ਬਾਬਾ ਗਾਂਧਾ ਗੁਰਦੁਆਰਾ ਦੇ ਮੈਨੇਜਰ ਨੇ ਬੀਬੀ ਜਗੀਰ ਕੌਰ ਨੂੰ ਕੱਢਿਆ ਲੀਗਲ ਨੋਟਿਸ, ਕਿਹਾ- 7 ਦਿਨਾਂ ’ਚ ਬੀਬੀ ਮੰਗੇ ਮਾਫ਼ੀ

ਬਰਨਾਲਾ: ਬਾਬਾ ਗਾਂਧਾ ਗੁਰਦੁਆਰਾ ਬਰਨਾਲਾ ਦੇ ਮੈਨੇਜਰ ਵੱਲੋਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੁਆਰਾ ਲੀਗਲ ਨੋਟਿਸ ਭੇਜਿਆ ਗਿਆ ਹੈ। ਇਸ ਦੀ ਜਾਣਕਾਰੀ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਬਾਅਦ ਦੁਪਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਤੋਂ ਇੰਚਾਰਜ਼ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਬਾਬਾ ਗਾਂਧਾ ਗੁਰਦੁਆਰਾ ਸਾਹਿਬ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਚੈੱਨਲ ਵਲੋਂ ਇੰਟਰਵਿਊ ਦੌਰਾਨ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕਈ ਲੱਖ ਰੁਪਏ ਦਾ ਘਪਲਾ ਕਰਨ ’ਤੇ ਮੈਨੇਜਰ ਨੂੰ ਮੁਅੱਤਲ ਕਰਨ ਦੇ ਵਾਇਰਲ ਹੋਏ ਵੀਡਿਓ ’ਚ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਮੁੜ੍ਹ ਮੈਨੇਜਰ ਲਗਾਉਣ ਦੀ ਜਿੱਦ ’ਤੇ ਐੱਸਜੀਪੀਸੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ’ਤੇ ਚੁੱਕੇ ਸਵਾਲਾਂ ਖ਼ਿਲਾਫ਼ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਕੱਢਿਆ ਗਿਆ ਹੈ।


– 7 ਦਿਨਾਂ ’ਚ ਬੀਬੀ ਮੰਗੇ ਮਾਫ਼ੀ, ਨਹੀਂ ਹੋਵੇਗੀ ਕਾਰਵਾਈ : ਰਾਹੀ

ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਨੂੰ 7 ਦਿਨਾਂ ਦਾ ਲੀਗਲ ਨੋਟਿਸ ਕੱਢਿਆ ਗਿਆ ਹੈ ਕਿ ਜਿਸ ਤਰ੍ਹਾਂ ਬੀਬੀ ਨੇ ਇਕ ਮੈਨੇਜਰ ਨੂੰ ਬਦਨਾਮ ਕਰਨ ਤੇ ਐੱਸਜੀਪੀਸੀ ਮੈਂਬਰ ਖ਼ਿਲਾਫ਼ ਝੂਠਾ ਬੇਤੁਕਾ ਪ੍ਰਚਾਰ ਕੀਤਾ ਹੈ, ਉਸਦੀ ਜੇਕਰ ਉੁਹ ਮਾਫ਼ੀ ਨਹੀਂ ਮੰਗਦੇ ਤਾਂ 7 ਦਿਨਾਂ ਬਾਅਦ ਉਹ ਇਸ ਵੀਡਿਓ ’ਤੇ ਸਬੰਧਿਤ ਕਾਨੂੰਨੀ ਕਾਰਵਾਈ ਕਰਨ ਲਈ ਜਿੱਥੇ ਮਾਣਯੋਗ ਅਦਾਲਤ ’ਚ ਚਾਰਾਜੋਈ ਕਰਨਗੇ, ਉੱਥੇ ਹੀ ਮੈਨੇਜਰ ਵਲੋਂ ਪੁਲਿਸ ਕਾਰਵਾਈ ਨੂੰ ਵੀ ਤਵੱਜੋ ਦੇਣਗੇ। ਐਡਵੋਕੇਟ ਰਾਹੀ ਨੇ ਦੱਸਿਆ ਕਿ ਮੈਨੇਜਰ ਸੁਰਜੀਤ ਸਿੰਘ ਨੂੰ ਹੁਕਮ ਨੰਬਰ 3550 ਰਾਹੀਂ 16 ਫ਼ਰਵਰੀ 2021 ਨੂੰ ਸਸਪੈਂਡ ਕੀਤਾ ਸੀ ਤੇ ਹੁਕਮ ਨੰਬਰ 3292 ਰਾਹੀਂ 20 ਨਵੰਬਰ 2021 ਨੂੰ ਬਹਾਲ ਕੀਤਾ ਸੀ। ਇਹ ਦੋਵੇਂ ਹੁਕਮ ਐੱਸਜੀਪੀਸੀ ਦੀ ਉਸ ਸਮੇਂ ਦੀ ਪ੍ਰਧਾਨ ਬੀਬੀ ਜਗੀਰ ਵਲੋਂ ਹੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਬੀਬੀ ਨੇ ਖ਼ੁਦ ਹੀ ਦੋਸ਼ ਲਗਾਏ ਤੇ ਖ਼ੁਦ ਹੀ ਦੋਸ਼ ਮੁਕਤ ਕਰਕੇ ਬਹਾਲ ਕਰ ਸੁਰਜੀਤ ਸਿੰਘ ਨੂੰ ਬਤੌਰ ਇੰਸਪੈਕਟਰ 85 ਸ਼੍ਰੋਮਣੀ ਕਮੇਟੀ ਲਗਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਰ ਸੁਰਜੀਤ ਸਿੰਘ ਨੇ ਗਬਨ ਕੀਤਾ ਸੀ ਤਾਂ ਫ਼ਿਰ ਉਸਨੂੰ ਬਹਾਲ ਕਿਸਦੇ ਕਹਿਣ ਤੇ ਕਿਉਂ ਕੀਤਾ। ਜੇਕਰ ਜਾਂਚ ਦੌਰਾਨ ਕੋਈ ਗਬਨ ਪਾਇਆ ਹੀ ਨਹੀਂ ਗਿਆ ਤਾਂ ਫ਼ਿਰ ਹੁਣ ਵੀਡਿਓ ਪਾ ਕੇ ਉਸਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ। ਜਿਸਦੇ ਸਬੰਧ ’ਚ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਕੱਢਿਆ ਗਿਆ ਹੈ।

 ਮੈਂ ਬੀਬੀ ਨੂੰ ਵੋਟ ਤੋਂ ਕੀਤਾ ਸੀ ਮਨ੍ਹਾਂ : ਖ਼ਾਲਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬੀਬੀ ਕੋਰਾ ਝੂਠ ਬੋਲ ਰਹੀ ਹੈ। ਬੀਬੀ ਨੇ ਖ਼ੁਦ ਵੋਟ ਪਾਉਣ ਲਈ ਉਨ੍ਹਾਂ ਨਾਲ ਰਾਬਤਾ ਕੀਤਾ ਸੀ, ਜਦ ਮੈਂ ਸਾਫ਼ ਮਨ੍ਹਾਂ ਕਰ ਦਿੱਤਾ ਤਾਂ ਉਹ ਮੈਨੇਜਰ ਤੇ ਮੈਨੂੰ ਬਦਨਾਮ ਕਰਨ ਲਈ ਗੰਦੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ। ਖ਼ਾਲਸਾ ਨੇ ਦੱਸਿਆ ਕਿ ਬੀਬੀ ਨੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੂੰ ਖ਼ੁਦ ਹੀ ਅਣਗਹਿਲੀ ਤਹਿਤ ਮੁਅੱਤਲ ਕੀਤਾ ਤੇ ਊਸਦੀ ਮੁਕੰਮਲ ਜਾਂਚ ਕਰਵਾਕੇ ਖ਼ੁਦ ਹੀ ਬਹਾਲ ਕੀਤਾ ਸੀ। ਪਿਛਲੇ 1 ਸਾਲ ਤੋਂ ਉਹ ਬਤੌਰ ਐੱਸਜੀਪੀਸੀ ਦੇ ਇੰਸਪੈਕਟਰ ਨਿਯੁਕਤ ਸਨ ਤੇ ਹੁਣ ਉਹ ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਯੁਕਤ ਹੋਏ ਹਨ। ਮੈਨੇਜਰ ਸੁਰਜੀਤ ਸਿੰਘ ’ਤੇ ਕਦੇ ਵੀ ਘਪਲੇਬਾਜ਼ੀ ਦੇ ਦੋਸ਼ ਸਾਬਤ ਨਹੀਂ ਹੋਏ। ਬੀਬੀ ਜਗੀਰ ਕੌਰ ਮੈਨੂੰ ਤੇ ਮੈਨੇਜਰ ਨੂੰ ਬਦਨਾਮ ਕਰਨ ਲਈ ਝੂਠੀਆਂ ਵੀਡਿਓ ਬਣਾਕੇ ਵਾਇਰਲ ਕਰ ਰਹੀ ਹੈ, ਜਿਸ ਖ਼ਿਲਾਫ਼ ਲੀਗਲ ਨੋਟਿਸ ਕੱਢਿਆ ਗਿਆ ਹੈ। ਜੇਕਰ ਉਸਨੇ ਮੁਆਫ਼ੀ ਨਾ ਮੰਗੀ ਤਾਂ ਉਸਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

– ਮੈਨੂੰ ਫਸਾਉਣ ਦੀ ਬਹੁਤ ਕੋਸ਼ਿਸ਼ ਹੋਈ : ਮੈਨੇਜਰ

ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਭੇਜਣ ਉਪਰੰਤ ਦੱਸਿਆ ਕਿ ਮੈਨੂੰ ਫਸਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ। ਝੂਠੇ ਬਿਲ ਤਿਆਰ ਕੀਤੇ ਗਏ, 500 ਦਾ 5500 ਬਣਾਕੇ ਬਿਲ ਮੈਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਏ, ਪਰ ਵਿਭਾਗੀ ਜਾਂਚ ਦੌਰਾਨ ਮੇਰੇ ਵਲੋਂ ਓਹੀ ਬਿਲ 500 ’ਤੇ ਹੋਏ ਦਸਤਖ਼ਤਾਂ ਨੂੰ ਜਾਂਚ ਕਮੇਟੀ ਨੇ ਜਿੱਥੇ ਮੈਨੂੰ ਕਲੀਨ ਚਿੱਟ ਦਿੱਤੀ, ਉੱਥੇ ਹੀ ਐੱਸਜੀਪੀਸੀ ਦੇ ਆਲਾ-ਅਧਿਕਾਰੀਆਂ ਨੇ ਦੁੱਧੋਂ-ਦੁੱਧ, ਪਾਣੀਓ-ਪਾਣੀ ਛਾਣਕੇ ਮੇਰੇ ’ਤੇ ਲੱਗੇ ਅਣਗਹਿਲੀ ਦੇ ਦਾਗ਼ ਵੀ ਧੋਤੇ। ਮੇਰੇ ਖ਼ਿਲਾਫ਼ ਕੋਈ ਵੀ ਗਬਨ ਦੀ ਸ਼ਿਕਾਇਤ ਜਾਂ ਐੱਸਜੀਪੀਸੀ ’ਚ ਕੇਸ ਕਦੇ ਵੀ ਦਰਜ ਨਹੀਂ ਹੋਇਆ। ਜਿੰਨ੍ਹਾਂ ਅਧਿਕਾਰੀਆਂ ਨੇ ਮੈਨੂੰ ਫਸਾਉਣ ਦੇ ਤਹਿਤ ਝੂਠੇ ਬਿੱਲ ਤਿਆਰ ਕੀਤੇ ਸੀ, ਉਹ ਖ਼ੁਦ ਵਿਭਾਗ ਵਲੋਂ ਕਈ ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਤੇ ਵਿਹਲੇ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ ਐੱਸਜੀਪੀਸੀ ਦੇ ਮੈਂਬਰ ਤੇ ਅਧਿਕਾਰੀ ਇਸੇ ਗੱਲ ਤੋਂ ਉਸ ’ਤੇ ਖਫ਼ਾ ਸਨ ਕਿ ਉਸਨੇ ਬਾਬਾ ਗਾਂਧਾ ਅਧੀਨ ਆਉਂਦੀ ਸੈਂਕੜੇ ਏਕੜ ਜ਼ਮੀਨ ਤੇ ਹੋਰ ਵਪਾਰਿਕ ਕਾਰੋਬਾਰ ’ਚ ਕਦੇ ਵੀ ਗਬਨ ਨਹੀਂ ਹੋਣ ਦਿੱਤਾ। ਹਮੇਸ਼ਾ ਹੀ ਗੁਰੂਘਰ ਦੇ ਹਿੱਤ ਲਈ ਡਿਊਟੀ ਨੂੰ ਸੇਵਾ ਸਮਝਕੇ ਕੀਤਾ ਹੈ। ਬੀਬੀ ਵਲੋਂ ਵਾਇਰਲ ਕੀਤੀ ਵੀਡਿਓ ਖ਼ਿਲਾਫ਼ ਉਨ੍ਹਾਂ ਨੇ ਲੀਗਲ ਨੋਟਿਸ ਹੀ ਨਹੀਂ ਕੱਢਿਆ, ਸਗੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

Send this to a friend