ਬਾਜਵਾ ਦੀ ਹਾਜ਼ਰੀ ਵਿੱਚ ਇੱਕ ਵਾਰ ਫਿਰ ਆਈ ਧੜੇਬਾਜ਼ੀ ਸਾਹਮਣੇ, ਆਗੂਆਂ ਵਿੱਚ ਹੋਈ ਤੂੰ ਤੁੰ ਮੈਂ ਮੈਂ
ਰਣਜੀਤ ਸਿੰਘ ਰਾਜੂ ਤਲਵੰਡੀ ਸਾਬੋ, 27 ਜੂਨ-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਭਵਿੱਖ ਵਿੱਚ ਹੋਣ ਵਾਲੀ ਜਿਮਨੀ ਚੋਣ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਹਲਕੇ ਦੇ ਪਿੰਡਾਂ ਵਿੱਚ ਕੀਤੇ ਦੌਰੇ ਦੌਰਾਨ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਇਸ ਇਲਾਕੇ ਵਿੱਚ ਭਾਂਵੇ ਬਾਜਵਾ ਦੇ ਦੌਰੇ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਪ੍ਰੰਤੂ ਫਿਰ ਵੀ ਬਾਜਵਾ ਨੇ ਦੌਰੇ ਦੌਰਾਨ ਇਹ ਭਰੋਸਾ ਪ੍ਰਗਟਾਇਆ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹਲਕੇ ਦੇ ਲੋਕ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਭੁਗਤਣਗੇ ਹਾਂਲਾਕਿ ਦੂਜੇ ਪਾਸੇ ਬਾਜਵਾ ਦੀ ਹਾਜਿਰੀ ਵਿੱਚ ਹੀ ਕਾਂਗਰਸੀ ਆਗੂਆਂ ਦੀ ਧੜੇਬਾਜੀ ਉਸ ਸਮੇਂ ਖੁੱਲ ਕੇ ਸਾਹਮਣੇ ਆਈ ਜਦੋਂ ਇੱਕ ਯੂਥ
ਕਾਂਗਰਸ ਦੇ ਸੀਨ:ਆਗੂ ਨੂੰ ਬੋਲਣ ਤੋਂ ਰੋਕਣ ਤੇ ਕਾਂਗਰਸੀਆਂ ਵਿੱਚਕਾਰ ਰੱਜ ਕੇ ਤੁੰ ਤੁੰ ਮੈਂ ਮੈਂ ਹੋਈ।ਹਲਕੇ ਦੇ ਪਿੰਡ ਭਾਗੀਵਾਂਦਰ ਵਿੱਚ ਯੂਥ ਕਾਂਗਰਸ ਆਗੂ ਵੀਰਇੰਦਰ ਸਿੰਘ ਦੇ ਘਰ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਕਿਸੇ ਸਮੇਂ ਸੂਰਬੀਰਾਂ ਦੀ ਧਰਤੀ ਮੰਨੀ ਜਾਂਦੀ ਪੰਜਾਬ ਦੀ ਧਰਤੀ ਅੱਜ ਨਸ਼ੇੜੀਆਂ ਦੀ ਧਰਤੀ ਬਣ ਕੇ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਸਾਢੇ ਸੱਤ ਸਾਲ ਆਪਣੀ ਸਰਕਾਰ ਵਿੱਚ ਰੱਜ ਕੇ ਨਸ਼ਿਆਂ ਦਾ ਵਪਾਰ ਕਰਨ ਉਪਰੰਤ ਹੁਣ ਅਕਾਲੀ ਸਰਕਾਰ ਨਸ਼ਾ ਬੰਦ ਕਰਨ ਦਾ ਢਕਵੰਜ ਰਚ ਰਹੀ ਹੈ।ਬਾਜਵਾ ਨੇ ਕਿਹਾ ਕਿ ਕੇਵਲ ਨਸ਼ੇ ਹੀ ਨਹੀ ਸਗੋਂ ਵੋਟਾਂ ਖਰੀਦਣ ਦਾ ਰੁਝਾਨ ਵੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸ਼ੁਰੂ ਕੀਤਾ ਸੀ ਤੇ ਸੱਤਰ ਦੇ ਦਹਾਕੇ ਵਿੱਚ ਹੋਈਆਂ ਚੋਣਾਂ ਵਿੱਚ ਇਨ੍ਹਾਂ ਨੇ 20-20 ਰੁਪਏ ਵਿੱਚ ਵੋਟਾਂ ਖਰੀਦੀਆਂ ਸਨ ਅਤੇ ਇਨ੍ਹਾਂ ਦੀ ਇਸੇ ਗਲਤ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਪੰਜਾਬ ਗਰੀਬ ਹੋ ਰਿਹੈ ਪ੍ਰੰਤੂ ਨਸ਼ਿਆਂ ਅਤੇ ਪੈਸੇ ਦੇ ਜੋਰ ਨਾਲ ਜਿੱਤ ਕੇ ਇਹ ਪਰਿਵਾਰ ਦਿਨੋ ਦਿਨ ਅਮੀਰ ਹੁੰਦਾ ਜਾ ਰਿਹੈ।ਉਨ੍ਹਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਹਰ ਜੰਮਦੇ ਬੱਚੇ ਸਿਰ 50 ਹਜਾਰ ਰੁਪਏ ਦਾ ਕਰਜਾ ਹੈ।ਉਨ੍ਹਾਂ ਕਿਹਾ ਕਿ ਬਾਦਲ ਨੇ ਰਾਜਨੀਤੀ ਵਿੱਚ ਯੋਗ ਅਤੇ ਇਮਾਨਦਾਰ ਆਗੂਆਂ ਦੀ ਵਜਾਏ ਹਮੇਸ਼ਾਂ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਹੈ ਅਤੇ ਪਰਿਵਾਰ ਲਈ ਵਜੀਰੀਆਂ ਹਾਸਿਲ ਕਰਨ ਦੇ ਚਲਦਿਆਂ ਹੀ ਇਨ੍ਹਾਂ ਨੇ ਚੰਡੀਗੜ੍ਹ,ਆਨੰਦਪੁਰ ਸਾਹਿਬ ਦਾ ਮਤਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਵਿਸਾਰ ਕੇ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਰਸੀਆਂ ਵੰਡਣ ਨੂੰ ਤਰਜੀਹ ਦਿੱਤੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ ਬਾਦਲ ਪਰਿਵਾਰ ਦੀ ਤਰੱਕੀ ਹੋ ਰਹੀ ਹੈ।ਬੱਸਾਂ ਦੇ ਵਧਾਏ ਕਿਰਾਇਆਂ ਦਾ ਵੀ ਸਭ ਤੋਂ ਵੱਧ ਫਾਇਦਾ ਬਾਦਲਕਿਆਂ ਨੂੰ ਹੋਣਾ ਹੈ ਕਿਉਂਕਿ ਪੰਜਾਬ ਵਿੱਚ ਇਨ੍ਹਾਂ ਦੀਆਂ ਬੱਸਾਂ ਹੀ ਜਿਆਦਾ ਹਨ।
ਉੱਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਭਾਂਵੇ ਕਾਂਗਰਸ ਦੀ ਇਕਜੁਟਤਾ ਦਾ ਦਾਅਵਾ ਕਰਦਿਆਂ ਪਾਰਟੀ ਅੰਦਰ ਕਿਸੇ ਕਿਸਮ ਦੀ ਧੜੇਬਾਜੀ ਹੋਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਦੌਰੇ ਦੌਰਾਨ ਹੀ ਅਜੇ ਪਿਛਲੇ ਪਿੰਡ ਕਾਂਗਰਸ ਦੇ ਦੋ ਧੜਿਆਂ ਵਿੱਚ ਰੱਜ ਕੇ ਸਟੇਜ ਤੇ ਤੂੰ ਤੂੰ ਮੈਂ ਮੈਂ ਹੋਈ ਹੈ ਤਾਂ ਬਾਜਵਾ ਸਾਹਿਬ ਨੇ ਗੱਲ ਗੋਲ ਕਰਦਿਆਂ ਕਿਹਾ ਕਿ ਇੱਕ ਤਾਂ ਗਰਮੀ ਹੈ ਦੂਜਾ ਪਾਰਟੀ ਵਰਕਰਾਂ ਵਿੱਚ ਜੋਸ਼ ਹੈ ਸੋ ਛੋਟੀਆਂ ਮੋਟੀਆਂ ਗੱਲਾਂ ਤਾਂ ਹੋ ਹੀ ਜਾਂਦੀਆਂ ਨੇ।ਭਾਂਵੇ ਕਿ ਇਸ ਮੌਕੇ ਬਾਜਵਾ ਦ ੇਪਿੱਛੇ ਖੜੇ ਕੁਝ ਵਰਕਰ ਇਹ ਕਹਿੰਦੇ ਵੀ ਸੁਣੇ ਗਏ ਕਿ ਇਸੇ ਧੜੇਬੰਦੀ ਦੇ ਚਲਦਿਆਂ ਤਾਂ 2012 ਵਿੱਚ ਕਾਂਗਰਸ ਦੀ ਸਰਕਾਰ ਬਨਣੋ ਰਹਿ ਗਈ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਕਾਂਗਰਸ ਦੇ ਜਨ:ਸਕੱ: ਹਰਮੰਦਰ ਸਿੰਘ ਜੱਸੀ,ਯੂਥ ਕਾਂਗਰਸ ਲੋਕ ਸਭਾ ਹਲਕਾ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ,ਪੀ.ਪੀ.ਪੀ ਸੁਪਰੀਮੋ ਮਨਪ੍ਰੀਤ ਬਾਦਲ ਦੇ ਸਪੁੱਤਰ ਅਰਜੁਨ ਸਿੰਘ ਬਾਦਲ ਅਤੇ ਹਲਕੇ ਦੇ ਸੀਨ:ਕਾਂਗਰਸੀ ਆਗੂ ਰਣਬੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ ਜਦੋਂਕਿ ਇਸ ਮੌਕੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ,ਜਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਪ੍ਰਧਾਨ ਰਣਧੀਰ ਸਿੰਘ ਖੁੱਡੀਆਂ,ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਾ ਸਿੰਘ ਤੁੰਗਵਾਲੀ, ਪੀ.ਪੀ.ਪੀ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਜਗਜੀਤ ਸਿੰਘ ਸਿੱਧੂ, ਪੀ.ਪੀ.ਪੀ ਆਗੂ ਲੱਖਾ ਸਧਾਣਾ, ਵੀਰਇੰਦਰ ਸਿੰਘ ਭਾਗੀਵਾਂਦਰ,ਦੌਲਤ ਭਾਗੀਵਾਂਦਰ, ਸੰਦੀਪ ਭੁੱਲਰ ਜਨ; ਸਕੱ: ਯੂਥ ਕਾਂਗਰਸ, ਨਛੱਤਰ ਤੁੰਗਵਾਲੀ, ਜਗਦੀਪ ਮੋਹਾਲਾਂ, ਗੁਰਨੈਬ ਭੁੱਚੋ ਮੰਡੀ, ਲਖਵਿੰਦਰ ਲੱਖੀ, ਬਲਵਿੰਦਰ ਬਹਿਮਣ ਕੌਰ ਸਿੰਘ ਆਦਿ ਆਗੂ ਹਾਜਿਰ ਸਨ।