ਇਤਾਲਵੀ ਕੰਪਨੀ ਆਗਸਤਾ ਵੈਸਟਲੈਂਡ ਤੋਂ 50 ਕਰੋੜ ਰੁਪਏ ਵਿਚੋਲਗੀ ਕਮਿਸ਼ਨ ਲੈਣ ਦਾ ਸੀ ਮਾਮਲਾ
ਨਵੀਂ ਦਿੱਲੀ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਵੀ ਵੀ ਆਈ ਪੀ ਹੈਲੀਕਾਪਟਰ ਸੌਦੇ ’ਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਸਾਬਕਾ ਹਵਾਈ ਸੇਨਾ ਮੁਖੀ ਐਸ ਪੀ ਤਿਆਗੀ ਖਿਲਾਫ ਏਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸੇ ਘੁਟਾਲੇ ਵਿੱਚ ਰਿਸ਼ਵਤ ਲੈਣ ਦੇ ਮਾਮਲੇ ’ਚ ਤਿਆਗੀ ਭਾਰਤੀ ਸੈਨਾ ’ਚ ਦੂਜੇ ਅਧਿਕਾਰੀ ਬਣ ਗਏ ਹਨ।ਇਹ ਮੁਕੱਦਮਾ ਉਨ੍ਹਾਂ ’ਤੇ ਅਗਸਤਾ ਵੈਸਟਲੈਂਡ ਨਾਲ ਕੀਤੀ ਗਈ ਇੱਕ ਵਿਚੋਲਗੀ ਕਰਕੇ ਦਰਜ ਕੀਤਾ ਗਿਆ ਹੈ। ਇਤਾਲਵੀ ਕੰਪਨੀ ਅਗਸਤਾ ਵੈਸਟਲੈਂਡ ਨੇ ਭਾਰਤ ਨੂੰ 12 ਏ ਡਬਲਿਉ 101 ਵੀ ਆਈ ਪੀ ਹੈਲੀਕਪਟਰ ਸਪਲਾਈ ਕਰਨੇ ਸਨ। ਇਸ ਹੈਲੀਕਪਟਰ ਕੰਪਨੀ ਦੀ ਪਿਤਰੀ ਕੰਪਨੀ ਫਿਮੈਨਿਕਾ ਨੇ ਕਰੀਬ 50 ਕਰੋੜ ਕਮਿਸ਼ਨ ਵਿਚੋਲਿਆਂ ਨੂੰ ਦਿੱਤਾ ਸੀ ਜਿਸ ਵਿੱਚੋਂ
ਵੱਡੀ ਰਾਸ਼ੀ ਟਿਊਨੀਸ਼ੀਆ ਅਤੇ ਮਾਰੀਸ਼ਿਅਸ ਰਾਹੀਂ 7 ਭਾਰਤੀ ਨਾਗਰਿਕਾਂ ਨੂੰ ਆਈ ਸੀ। ਇਹ ਧਨ ਦੋ ਭਾਰਤੀ ਕੰਪਨੀਆਂ ਆਈ ਡੀ ਐਸ ਇਨਫੋਟੈਕ ਅਤੇ ਐਰੋਮੈਟ੍ਰੀਕਸ ਨਾਲ ਇੰਨਜੀਨੀਰਿੰਗ ਕੰਟਰੈਕਟਾਂ ਦੇ ਬਹਾਨੇ ਭੇਜਿਆ ਗਿਆ ਸੀ। ਸੀ ਬੀ ਆਈ ਵੱਲੋਂ ਹੋਈ ਜਾਂਚ ਦੇ ਆਧਾਰ ’ਤੇ ਇਸ ਰਿਸ਼ਵਤ ਮਾਮਲੇ ’ਚ ਲਗਾਤਾਰ ਪੜ੍ਹਤਾਲ ਚੱਲ ਰਹੀ ਸੀ। ਇਹ ਫੰਡ ਸੰਚਾਰ 2007 ਅਤੇ 2011 ਵਿੱਚਕਾਰ ਕੀਤੇ ਗਏ ਸਨ। ਇਸ ਮਾਮਲੇ ਵਿਚ ਵਿਦੇਸ਼ੀ ਮੁੱਦਰਾ ਨਿਯਮਾਂ ਹੇਠ ਸ਼ੱਕੀ ਉਲੰਘਣਾ ’ਤੇ ਪੜ੍ਹਤਾਲ ਚੱਲ ਰਹੀ ਸੀ।
ਅਗਸਤਾ ਵੈਸਟਲੈਂਡ ਵੱਲੋਂ ਜੋ ਹਵਾਈ ਜਹਾਜ਼ਾਂ ਦੀ ਮੁਢਲੀ ਉਡਨ ਦੀ ਸਮੱਰਥਾ ਦੱਸੀ ਗਈ ਸੀ, ਉਹ 4572 ਮੀਟਰ ਸੀ, ਜੋ ਲਾਜਮੀ 6000 ਮੀਟਰ ਦੀ ਲੋੜ ਨਾਲੋਂ ਘੱਟ ਸੀ। ਜਿਸ ਕਰਕੇ ਸਾਬਕਾ ਮੁਖੀ ਵੱਲੋਂ ਇਸ ਸਮਰਥਾ ਨੂੰ ਘਟਾ ਕੇ 4500 ਮੀਟਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਤਿਆਗੀ ਦੇ ਚਚੇਰੇ ਭੈਣ-ਭਰਾਵਾਂ ਸਮੇਤ 10 ਹੋਰਾਂ, ਜੂਲੀ, ਡੋਸਕਾ ਤੇ ਸੰਦੀਪ ਤਿਆਗੀ ਤੋਂ ਵੀ ਪਿਛਲੇ ਦਿਨਾਂ ਵਿੱਚ ਪੁੱਛ ਗਿੱਛ ਕੀਤੀ ਗਈ ਸੀ। ਸੀਬੀਆਈ ਦੀ ਮੁੱਢਲੀ ਜਾਂਚ ’ਚ ਵੀ ਸ਼ੱਕ ਦੀ ਸੂਈ ਤਿਆਗੀ ਵੱਲ ਹੀ ਜਾ ਰਹੀ ਸੀ।
ਈ ਡੀ ਦਾ ਦੋਸ਼ ਹੈ ਕਿ ਤਿਆਗੀ ਦੇ ਚਚੇਰੇ ਭਰਾ ਸੰਜੀਵ (ਜੂਲੀ) ਰਾਜੀਵ (ਡੋਸਕਾ) ਵਿਚੋਲੇ ਦਾ ਕੰਮ ਕਰਦੇ ਸਨ। ਇਨ੍ਹਾਂ ਦੋਨਾਂ ਨੂੰ ਟਿਊਨੀਸ਼ੀਆ ਦੀ ਕੰਪਨੀ ਗੋਰਜਡਨ ਸਰਵਿਸਿਸ ਵੱਲੋਂ ਪਹਿਲਾਂ 1.26 ਲੱਖ ਯੂਰੋ ਪ੍ਰਾਪਤ ਹੋਏ ਸਨ ਅਤੇ ਠੀਕ ਇੱਕ ਸਾਲ ਬਾਅਦ 2005 ਵਿੱਚ 2 ਲੱਖ ਯੂਰੋ ਦੀ ਫੀਸ ਦਿੱਤੀ ਗਈ ਸੀ। ਇਹ ਹੈਲੀਕੱਪਟਰ ਸੌਦੇ ਲਈ ਨਿਯਮਿਤ ਕੀਤੇ ਗਏ ਸਥਾਨ ’ਤੇ ਚਿੱਠੀ ਲੈ ਕੇ ਗਏ ਸੀ। ਬਾਅਦ ਵਿੱਚ ਟਿਊਨੀਸ਼ੀਆ ਦੀ ਇਸ ਫਰਮ ਨੂੰ ਵੇਚ ਵਟ ਦਿੱਤਾ ਗਿਆ ਤਾਂ ਜੋ ਕੋਈ ਸਬੂਤ ਹੀ ਬਾਕੀ ਨਾ ਰਹੇ। ਜਾਂਚ ਪੜ੍ਹਤਾਲ ਬਾਅਦ ਇਹ ਵੀ ਪਤਾ ਲੱਗਿਆ ਹੈ ਕਿ ਐਰੋਮੈਟ੍ਰੀਕਸ ਦੇ 82 ਪ੍ਰਤੀਸ਼ਤ ਸ਼ੇਅਰ ਇਨਫੋਟੈਕ ਡਿਜ਼ਾਈਨ ਸਿਸਟਮ (ਮਾਰੀਸ਼ਿਸ) ਦੇ ਸਨ। ਈ ਡੀ ਵੱਲੋਂ ਹੁਣ ਉਸ ਮਾਮਲੇ ਵਿੱਚ ਰਿਸ਼ਵਤ ਲੈਣ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਤਾਂ ਜੋ ਦੇਸ਼ ਨਾਲ ਸਬੰਧਤ ਕੋਈ ਵੀ ਅਧਿਕਾਰੀ ਅਪਰਾਧ ਕਰਕੇ ਬੇਖੌਫ ਨਾ ਘੁੰਮ ਸਕੇ।