June 3, 2026 5:40 am

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ, ਮੇਅਰ ਦੇ ਹੁਕਮਾਂ ’ਤੇ ਮਾਰਸ਼ਲਾਂ ਨੇ ਕੌਂਸਲਰਾਂ ਨੂੰ ਸਦਨ ’ਚੋਂ ਕੱਢਿਆ

ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਨਗਰ ਨਿਗਮ ਦੀ ਆਖਰੀ ਜਨਰਲ ਹਾਊਸ ਦੀ ਮੀਟਿੰਗ ਵਿਚ ਜ਼ਬਰਦਸਤ ਹੰਗਾਮਾ ਹੋਇਆ। ਸਦਨ ਵਿਚ ਮੌਜੂਦ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਸਪੱਸ਼ਟ ਕਰ ਦਿੱਤਾ ਕਿ


ਚੰਡੀਗੜ੍ਹ : ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਨਗਰ ਨਿਗਮ ਦੀ ਆਖਰੀ ਜਨਰਲ ਹਾਊਸ ਦੀ ਮੀਟਿੰਗ ਵਿਚ ਜ਼ਬਰਦਸਤ ਹੰਗਾਮਾ ਹੋਇਆ। ਸਦਨ ਵਿਚ ਮੌਜੂਦ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਉਦੋਂ ਤਕ ਸਦਨ ਨਹੀਂ ਚੱਲਣ ਦੇਣਗੇ ਜਦੋਂ ਤਕ ਲੋਕਾਂ ’ਤੇ ਲਗਾਏ ਜਾ ਰਹੇ ਟੈਕਸ ਬਾਰੇ ਜਵਾਬ ਨਹੀਂ ਦਿੱਤਾ ਜਾਂਦਾ। ਇਸ ਦੇ ਨਾਲ ਹੀ ‘ਆਪ’ ਕੌਂਸਲਰ ਪੇ੍ਰਮ ਲਤਾ ਨੇ ਸਦਨ ’ਚ ਦੋਸ਼ ਲਾਇਆ ਕਿ ਮੇਅਰ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਕਾਫੀ ਦੇਰ ਤਕ ਵਿਰੋਧੀ ਧਿਰ ਨੇ ਮੇਅਰ ਸਮੇਤ ਕਈ ਮੁੱਦਿਆਂ ’ਤੇ ਭਾਜਪਾ ਨੂੰ ਘੇਰਿਆ।

ਮੇਅਰ ਸਰਬਜੀਤ ਕੌਰ ਨੇ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਸਰਵਿਸ ਚਾਰਜ ਲਾਇਆ ਗਿਆ ਹੈ, ਇਸ ਲਈ ਹਾਊਸ ਵਿਚ ਹੰਗਾਮਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੇਅਰ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਹ ਸਰਵਿਸ ਚਾਰਜ ਸ਼ਹਿਰ ਵਾਸੀਆਂ ’ਤੇ ਲਗਾਇਆ ਜਾਵੇ। ਸ਼ਹਿਰ ਦੀ ਕੌਂਸਲਰ ਪੇ੍ਰਮ ਲਤਾ ਨੇ ਘਰਾਂ ਦੇ ਬਾਹਰ ਪੇਡ ਪਾਰਕਿੰਗ ਲਗਾਉਣ ਦਾ ਮੁੱਦਾ ਵੀ ਉਠਾਇਆ ਜਿਸ ’ਤੇ ਮੇਅਰ ਨੇ ਕਿਹਾ ਕਿ ਇਹ ਪ੍ਰਸਤਾਵ ਪ੍ਰਸ਼ਾਸਨ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੇ ਮੇਅਰ ਨੂੰ ਇਸ ਮੁੱਦੇ ’ਤੇ ਪ੍ਰਸ਼ਾਸਨ ਖ਼ਿਲਾਫ਼ ਉਨ੍ਹਾਂ ਨਾਲ ਧਰਨੇ ’ਤੇ ਬੈਠਣ ਲਈ ਕਿਹਾ ਪਰ ਮੇਅਰ ਨੇ ਕਿਹਾ ਕਿ ਉਹ ਧਰਨੇ ’ਤੇ ਨਹੀਂ ਬੈਠ ਸਕਦੇ।

ਸਦਨ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪਹਿਲਾਂ ਮੇਅਰ ਦੀ ਸੀਟ ਅੱਗੇ ਹੰਗਾਮਾ ਕੀਤਾ, ਫਿਰ ਸਦਨ ’ਚ ਹੀ ਧਰਨੇ ’ਤੇ ਬੈਠ ਗਏ ਅਤੇ ਸਦਨ ਦੀ ਕਾਰਵਾਈ ਨਾ ਚੱਲਣ ਦਿੱਤੀ। ਮੇਅਰ ਸਰਬਜੀਤ ਕੌਰ ਨੇ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ’ਚ ਜਾ ਕੇ ਹੰਗਾਮਾ ਕੀਤਾ। ਉਨ੍ਹਾਂ ਨੂੰ ਸੀਟਾਂ ਰੱਖਣ ਲਈ ਕਿਹਾ ਤਾਂ ਜਦੋਂ ਉਹ ਨਾ ਮੰਨੇ ਤਾਂ ਵਿਰੋਧੀ ਧਿਰ ਦੇ ਪੰਜ ਕੌਂਸਲਰਾਂ ਨੂੰ ਮਾਰਸ਼ਲ ਬੁਲਾ ਕੇ ਸਦਨ ਤੋਂ ਬਾਹਰ ਭੇਜ ਦਿੱਤਾ ਗਿਆ। ਜਦੋਂ ਕੌਂਸਲਰ ਬਾਹਰ ਜਾਣ ਲਈ ਤਿਆਰ ਨਾ ਹੋਏ ਤਾਂ ਮਾਰਸ਼ਲ ਅਤੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋ ਗਈ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸਦਨ ’ਚ ‘ਗੁੰਡਾਗਰਦੀ’ ਦੇ ਦੋਸ਼ ਲਾਉਂਦਿਆਂ ਭਾਜਪਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਸਦਨ ’ਚ ਵਿਰੋਧੀ ਧਿਰ ਤੇ ਭਾਜਪਾ ਦੇ ਕੌਂਸਲਰਾਂ ਨੇ ਇਕ ਦੂਜੇ ਨੂੰ ‘ਗੁੰਡਾ’ ਕਹਿ ਕੇ ਸੰਬੋਧਨ ਕੀਤਾ।

ਆਪ’ ਕੌਂਸਲਰ ਅੰਜੂ ਕਤਿਆਲ, ਦਮਨਪ੍ਰੀਤ ਸਿੰਘ, ਲਖਬੀਰ ਸਿੰਘ, ਰਾਮਚੰਦਰ ਯਾਦਵ ਅਤੇ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਨੂੰ ਸਦਨ ਵਿਚੋਂ ਮੁਅੱਤਲ ਕਰ ਦਿੱਤਾ ਗਿਆ। ਬਾਅਦ ’ਚ ਹਾਊਸ ’ਚ ਮੌਜੂਦ ਹੋਰ ਸਾਰੇ ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਨੇ ਵੀ ਬਾਹਰ ਬੈਠੇ ਕੌਂਸਲਰਾਂ ਦੇ ਸਮਰਥਨ ’ਚ ਹਾਊਸ ਦਾ ਬਾਈਕਾਟ ਕਰ ਦਿੱਤਾ ਅਤੇ ਬਾਹਰ ਬੈਠੇ ਕੌਂਸਲਰਾਂ ਸਮੇਤ ਧਰਨੇ ’ਤੇ ਬੈਠ ਗਏ।

Send this to a friend