂ ਟਰਾਂਸਪੋਰਟ ਨੀਤੀ ਫਾਈਨਲ ਨਹੀ ਹੋ ਜਾਂਦੀ ਉਦੋਂ ਤੱਕ ਸੂਬੇ ਅੰਦਰ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਚੱਲਦੀਆਂ ਰਹਿਣਗੀਆਂ। ਇਸ ਬਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ ਨੂੰ ਕਹਿ ਦਿੱਤਾ ਜਾਵੇਗਾ।

ਮੀਟਿੰਗ ਤੋਂ ਬਾਅਦ ਟਰੱਕ ਆਪ੍ਰੇਟਰ ਯੂਨੀਅਨ ਦੀ ਕੋਰ ਕਮੇਟੀ ਦੇ ਮੈਂਬਰ ਅਜੈ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਨਾ ਚੁੱਕਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪ੍ਰੇਟਰ ਸਰਕਾਰ ਦੇ ਭਰੋਸੇ ਨਾਲ ਸਹਿਮਤ ਹਨ। ਟਰੱਕ ਆਪ੍ਰੇਟਰ ਕਮੇਟੀ ਦੇ ਸੀਨੀਅਰ ਮੈਂਬਰ ਹੈੱਪੀ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਸਬੰਧੀ ਲਿਖਤੀ ਭਰੋਸਾ ਮਿਲ ਚੁੱਕਾ ਹੈ ਤੇ ਧਰਨਾ ਵੀਰਵਾਰ ਸਵੇਰੇ 10 ਵਜੇ ਤੱਕ ਚੁੱਕ ਦਿੱਤਾ ਜਾਵੇਗਾ।

ਹਾਲਾਂਕਿ ਇਸ ਤੋਂ ਪਹਿਲਾਂ ਇਹ ਵੀ ਖ਼ਬਰਾਂ ਆ ਰਹੀਆਂ ਸਨ ਕਿ ਸਰਕਾਰ ਵੱਲੋਂ ਲਿਖਤੀ ਭਰੋਸਾ ਨਾ ਦਿੱਤੇ ਜਾਣ ਕਾਰਨ ਧਰਨਾ ਜਾਰੀ ਰੱਖਿਆ ਜਾਵੇਗਾ।

Send this to a friend