ਮਾਛੀਵਾੜਾ ਸਾਹਿਬ, 20 ਜੁਲਾਈ (ਕਰਮਜੀਤ ਸਿੰਘ ਆਜ਼ਾਦ)-ਬਲਾਕ ਮਾਛੀਵਾੜਾ ਦੀਆਂ ਸਮੂਹ ਅਧਿਆਪਕ ਯੂਨੀਅਨਾਂ ਦੀ ਇੱਕ ਮੀਟਿੰਗ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਪਾਰਕ ਵਿਚ ਹੋਈ ਜਿਸ ਵਿਚ ਮਾਛੀਵਾੜਾ ਬਲਾਕ ਦੇ 20 ਸਕੂਲ ਜੋ ਕਿ ਸਮਰਾਲਾ ਬਲਾਕ ਵਿਚ ਸ਼ਾਮਿਲ ਕੀਤੇ ਜਾ ਰਹੇ ਹਨ ਉਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਵਿਰੋਧ ਕੀਤਾ ਗਿਆ। ਮੀਟਿੰਗ ਵਿਚ ਸ਼ਾਮਿਲ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਰੰਧਾਵਾ, ਬੀ.ਐਡ. ਅਧਿਆਪਕ ਫਰੰਟ ਦੇ ਪ੍ਰਧਾਨ ਹਿੰਮਤ ਸਿੰਘ, ਐਲੀਮੈਂਟਰੀ ਟੀਚਰ ਯੂਨੀਅਨ ਦੇ ਨੁਮਾਇੰਦੇ ਤੋਂ ਇਲਾਵਾ ਅਸ਼ੋਕ ਕੁਮਾਰ, ਪਰਮਜੀਤ ਸਿੰਘ ਮਾਨ, ਸਰਵਣ ਕੁਮਾਰ, ਹਰਜਿੰਦਰ ਸਿੰਘ ਸਹਿਜੋ ਮਾਜਰਾ, ਸਰਬਜੀਤ ਸਿੰਘ ਪਵਾਤ, ਮੰਗਤ ਰਾਮ, ਨਵੀਨ ਕੁਮਾਰ, ਰਾਮ ਸਿੰਘ, ਨਿਰਮਲ ਸਿੰਘ, ਹਰਵਿੰਦਰਪਾਲ ਸਿੰਘ, ਸਤੀਸ਼ ਕੁਮਾਰ, ਪ੍ਰਦੀਪ ਕੁੰਦਰਾ, ਗੁਰਦੀਪ ਸਿੰਘ ਅਢਿਆਣਾ, ਹਰਪ੍ਰੀਤ ਸਿੰਘ ਮਾਂਗਟ, ਮੈਡਮ ਹਰਦੀਪ ਕੌਰ ਗੜ੍ਹੀ ਤਰਖਾਣਾ, ਅਜਮੇਰ ਸਿੰਘ ਆਦਿ ਨੇ ਕਿਹਾ ਕਿ ਮਾਛੀਵਾੜਾ ਬਲਾਕ ਦੇ ਸਕੂਲਾਂ ਨੂੰ ਸਮਰਾਲਾ ਬਲਾਕ ਵਿਚ ਸ਼ਾਮਿਲ ਕਰਨ ਮੌਕੇ ਸਰਕਾਰ ਨੇ ਇਹ ਵੀ ਨਹੀਂ ਦੇਖਿਆ ਕਿ ਸਕੂਲਾਂ ਦੀ ਬਲਾਕ ਦਫ਼ਤਰ ਤੋਂ ਦੂਰੀ ਕਿੰਨੀ ਹੈ। ਅਧਿਆਪਕ ਯੂਨੀਅਨ ਦੇ ਆਗੂਆਂ ਅਨੁਸਾਰ ਨੂਰਪੁਰ ਤੇ ਬੁਰਜ ਪਵਾਤ ਦੀ ਮਾਛੀਵਾੜਾ ਤੋਂ ਦੂਰੀ 5 ਕਿਲੋਮੀਟਰ ਹੈ ਪ੍ਰੰਤੂ ਸਮਰਾਲਾ ਦਫ਼ਤਰ 15 ਕਿਲੋਮੀਟਰ ਦੂਰ, ਇਸ ਤੋਂ ਇਲਾਵਾ ਗੜ੍ਹੀ ਤਰਖਾਣਾ, ਅਢਿਆਣਾ, ਤੱਖਰਾਂ, ਪੂੰਨੀਆਂ ਤੇ ਰਾਣਵਾਂ ਵਰਗੇ ਸਕੂਲਾਂ ਨੂੰ ਵੀ ਮਾਛੀਵਾੜਾ ਬਲਾਕ ਨੇੜੇ ਪੈਂਦਾ ਹੈ। ਇਨ੍ਹਾਂ ਸਾਰੇ ਸਕੂਲਾਂ ਦੇ ਮੁਖੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਪੰਚਾਇਤਾਂ ਨੂੰ ਵੀ ਮਤੇ ਪਾ ਕੇ ਇਨਾਂ ਸਕੂਲਾਂ ਨੂੰ ਮਾਛੀਵਾੜਾ ਬਲਾਕ ਵਿਚ ਹੀ ਰੱਖਣ ਦੀ ਮੰਗ ਕੀਤੀ ਜਾਵੇ। ਅਧਿਆਪਕ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦੀ ਇਹ ਮੰਗ ਨਾ ਮੰਨੀ ਤਾਂ ਜ਼ਿਲ੍ਹਾ ਪੱਧਰ ਦੇ ਡੀ.ਓ. ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ।
ਮਾਛੀਵਾੜਾ ਬਲਾਕ ਦੇ 20 ਸਕੂਲ ਸਮਰਾਲਾ ਵਿੱਚ ਸ਼ਾਮਿਲ ਕਰਨ ਦਾ ਵਿਰੋਧ



