June 10, 2026 12:59 am

ਆਰਥਿਕ ਤੌਰ ’ਤੇ ਪਛੜੇ ਲੋਕਾਂ ਲਈ ਬਣਨਗੇ ਇਕ ਲੱਖ ਘਰ : ਸੁਖਬੀਰ ਬਾਦਲ

ਹਾਊਸਿੰਗ ਅਤੇ ਸ਼ਹਿਰੀ ਵਿਕਾਸ ਸੰਮੇਲਨ ਦੌਰਾਨ  ਕੇਂਦਰ ਨੂੰ ਵਿਸ਼ੇਸ਼ ਫੰਡ ਕਾਇਮ ਕਰਨ ਦੀ ਅਪੀਲ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 3 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ’ਤੇ ਪਛੜੇ ਲੋਕਾਂ ਨੂੰ ਅਗਲੇ 3 ਸਾਲਾਂ ਅੰਦਰ ਇਕ ਲੱਖ ਘਰ ਬਣਾਕੇ ਦਿੱਤੇ ਜਾਣਗੇ। ਅੱਜ ਇੱਥੇ ਸਾਰੇ ਸੂਬਿਆਂ ਦੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰੀਆਂ ਦੇ ਸੰਮੇਲਨ,  ਜਿਸ ਦੀ ਪ੍ਰਧਾਨਗੀ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਵੈਂਕਈਆ ਨਾਇਡੂ ਨੇ ਕੀਤੀ , ਦੌਰਾਨ  ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਬੋਲਦਿਆਂ ਸ. ਬਾਦਲ ਜਿਨ੍ਹਾਂ ਕੋਲ ਹਾਊਸਿੰਗ ਵਿਭਾਗ  ਵੀ ਹੈ, ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਸੂਬਿਆਂ ਦੀਆਂ ਲੋੜਾਂ ਅਨੁਸਾ ਸਕੀਮਾਂ ਬਣਾਈਆਂ ਜਾਣ ਤੇ ਵਿਸ਼ੇਸ਼ ਫੰਡ ਕਾਇਮ ਕੀਤਾ ਜਾਵੇ ਜਿਸ ਵਿਚੋਂ ਲੋੜਵੰਦਾਂ ਨੂੰ ਘਰ ਬਣਾਕੇ

ਦੇਣ ਲਈ ਗ੍ਰਾਂਟਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਲੱਖ ਘਰ ਉਸਾਰਨ ਲਈ  ਸੂਬੇ ਭਰ ਵਿਚ ਵੱਖ-ਵੱਖ ਥਾਵਾਂ ’ਤੇ 300 ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਪਣਾਈ ਨੀਤੀ ਤਹਿਤ ਸਾਰੇ ਡਿਵੈਲਪਰਾਂ ਨੂੰ ਆਪਣੇ ਪ੍ਰਾਜੈਕਟਾਂ ਦੀ 5 ਫੀਸਦੀ ਜ਼ਮੀਨ ਲੋੜਵੰਦਾਂ ਲਈ ਘਰ ਉਸਾਰਨ ਵਾਸਤੇ ਰਾਖਵੀਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਅਰਬਨ ਹਾਊਸਿੰਗ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਸ. ਬਾਦਲ ਨੇ ਸੰਮੇਲਨ ਦੌਰਾਨ ਸੁਝਾਅ ਦਿੱਤਾ ਕਿ ਗਰੀਬਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਇਕ ਵਿਸ਼ੇਸ਼ ਫੰਡ ਕਾਇਮ ਕੀਤਾ ਜਾਵੇ ਜਿਸ ਵਿਚ ਉਸਾਰੀ ਸਮੱਗਰੀ ਦੀ ਵੇਚ ’ਤੇ ਲੱਗੇ ਟੈਕਸ ਤੋਂ ਪ੍ਰਾਪਤ ਆਮਦਨ ਜਮ੍ਹਾਂ ਕਰਵਾਈ ਜਾਵੇ ਤੇ ਅੱਗੋਂ ਸੂਬਿਆਂ ਨੂੰ ਲੋੜ ਅਨੁਸਾਰ ਵੰਡਿਆ ਜਾਵੇ। ਇਸ ਤੋਂ ਇਲਾਵਾ ਸ. ਬਾਦਲ ਵਲੋਂ ਇਹ ਵੀ ਮੰਗ ਰੱਖੀ ਗਈ ਕਿ ਵਿਕਾਸ ਅਥਾਰਟੀਆਂ ਜਿਵੇਂ ਕਿ ਗਮਾਡਾ,ਪੁੱਡਾ ਤੇ ਗਲਾਡਾ ਆਦਿ ਨੂੰ ਆਮਦਨ ਕਰ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਸ਼ਹਿਰੀ ਖੇਤਰਾਂ ਵਿਚ ਲੋੜ ਅਨੁਸਾਰ ਬੁਨਿਆਦੀ ਢਾਂਚਾ ਉਸਾਰਨ ਦੇ ਨਾਲ-ਨਾਲ ਲੋੜਵੰਦਾਂ ਨੂੰ ਘਰ ਬਣਾਕੇ ਦੇ ਸਕਣ। ਇਸ ਤੋਂ ਇਲਾਵਾ ਸ. ਬਾਦਲ ਵਲੋਂ ਘਰੇਲੂ ਕਰਜ਼ ’ਤੇ ਵਿਆਜ ਦਰ ਘਟਾਉਣ ਦੀ ਵੀ ਵਕਾਲਤ ਕੀਤੀ ਗਈ । ਜਵਾਹਰ ਲਾਲ ਨਹਿਰੂ ਅਰਬਨ ਰਿਨਿਊਵਲ ਮਿਸ਼ਨ ਤਹਿਤ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸ. ਬਾਦਲ ਵਲੋਂ ਤੁਰੰਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਸੰਮੇਲਨ ਦੌਰਾਨ ਹਾਊਸਿੰਗ ਦੇ ਸਕੱਤਰ ਏ.ਵੇਣੂ ਪ੍ਰਸ਼ਾਦ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਵੀ ਹਾਜ਼ਰ ਸਨ।   

Send this to a friend