June 9, 2026 5:25 pm

ਬਾਦਲ ਵਲੋਂ ਸਤਿਗੁਰੂ ਰਾਮ ਸਿੰਘ ਐਵਾਰਡ ਸ਼ੁਰੂ ਕਰਨ ਦੀ ਪ੍ਰਵਾਨਗੀ

ਵਾਈਸ ਚਾਂਸਲਰਾਂ ਨੂੰ ਸਤਿਗੁਰੂ ਰਾਮ ਸਿੰਘ ਤੇ ਕੂਕਾ ਲਹਿਰ ਬਾਰੇ ਚੈਪਟਰ ਪਾਠਕ੍ਰਮ ਵਿੱਚ ਸ਼ਾਮਲ ਕਰਨ ਲਈ ਆਖਿਆ

Page-1_03 ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਸਤਿਗੁਰ ਰਾਮ ਸਿੰਘ ਨੂੰ ਸ਼ਰਧਾਂਜਲੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਨਾਂ ਉਤੇ ਇੱਕ ਐਵਾਰਡ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਵਿਖੇ ਅੱਜ ਸਵੇਰੇ ਕੂਕਾ ਸ਼ਹੀਦ ਯਾਦਗਾਰ ਟਰੱਸਟ ਦੇ ਇੱਕ ਵਫ਼ਦ ਦੇ ਨਾਲ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਟਰੱਸਟ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਨਾਲ ਇਸ ਐਵਾਰਡ ਵਾਸਤੇ ਰੂਪ ਰੇਖਾ ਤਿਆਰ ਕਰਨ ਲਈ ਰਾਜ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਆਖਿਆ ਹੈ। ਇਹ ਵਫ਼ਦ ਆਪਣੇ ਪ੍ਰਧਾਨ ਬਾਬਾ ਸੁਰਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਵਿੱਚ ਆਇਆ ਸੀ। ਉਨ੍ਹਾਂ ਨੇ ਰਾਜ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਰਾਸ਼ਟਰੀ ਆਜ਼ਾਦੀ ਸੰਘਰਸ਼ ਵਿੱਚ ਕੂਕਾ

ਲਹਿਰ ਦੇ ਯੋਗਦਾਨ ਸਬੰਧੀ ਇੱਕ ਬਰਾਸ਼ਰ ਅਤੇ ਸਤਿਗੁਰੂ ਰਾਮ ਸਿੰਘ ਜੀ ਬਾਰੇ ਇੱਕ ਕ¦ਡਰ ਪ੍ਰਕਾਸ਼ਤ ਕਰਨ ਦਾ ਕੰਮ ਵੀ ਸੌਂਪਿਆ ਹੈ ਤਾਂ ਜੋ ਉਨ੍ਹਾਂ ਦੀ ਅਮੀਰ ਵਿਰਾਸਤ ਅਤੇ ਦਰਸ਼ਨ ਬਾਰੇ ਭਵਿੱਖੀ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਅਤੇ ਕੂਕਾ ਲਹਿਰ ਨਾਲ ਸਬੰਧਤ ਚੈਪਟਰ ਬੀ.ਏ., ਐਮ.ਏ. ਅਤੇ ਐਮ.ਫਿਲ ਦੀਆਂ ਕਲਾਸਾਂ ਲਈ ਪਾਠਕ੍ਰਮ ਵਿੱਚ ਸ਼ਾਮਲ਼ ਕਰਨ ਲਈ ਆਖਿਆ ਹੈ।
ਉਨ੍ਹਾਂ ਨੇ ਸ਼੍ਰੀ ਭੈਣੀ ਸਾਹਿਬ ਤੋਂ ਲੁਧਿਆਣਾ ਅਤੇ ਚੰਡੀਗੜ੍ਹ ਅਤੇ ਸ਼੍ਰੀ ਭੈਣੀ ਸਾਹਿਬ ਤੋਂ ਜੀਵਨ ਨਗਰ (ਸਿਰਸਾ, ਹਰਿਆਣਾ) ਦੇ ਬੱਸ ਰੂਟ ਸ਼ੁਰੂ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਅਤੇ ਰਾਜ ਟ੍ਰਾਂਸਪੋਰਟ ਵਿਭਾਗ ਨੂੰ ਇਸ ਸਬੰਧ ਵਿੱਚ ਜਲਦੀ ਤੋਂ ਜਲਦੀ ਜ਼ਰੂਰੀ ਕਦਮ ਚੁੱਕਣ ਲਈ ਆਖਿਆ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਕੂਕਾ ਲਹਿਰ ਬਾਰੇ ਨੁਮਾਇਸ਼ਾਂ ਅਤੇ ਲਾਈਟ ਐਂਡ ਸਾਊਂਡ ਸ਼ੋਅ ਆਯੋਜਤ ਕਰਨ ਸਬੰਧੀ ਵਫ਼ਦ ਦੀ ਮੰਗ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਘੋਖਣ ਲਈ ਕਿਹਾ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਸਕੂਲਾਂ ਦਾ ਨਾਂ ਕੂਕਾ ਸ਼ਹੀਦਾਂ ਦੇ ਨਾਂ ‘ਤੇ ਰੱਖੇ ਜਾਣ ਦੀ ਮੰਗ ਦੇ ਸਬੰਧ ਵਿੱਚ ਸਿੱਖਿਆ ਵਿਭਾਗ ਨੂੰ ਸ਼ਹੀਦਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਆਖਿਆ ਹੈ ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਦੀਆਂ ਵੱਖ ਵੱਖ ਲਹਿਰਾਂ ਵਿੱਚ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ। ਸਤਿਗੁਰੂ ਰਾਮ ਸਿੰਘ ਜੀ ਅਤੇ ਕੂਕਾ ਲਹਿਰ ਬਾਰੇ ਡਾਕੂਮੈਂਟਰੀ ਫਿਲਮ ਬਣਾਉਣ ਸਬੰਧੀ ਮੰਗ ਬਾਰੇ ਮੁੱਖ ਮੰਤਰੀ ਨੇ ਟਰੱਸਟ ਦੇ ਮੈਂਬਰਾਂ ਨੂੰ ਦੱਸਿਆ ਕਿ ਰਾਜ ਸਰਕਾਰ ਵਲੋਂ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਸ਼ਟਰੀ ਆਜ਼ਾਦੀ ਸੰਘਰਸ਼ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਪੰਜਾਬੀ ਨਾਇਕਾਂ ਦੇ ਜੀਵਨ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਇਸ ਯਾਦਗਾਰ ਵਿੱਚ ਕੂਕਾ ਲਹਿਰ ਸਮੇਤ  ਆਜ਼ਾਦੀ ਸੰਘਰਸ਼ ਦੀਆਂ ਸਾਰੀਆਂ ਲਹਿਰਾਂ ਦੇ ਸ਼ਹੀਦਾਂ ਦੇ ਜੀਵਨ ਸਬੰਧੀ ਡੇਢ ਘੰਟੇ ਦੀ ਦਸਤਾਵੇਜੀ ਫਿਲਮ ਬਣਾ ਕੇ ਪ੍ਰਦਰਸ਼ਤ ਕੀਤੀ ਜਾਵੇਗੀ ਜੋ ਉਘੇ ਫਿਲਮ ਨਿਰਦੇਸ਼ਕ ਸਿਆਮ ਬੈਨਗਲ ਵਲੋਂ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ ਵਿਖੇ ਚਾਰ ਵਾਧੂ ਕਮਰਿਆਂ ਦੀ ਉਸਾਰੀ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਅੰਜਲੀ ਭਾਵਰਾ ਨੂੰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਸੁਖਦੇਵ ਮਾਧਪੁਰੀ ਦੁਆਰਾ ਲਿਖੀ ‘ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ ਜੀ’ ਨਾਂ ਦੀ ਪੁਸਤਕ ਟਰੱਸਟ ਦੀਆਂ ਲੋੜਾਂ ਮੁਤਾਬਕ ਮੁੜ ਪ੍ਰਕਾਸ਼ਤ ਕਰਨ ਦੇ ਵੀ ਹੁਕਮ ਦਿੱਤੇ। ਸ. ਬਾਦਲ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਸ਼੍ਰੀ ਭੈਣੀ ਸਾਹਿਬ ਵਿਖੇ 695.50 ਲੱਖ ਰੁਪਏ ਦੀ ਲਾਗਤ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਸਬੰਧੀ ਪ੍ਰਾਜੈਕਟ ਨੂੰ ਵਿਸ਼ਵ ਬੈਂਕ ਦੇ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਲਈ ਕਿਹਾ ਹੈ।
ਉਨ੍ਹਾਂ ਨੇ ਮੁੱਖ ਸਕੱਤਰ ਨੂੰ ਨਾਮਧਾਰੀ ਸ਼ਹੀਦਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਸਬੰਧੀ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਲਈ ਆਖਿਆ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ ਸ਼੍ਰੀ ਹਰਮੀਤ ਸਿੰਘ ਸੰਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਸ਼੍ਰੀ ਐਨ.ਐਸ. ਕੰਗ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਅੰਜਲੀ ਭਾਵਰਾ, ਪ੍ਰਮੁੱਖ ਸਕੱਤਰ ਉਚ ਸਿੱਖਿਆ ਸ਼੍ਰੀ ਰੋਸ਼ਨ ਸੰਕਾਰੀਆ, ਸਕੱਤਰ ਲੋਕ ਨਿਰਮਾਣ ਸ਼੍ਰੀ ਪੀ.ਐਸ. ਔਜਲਾ, ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸ਼੍ਰੀਮਤੀ ਪੀ.ਰਾਜੀ ਸਿਰੀਵਾਸਤਵਾ, ਸਕੱਤਰ ਆਜ਼ਾਦੀ ਘੁਲਾਟੀਏ ਸ਼੍ਰੀ ਵੀ.ਕੇ. ਜੰਜੂਆ, ਸਕੱਤਰ ਮੰਡੀ ਬੋਰਡ ਦੀਪੇਂਦਰ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਅਜੈਬ ਸਿੰਘ ਬਰਾੜ, ਚੇਅਰਮੈਨ ਪਾਵਰਕਾਮ ਸ਼੍ਰੀ ਕੇ.ਡੀ. ਚੌਧਰੀ, ਚੇਅਰਪਰਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਤੇਜਿੰਦਰ ਕੌਰ ਅਤੇ ਐਡੀਸ਼ਨਲ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼੍ਰੀ ਗੁਰਵਰਿਆਮ ਸਿੰਘ ਸ਼ਾਮਲ ਸਨ।

Send this to a friend