ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਖੇਤੀ ਵੰਨ-ਸੁਵੰਨਤਾ ਪ੍ਰੋਗਰਾਮ ਦੇ ਇਕ ਹਿੱਸੇ ਵਜੋਂ ਸੂਬੇ ਦੇ ਇੱਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿੱਚ ਸਵੈ-ਰੋਜ਼ਗਾਰ ਲਈ ਨੌਜਵਾਨਾਂ ਦੀ ਸਿਖਲਾਈ ਵਾਸਤੇ ਇੱਕ ਪ੍ਰੋਗਰਾਮ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਅੱਜ ਸਵੇਰੇ ਇੱਥੇ ਮੁੱਖ ਮੰਤਰੀ ਨਿਵਾਸ ‘ਤੇ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਇਹ ਫ਼ੈਸਲਾ ਲਿਆ। ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਉਹ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਤਾਂ ਜੋ ਨੌਜਵਾਨਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ, ਮੱਛੀ, ਬੱਕਰੀ, ਸੂਰ, ਮਧੂ ਮੱਖੀ ਪਾਲਣ ਅਤੇ ਖੁੰਬਾਂ ਦੀ ਖੇਤੀ ਆਦਿ ਨੂੰ ਸਵੈ-ਰੋਜ਼ਗਾਰ ਵਜੋਂ ਅਪਣਾਉਣ ਦੇ ਸਮਰਥ ਬਣਾਇਆ ਜਾ ਸਕੇ।ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਲਈ ਰਾਜ ਮਧੂ ਮੱਖੀ ਬੋਰਡ ਸਥਾਪਤ ਕਰਨ ਲਈ ਢੰਗ ਤਰੀਕੇ ਤਲਾਸ਼ੇ ਜਾਣ। ਨਾਲ ਹੀ ਉਨ੍ਹਾਂ ਆਖਿਆ ਕਿ ਇਸ ਨੂੰ ਇਕ ਮਿਸ਼ਨ ਦੇ ਤੌਰ ‘ਤੇ ਲਿਆ ਜਾਵੇ ਅਤੇ ਬਾਗਬਾਨੀ ਵਿਭਾਗ ਦਾ ਇਕ ਸੀਨੀਅਰ ਅਧਿਕਾਰੀ ਜਿਸ ਦਾ ਰੈਂਕ ਸੰਯੁਕਤ ਜਾਂ ਵਧੀਕ ਡਾਇਰੈਕਟਰ ਤੋਂ ਘੱਟ ਨਾ ਹੋਵੇ, ਨੂੰ ਇਸ ਦਾ ਮਿਸ਼ਨ ਡਾਇਰੈਕਟਰ ਨਿਯੁਕਤ ਕੀਤਾ ਜਾਵੇ। ਮੁੱਖ ਮੰਤਰੀ ਦੀ ਇੱਛਾ ਮੁਤਾਬਕ ਮਧੂ ਮੱਖੀ ਬੋਰਡ ਸ਼ਹਿਦ ਦੀ ਪੈਦਾਵਾਰ, ਪ੍ਰਾਸੈਸਿੰਗ ਅਤੇ ਮਾਰਕੀਟਿੰਗ ਨਾ ਸਿਰਫ਼ ਘਰੇਲੂ ਮਾਰਕੀਟ ਵਿੱਚ ਸਗੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਕਰਨ ਲਈ ਸੰਭਾਵਨਾਵਾਂ ਦਾ ਪਤਾ ਲਾਏਗਾ। ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਇਸ ਸਬੰਧ ਵਿੱਚ ਸੂਬਾਈ ਬੋਰਡ ਦੇ ਗਠਨ ਲਈ ਨੈਸ਼ਨਲ ਬੀ ਬੋਰਡ ਪਾਸੋਂ ਲੋੜੀਂਦੀ ਅਹਿਮ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਦੇ ਮੈਂਬਰਾਂ ਵਿਚੋਂ ਇੱਕ ਮੈਂਬਰ ਨੂੰ ਤਕਨੀਕੀ ਮਾਹਿਰ ਵਜੋਂ ਵੀ ਬੋਰਡ ਵਿੱਚ ਸ਼ਾਮਲ ਕਰਨ। ਉਨ੍ਹਾਂ ਬਾਗਬਾਨੀ ਵਿਭਾਗ ਨੂੰ ਆਖਿਆ ਕਿ ਸੂਬੇ ਵਿੱਚ ਸਾਰੇ ਮਧੂ ਮੱਖੀ ਪਾਲਕਾਂ ਦੀ ਇਕ ਡਾਇਰੈਕਟਰੀ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਸ਼ਹਿਦ ਦੀ ਪੈਦਾਵਾਰ ਅਤੇ ਸੰਭਾਲ ਬਾਰੇ ਸਿਖਲਾਈ ਦਿੱਤੀ ਜਾ ਸਕੇ। ਨਾਲ ਹੀ ਉਨ੍ਹਾਂ ਆਖਿਆ ਕਿ ਡਾਇਰੈਕਟਰੀ ਦੇ ਰੂਪ ਵਿੱਚ ਇਕੱਠੀ ਕੀਤੀ ਜਾਣਕਾਰੀ ਨਾਲ ਮੌਜ਼ੂਦਾ ਮਧੂ ਮੱਖੀ ਪਾਲਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਮੀਟਿੰਗ ਦੌਰਾਨ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਨੇ ਸ. ਬਾਦਲ ਨੂੰ ਜਾਣੂ ਕਰਵਾਇਆ ਕਿ ਇਸ ਵੇਲੇ ਸੂਬੇ ਵਿੱਚ ਲਗਪਗ 33000 ਮਧੂ ਮੱਖੀ ਪਾਲਕ ਹਨ ਜਿਨ੍ਹਾਂ ਨੇ ਇਸ ਕਿੱਤੇ ਨੂੰ ਵਪਾਰ ਵਜੋਂ ਅਪਣਾਇਆ ਹੋਇਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਇਸ ਨੂੰ ਸਹਾਇਕ ਕਿੱਤੇ ਵਜੋਂ ਉਭਾਰਨ ਲਈ ਵੱਧ ਤੋਂ ਵੱਧ ਇਸ ਕਿੱਤੇ ਵੱਲ ਉਤਸ਼ਾਹਤ ਕੀਤੇ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਕਿੱਤੇ ਨਾਲ ਘੱਟੋ-ਘੱਟ ਇੱਕ ਲੱਖ ਵਿਅਕਤੀਆਂ ਨੂੰ ਜੋੜਨ ਦਾ ਟੀਚਾ ਮਿੱਥਣਾ ਚਾਹੀਦਾ ਹੈ। ਇਸ ਉਪਰਾਲੇ ਨਾਲ ਨਾ ਸਿਰਫ਼ ਲੋਕਾਂ ਨੂੰ ਮਧੂ ਮੱਖੀ ਪਾਲਣ ਨੂੰ ਇਕ ਲਾਭਕਾਰੀ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ ਸਗੋਂ ਸੂਬੇ ਵਿੱਚ ਖੇਤੀ ਦੇ ਡਾਵਾਂਡੋਲ ਹੋਏ ਪੱਧਰ ਨੂੰ ਵੀ ਮਜ਼ਬੂਤ ਕੀਤਾ ਜਾ ਸਕੇਗਾ। ਸ. ਬਾਦਲ ਨੇ ਬਾਗਬਾਨੀ ਵਿਭਾਗ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫ਼ੈਡ ਨਾਲ ਤਾਲਮੇਲ ਕਰਨ ਲਈ ਆਖਿਆ ਤਾਂ ਕਿ ਮਧੂ ਮੱਖੀ ਪਾਲਕਾਂ ਨੂੰ ਮਾਰਕਫ਼ੈਡ ਦੇ ਪ੍ਰਮੁੱਖ ਬਰਾਂਡ ‘ਸੋਹਣਾ’ ਤਹਿਤ ਮੰਡੀਕਰਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਮੁੱਖ ਮੰਤਰੀ ਨੇ ਕੌਮੀ ਬਾਗਬਾਨੀ ਮਿਸ਼ਨ ਤਹਿਤ ਸਾਲ 2013-14 ਲਈ ਬਾਗਬਾਨੀ ਵਿਭਾਗ ਦੇ 75 ਕਰੋੜ ਦੇ ਐਕਸ਼ਨ ਪਲਾਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਵਿਚੋਂ 30 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਭਾਰਤ ਸਰਕਾਰ ਪਾਸੋਂ ਮਿਲ ਗਈ। ਬਾਗਬਾਨੀ ਵਿਭਾਗ ਦੇ ਪ੍ਰਵਾਨ ਹੋਏ ਪ੍ਰੋਗਰਾਮ ਤਹਿਤ ਵੱਧ ਝਾੜ ਵਾਲੀਆਂ ਕਿਸਮਾਂ ਵਾਲੇ ਫਲਾਂ ਦੇ ਨਵੇਂ ਬਾਗ ਸਥਾਪਤ ਕਰਨ ਦੇ ਨਾਲ ਨਾਲ ਤਿੰਨ ਹਾਈਟੈੱਕ ਨਰਸਰੀਆਂ ਵੀ ਕਾਇਮ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚੋਂ ਦੋ ਨਰਸਰੀਆਂ ਕਿਨੂੰਆਂ ਦੀਆਂ ਅਤੇ ਇਕ ਨਰਸਰੀ ਅਮਰੂਦਾਂ ਦੀ ਹੋਵੇਗੀ। ਇਹ ਨਰਸਰੀਆਂ ਇਨ੍ਹਾਂ ਫਲਾਂ ਦੇ ਉਚ ਮਿਆਰੀ ਅਤੇ ਬਿਮਾਰੀ ਰਹਿਤ ਪੌਦੇ ਕਿਸਾਨਾਂ ਨੂੰ ਮੁਹੱਈਆ ਕਰਵਾਉਣਗੀਆਂ।
ਖੇਤੀ ਤੇ ਸਹਾਇਕ ਧੰਦਿਆਂ ‘ਚ ਸਵੈ-ਰੋਜ਼ਗਾਰ ਲਈ ਨੌਜਵਾਨਾਂ ਨੂੰ ਮਿਲੇਗੀ ਸਿਖਲਾਈ



