ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 29 ਜੂਨ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਾਰੇ 22 ਜਿਲ੍ਹਿਆਂ ਵਿੱਚ ਨਸ਼ਾ ਛਡਾਉਣ ਲਈ ਬਣਾਏ ਜਾਣ ਵਾਲੇ ਮੁੜ ਵਸੇਬਾ ਕੇਂਦਰਾਂ ਨੂੰ ਤਿੰਨ ਮਹੀਨੇ ਦੇ ਵਿਚੱ ਪੂਰੀ ਤਰ੍ਹਾਂ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇਹਨ।ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਰਾਜ ਭਰ ਵਿੱਚ ਬਣਾਏ ਜਾ ਰਹੇ ਇਨ੍ਹਾਂ ਕੇਂਦਰਾਂ ਦੇ ਨਿਰਮਾਣ ਲਈ ਪ੍ਰਤੀ ਕੇਂਦਰ ਤਿੰਨ ਏਕੜ ਜ਼ਮੀਨ ਅਲਾਟ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਜ਼ਮੀਨ ਦੀ ਸ਼ਨਾਖਤ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕੌਮੀ ਇਮਾਰਤ ਨਿਰਮਾਣ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਸਾਂਝੀ ਟੀਮ
ਨੇ ਸਬੰਧਿਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਕੀਤੀ ਹੈ। ਇਹ ਕੇਂਦਰ ਰਾਜ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਅਤੇ ਨਸ਼ੇ ਦੇ ਜਾਲ ਵਿੱਚ ਫਸੇ ਵਿਅਕਤੀਆਂ ਨੂੰ ਕੱਢ ਕੇ ਉਨ੍ਹਾਂ ਦਾ ਸਨਮਾਣ ਵਾਲੀ ਜ਼ਿੰਦਗੀ ਜਿਊਣ ਲਈ ਮੁੜ ਵਸੇਬਾ ਕਰਨ ਵਾਸਤੇ ਕੀਤੇ ਤਹਈਏ ਦੀ ਕੋਸ਼ਿਸ਼ ਦਾ ਨਤੀਜਾ ਹੈ।
ਮੁੱਖ ਮੰਤਰੀ ਨੇ ਐਨ ਬੀ ਸੀ ਸੀ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਇਨ੍ਹਾਂ ਇਮਾਰਤਾਂ ਨੂੰ ਸਾਰੇ ਪੱਖਾਂ ਤੋਂ ਪੂਰੀ ਤਰ੍ਹਾਂ ਤਿਆਰ ਕਰਕੇ ਸਿਹਤ ਵਿਭਾਗ ਨੂੰ ਠੀਕ ਤਿੰਨ ਮਹੀਨਿਆਂ ਵਿੱਚ ਸੁਪਰਦ ਕਰੇ। ਸ. ਬਾਦਲ ਨੇ ਮਰਦ ਨਰਸਾਂ, ਫਾਰਮਾਸਿਟਾਂ, ਵਾਰਡ ਅਟੈਂਡੈਂਟਾਂ ਸਣੇ ਸਾਰੇ ਪੈਰਾਮੈਡੀਕਲ ਸਟਾਫ ਦੀ ਭਰਤੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਸਕੋ ਵਿੱਚੋਂ ਸੋਸਲ ਵਰਕਰ ਅਤੇ ਸਕਿਊਰਟੀ ਮੁਲਾਜ਼ਮਾਂ ਦੀ ਭਰਤੀ ਦੀ ਵੀ ਪ੍ਰਵਾਨਗੀ ਦਿੱਤੀ ਹੈ। ਸ. ਬਾਦਲ ਨੇ ਮੁੱਖ ਸਕੱਤਰ ਨੂੰ ਬਣਾਏ ਜਾ ਰਹੇ ਮੁੜ ਵਸੇਬਾ ਕੇਂਦਰਾਂ ਵਿੱਚ ਨਸ਼ਾ ਛਡਾਉਣ ਦਾ ਇਲਾਜ ਹੋਣ ਤੋਂ ਬਾਅਦ ਇਨ੍ਹਾਂ ਨੂੰ ਵੱਖ ਵੱਖ ਕਿੱਤਿਆਂ ਵਿੱਚ ਹੁਨਰ ਸਿਖਲਾਈ ਅਤੇ ਥੋੜੀ ਮਿਆਦ ਦੇ ਕੋਰਸ ਕਰਉਣ ਲਈ ਸਕੱਤਰ ਟੈਕਨੀਕਲ ਅਤੇ ਉਦਯੋਗਿਕ ਸਿਖਲਾਈ ਵਿਭਾਗ ਨਾਲ ਵਿਚਾਰ ਵਿਟਾਂਦਰੇ ਦੇ ਨਾਲ ਇੱਕ ਯੋਜਨਾ ਤਿਆਰ ਕਰਨ ਲਈ ਆਖਿਆ ਹੈ।
ਸ. ਬਾਦਲ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਇਨ੍ਹਾਂ ਨਵੇਂ ਮੁੜ ਵਸੇਬਾ ਕੇਂਦਰਾਂ ਵਿੱਚ ਡਾਕਟਰਾਂ ਨੂੰ ਤਾਇਨਾਤ ਕਰਨ ਲਈ ਡਾਕਟਰਾਂ ਦੀ ਭਰਤੀ ਤੋਂ ਇਲਾਵਾ ਇਨ੍ਹਾਂ ਨੂੰ ਨਸ਼ਾ ਛਡਾਉਣ ਦਾ ਇਲਾਜ ਕਰਨ ਲਈ ਜੇਲ੍ਹਾਂ ਵਿੱਚ ਵੀ ਤਾਇਨਾਤ ਕਰਨ ਵਾਸਤੇ ਰੂਪ ਰੇਖਾ ਤਿਆਰ ਕਰਨ ਲਈ ਆਖਿਆ ਹੈ। ਜਿਨਾ ਚਿਰ ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ੳਨਾ ਚਿਰ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਪੀ ਸੀ ਐਮ ਐਸ ਕਾਰਡ ਵਿੱਚੋਂ 44 ਡਾਕਟਰਾਂ ਨੂੰ ਇਨ੍ਹਾਂ ਮੁੜ ਵਸੇਬਾ ਕੇਂਦਰਾਂ ਵਿੱਚ ਤਾਇਨਾਤ ਕਰਨ ਲਈ ਵਿਹਲੇ ਕਰਨ ਵਾਸਤੇ ਆਖਿਆ ਹੈ ਤਾਂ ਜੋ ਹਰਕੇ ਕੇਂਦਰ ਵਿੱਚ ਦੋ ਦੋ ਡਾਕਟਰ ਤਾਇਨਾਤ ਕੀਤੇ ਜਾ ਸਕਣ। ਮੁੱਖ ਮੰਤਰੀ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਸਮਾਂਬੱਧ ਤਰੀਕ ਨਾਲ ਨਸ਼ਿਆਂ ਦੇ ਸਬੰਧ ਵਿੱਚ ਜਾਗਰੂਕਤਾ ਲਿਆਉਣ ਲਈ ਪ੍ਰਮੁੱਖ ਸਕੱਤਰ ਉਚ ਸਿੱਖਿਆ ਨੂੰ ਰਾਜ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਸਲਾਹ ਕਰਨ ਲਈ ਅਖਿਆ ਹੈ ਤਾਂ ਜੋ ਇਸ ਸਮੱਸਿਆ ਦੇ ਨਾਲ ਪ੍ਰਭਾਵੀ ਤਰੀਕੇ ਦੇ ਨਾਲ ਨਿਪਟਿਆ ਜਾ ਸਕੇ।
ਨਸ਼ਿਆਂ ਦੇ ਸਬੰਧ ਵਿੱਚ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸਥਿਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਜੇਲ੍ਹ ਅਥਾਰਟੀ ਨੂੰ ਇਨ੍ਹਾਂ ਦੀ ਅਤਿ ਚੌਕਸੀ ਰੱਖਣ ਤੋਂ ਇਲਾਵਾ ਇਨ੍ਹਾਂ ਨੂੰ ਚੰਗਾ ਇਲਾਜ ਮੁਹਈਆ ਕਰਵਾਉਣ ਲਈ ਵੀ ਆਖਿਆ ਹੈ। ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਸਿਹਤ ਸਲਾਹਕਾਰ ਡਾ. ਕੇ. ਕੇ ਤਲਵਾੜ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ਼.ਕੇ. ਸੰਧੂ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਉਚ ਸਿੱਖਿਆ ਸ੍ਰੀ ਰੋਸ਼ਨ ਸੰਕਾਰੀਆ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ ਜੇਲ੍ਹ ਸ੍ਰੀ ਸੰਜੇ ਕੁਮਾਰ, ਪੰਜਾਬ ਰਾਜ ਸਿਹਤ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਤੇ ਸ੍ਰੀ ਗੁਰਕੀਰਤ ਕ੍ਰਿਪਾਲ ਸਿੰਘ, ਐਮ ਡੀ. ਪੀ ਆਈ ਡੀ ਬੀ ਸ੍ਰੀ ਅਨੁਰਾਗ ਅੱਗਰਵਾਲ, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਵਿਕਾਸ ਗਰਗ, ਪੀ ਜੀ ਆਈ ਚੰਡੀਗੜ੍ਹ ਦੇ ਮੋਨੋਵਿਗਿਆਨਿਕ ਰੋਗਾਂ ਦੇ ਮਾਹਿਰ ਡਾ. ਪੀ ਬਾਸੂ। ਆਈ ਜੀ ਜੇਲ੍ਹ ਸ੍ਰੀ ਜਗਜੀਤ ਸਿੰਘ, ਡੀ ਆਈ ਜੀ ਜੇਲ੍ਹ ਸ੍ਰੀ ਐਲ ਐਸ ਜਾਖੜ, ਐਨ ਬੀ ਸੀ ਸੀ ਦੀ ਸਥਾਨਿਕ ਟੀਮ ਦੇ ਜਨਰਲ ਮੈਨੇਜਰ ਸ੍ਰੀ ਐਸ ਕੇ ਖਾਰਬ, ਅਡੀਸ਼ਨਲ ਜਨਰਲ ਮੈਨੇਜਰ ਸ੍ਰੀ ਕਸ਼ਮੀਰਾ ਸਿੰਘ ਅਤੇ ਡਿਪਟੀ ਜਨਰਲ ਮੈਨੇਜਰ ਸ੍ਰੀ ਐਸ ਬੀ ਸਿੰਘ ਹਾਜ਼ਰ ਸਨ।