ਕੋਟਕਪੂਰਾ :- ਪੰਜਾਬ ਦੇ ਪਾਣੀਆਂ ਲਈ ਚਿੰਤਤ ਅਤੇ ਵਾਤਾਵਰਣ ਦੀ ਸੰਭਾਲ ਲਈ ਫਿਕਰਮੰਦ ਰਹਿਣ ਵਾਲੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਵਾਰ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟ, ਰਾਜ ਸਭਾ ਮੈਂਬਰ, ਵਿਧਾਇਕ, ਆਈਏਐੱਸ, ਪੀਸੀਐੱਸ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ, ਐਸੋਸੀਏਸ਼ਨਾ, ਯੂਨੀਅਨਾਂ ਆਦਿ ਦੇ ਨੁਮਾਇੰਦਿਆਂ ਨੂੰ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਭੇਜੇ ਗਰੀਟਿੰਗ ਕਾਰਡਾਂ ਵਿੱਚ ਪਾਣੀਆਂ ਦੀ ਬੱਚਤ, ਵਾਤਾਵਰਣ ਦੀ ਸੰਭਾਲ, ਮਾਂ ਬੋਲੀ ਦੇ ਸਤਿਕਾਰ, ਧਰਤੀ ਅਤੇ ਧੀਆਂ ਦੇ ਸਤਿਕਾਰ ਬਾਰੇ ਵਿਸ਼ੇਸ਼ ਜਿਕਰ ਕਰਦਿਆਂ ਵਿਲੱਖਣ ਸੁਨੇਹਾ ਦਿੱਤਾ ਹੈ।
ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਮੁਤਾਬਿਕ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਿਛਲੇ 20 ਸਾਲਾਂ ਅਰਥਾਤ ਦੋ ਦਹਾਕਿਆਂ ਤੋਂ ਮਾਂ ਬੋਲੀ ਦੇ ਸਤਿਕਾਰ, ਪਾਣੀਆਂ ਦੀ ਬੱਚਤ ਅਤੇ ਵਾਤਾਵਰਣ ਦੀ ਸੰਭਾਲ ਵਾਲੇ ਕਾਰਜਾਂ ਪ੍ਰਤੀ ਚਿੰਤਤ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਉਹਨਾਂ ਨੇ ਆਉਣ ਵਾਲੇ ਨਵੇਂ ਵਰੇ ਦੀਆਂ ਮੁਬਾਰਕਾਂ ਦੇਣ ਦੇ ਨਾਲ ਨਾਲ ਉਕਤ ਰਿਸ਼ਤਿਆਂ ਅਤੇ ਸਰੋਤਾਂ ਦੀ ਸੰਭਾਲ ਦਾ ਵੀ ਵਿਲੱਖਣ ਸੁਨੇਹਾ ਦੇਣ ਦੀ ਕੌਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਹਜਾਰਾਂ ਦੀ ਗਿਣਤੀ ਵਿੱਚ ਛਪਵਾਏ ਉਕਤ ਗਰੀਟਿੰਗ ਕਾਰਡਾਂ ਵਿੱਚ ‘ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਵਰਾ ਪੰਜਾਬ ਸੂਬੇ ਦੀ ਤਰੱਕੀ ਲਈ ਨਵੀਆਂ ਰਾਹਾਂ ਅਤੇ ਨਵੀਆਂ ਪ੍ਰਾਪਤੀਆਂ ਵਾਲਾ ਹੋਵੇ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਪਰਾਲੇ ਕਰਦੇ ਰਹਾਂਗੇ’।
ਆਉ ਇਸ ਨਵੇਂ ਵਰੇ ਦੀ ਆਮਦ ’ਤੇ ਪੰਜਾਬ ਦੀ ਧਰਤੀ ਅਤੇ ਪਾਣੀ ਨੂੰ ਬਚਾਉਣ ਦਾ ਅਹਿਦ ਕਰੀਏ, ਨਵਾਂ ਵਰਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ। ‘ਧੀਆਂ, ਧਰਤੀ, ਹਵਾ, ਮਾਂ ਬੋਲੀ ਅਤੇ ਪਾਣੀ-ਜੇ ਨਾ ਸੰਭਲੇ ਤਾਂ ਸਮਝਿਉ ਖਤਮ ਕਹਾਣੀ’। ਮਣੀ ਧਾਲੀਵਾਲ ਮੁਤਾਬਿਕ ਕੁਝ ਗਰੀਟਿੰਗ ਕਾਰਡਾਂ ਰਾਹੀਂ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਸਕੂਲ ਵਿੱਚ ਪੜਦੇ ਬੱਚਿਆਂ ਅਰਥਾਤ ਵਿਦਿਆਰਥੀਆਂ ਦੇ ਹੱਥਾਂ ਵਿੱਚ ਕਾਪੀਆਂ ਅਤੇ ਪੁਰਾਤਨ ਸਮੇਂ ਵਿੱਚ ਵਰਤੀ ਜਾਂਦੀ ਲੱਕੜ ਦੀ ਫੱਟੀ ਉੱਪਰ ‘ੳ, ਅ, ੲ, ਸ, ਹ’ ਅਰਥਾਤ 35 ਅੱਖਰ ਅੰਕਿਤ ਕਰਕੇ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ ਹੈ।