ਚੰਡੀਗੜ੍ਹ, 24 ਜੂਨ (ਪੀ.ਟੀ.ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਾਸੀਆਂ ਖਾਸ ਤੌਰ ’ਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ‘104 ਗੈਰ-ਹੰਗਾਮੀ ਸਿਹਤ ਸੂਚਨਾ ਤੇ ਹੈਲਪਲਾਈਨ’ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ. ਬਾਦਲ ਨੇ ਖੁਦ ਇਸ ਨੰਬਰ ’ਤੇ ਫੋਨ ਕਰਕੇ ਹੈਲਪਲਾਈਨ ਰਾਹੀਂ ਮੁੱਹਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।ਅੱਜ ਸਵੇਰੇ ਇੱਥੇ ਆਪਣੇ ਦਫ਼ਤਰ ਵਿਖੇ ਹੈਲਪਲਾਈਨ ਸੇਵਾ ਨੂੰ ਆਰੰਭ ਕਰਦਿਆਂ ਸ. ਬਾਦਲ ਨੇ ਆਸ ਪ੍ਰਗਟਾਈ ਕਿ ਇਹ ਹੈਲਪਲਾਈਨ ਲੋਕਾਂ ਲਈ ਸਹਾਇਤਾ ਕੇਂਦਰ ਵਜੋਂ ਕੰਮ ਕਰੇਗੀ ਜਿਸ ਰਾਹੀਂ ਲੋਕਾਂ ਨੂੰ ਸਿਹਤ ਵਿਭਾਗ ਦੀ ਕਿਸੇ ਵੀ ਸੂਚਨਾ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਜਿਹੜੇ ਲੋਕ
ਪੇਂਡੂ ਇਲਾਕਿਆਂ ਵਿੱਚ ਰਹਿ ਰਹੇ ਹਨ, ਉਹ ਦੇਰ ਸਵੇਰ ਵੇਲੇ ਕਿਸੇ ਵੀ ਬਿਮਾਰੀ ਦੇ ਇਲਾਜ ਸਬੰਧੀ ਮੁੱਢਲੇ ਇਲਾਜ ਬਾਰੇ ਜਾਣਕਾਰੀ ਲੈ ਸਕਦੇ ਹਨ।ਇਸ ਮੌਕੇ ਮੁੱਖ ਮੰਤਰੀ ਨੇ ਖੁਦ ਇਕ ਅਗਿਆਤ ਵਿਅਕਤੀ ਵਜੋਂ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਪੈਰਾਮੈਡੀਕਲ ਕਰਮਚਾਰੀ ਪਾਸੋਂ ਇਸ ਨੰਬਰ ਦੇ ਕੰਮਕਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਸ. ਬਾਦਲ ਨੇ ਅਪਰੇਟਰ ਨੂੰ ਆਪਣੀ ਪਛਾਣ ਦੱਸਦਿਆਂ ਇਸ ਹੈਲਪਲਾਈਨ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਹੈਲਪਲਾਈਨ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਤੇ ਜਾਂਚ ਸੇਵਾਵਾਂ ਮੁਹੱਈਆ ਕਰਵਾਉਣ ਲਈ ਬੇਹੱਦ ਸਹਾਈ ਹੋਵੇਗੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਇਸ ਨੇਕ ਕਾਰਜ ਲਈ ਗੈਰ-ਸਰਕਾਰੀ ਸੰਸਥਾਵਾਂ ਅਤੇ ਵਿਭਾਗ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਬਿਮਾਰੀਆਂ ਬਾਰੇ ਮੁੱਢਲੀ ਸਹਾਇਤਾ ਤੇ ਮੈਡੀਕਲ ਸੁਝਾਅ ਦਿੱਤੇ ਜਾਣਗੇ। ਇਸ ਹੈਲਪਲਾਈਨ ਲਈ ਤੈਨਾਤ ਡਾਕਟਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਆਉਣ ਵਾਲੀ ਕਿਸੇ ਵੀ ਕਾਲ ਨੂੰ ਸੁਣਨਗੇ ਕਿ ਸਲਾਹ ਬਹੁਤ ਹੰਗਾਮੀ ਜਾਂ ਆਮ ਜ਼ਰੂਰਤ ਵਾਸਤੇ ਮੰਗੀ ਗਈ ਹੈ ਅਤੇ ਇਸ ਦੀ ਮਹੱਤਤਾ ਨੂੰ ਵਿਚਾਰਨ ਤੋਂ ਬਾਅਦ ਹੀ ਕਾਲਰ ਨੂੰ 108 ਐਂਬੂਲੈਂਸ ਨੂੰ ਵਰਤਣ ਲਈ ਸਲਾਹ ਦਿੱਤੀ ਜਾਵੇਗੀ ਜਾਂ ਕਿਸੇ ਨੇੜੇ ਦੇ ਸਿਹਤ ਕੇਂਦਰ ਦਾ ਵੇਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਹੈਲਪਲਾਈਨ ’ਤੇ ਮੈਡੀਕਲ ਸੰਸਥਾਵਾਂ ਦੀ ਇਕ ਡਿਕਸ਼ਨਰੀ ਹੋਵੇਗੀ ਜਿਹੜੀ ਕਿ ਕਿਸੇ ਵੀ ਜ਼ਰੂਰਤਮੰਦ ਨੂੰ ਉਸ ਦੀ ਜ਼ਰੂਰਤ ਮੁਤਾਬਕ ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ, ਟੈਸਟ ਕਰਨ ਵਾਲੇ ਕੇਂਦਰ, ਡਾਕਟਰਾਂ ਅਤੇ ਕਲੀਨਿਕਾਂ ਬਾਰੇ ਜਾਣਕਾਰੀ ਦੇਵੇਗੀ। ਇਹ ਹੈਲਪਲਾਈਨ ਲੋਕਾਂ ਨੂੰ ਨਾ ਸਿਰਫ਼ ਐਲੋਪੈਥੀ ਦੀ ਜਾਣਕਾਰੀ ਦੇਵੇਗੀ ਸਗੋਂ ਆਯੁਰਵੇਦ, ਹੋਮਿਓਪੈਥੀ, ਖਾਣ-ਪੀਣ, ਸਾਫ਼-ਸਫ਼ਾਈ ਅਤੇ ਸਮੇਂ-ਸਮੇਂ ’ਤੇ ਸਿਹਤ ਸਬੰਧੀ ਚਿਤਾਵਨੀਆਂ ਵੀ ਦੇਵੇਗੀ।ਇਸ ਹੈਲਪਲਾਈਨ ਦੁਆਰਾ ਮਰੀਜ਼ਾਂ, ਖਾਸ ਤੌਰ ’ਤੇ ਜ਼ਰੂਰਤਮੰਦ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਗਰੀਬਾਂ ਨੂੰ ਸਲਾਹ ਸੇਵਾ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਰਾਬ, ਨਸ਼ੇ, ਸਿਗਰਟ ਅਤੇ ਮਾਨਸਿਕ ਰੋਗ ਜਿਵੇਂ ਚਿੰਤਾ, ਆਤਮ ਹੱਤਿਆ ਵਾਲੀ ਬਿਰਤੀ, ਗੰਭੀਰ ਬਿਮਾਰੀਆਂ ਜਿਵੇਂ ਕੈਂਸਰ ਆਦਿ ਲਈ ਸਲਾਹ ਇਸ ਹੈਲਪਲਾਈਨ ਦੁਆਰਾ ਦਿੱਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਹੋਰ ਸੇਵਾਵਾਂ ਜਿਵੇਂ ਪਰਿਵਾਰ ਯੋਜਨਾਬੰਦੀ, ਨਵਬੱਚਾ ਜਣਨ ਤੋਂ ਇਲਾਵਾ ਏਡਜ਼, ਐਚ.ਆਈ.ਵੀ. ਅਤੇ ਕੋਹੜ ਆਦਿ ਬਿਮਾਰੀਆਂ ਲਈ ਵੀ ਸਲਾਹ ਸੇਵਾ ਦਿੱਤੀ ਜਾਵੇਗੀ। ਇਸ ਹੈਲਪਲਾਈਨ ਵਿੱਚ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਵਿੱਚ ਗੱਲ ਕਰਨ ਦੀ ਸਹੂਲਤ ਮੁਹੱਈਆ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਇਹ ‘104 ਹੈਲਪਲਾਈਨ’ ਕਿਸੇ ਵੀ ਸਰਕਾਰੀ ਮੈਡੀਕਲ ਸੰਸਥਾ, ਸੇਵਾ, ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨ ਵਿੱਚ ਸਹਾਇਤਾ ਮੁਹੱਈਆ ਕਰਵਾਏਗੀ। ਪੀ.ਐਨ.ਡੀ.ਟੀ. (ਸੈਕਸ ਡਿਟਰਮੀਨੇਸ਼ਨ), ਫੂਡ ਅਤੇ ਡਰੱਗ, ਜਨਮ ਅਤੇ ਮੌਤ ਸਰਟੀਫ਼ਿਕੇਟ ਅਤੇ ਐਮ.ਟੀ.ਪੀ. ਦੇ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਹੋਵੇ, ਜਨਨੀ ਸੁਰੱਖਿਆ ਯੋਜਨਾ (ਜੇ ਐਸ ਐਸ ਕੇ) ਅਧੀਨ ਜਿਹੜੀਆਂ ਸੇਵਾਵਾਂ ਮੁਹੱਈਆ ਨਹੀਂ ਹਨ ਅਤੇ ਵਿਭਾਗ ਵੱਲੋਂ ਜਿਹੜੇ ਹੋਰ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਲੋਕਾਂ ਦੀ ਜਾਣਕਾਰੀ ਲਈ 24 ਘੰਟੇ ਦੇ ਵਿੱਚ-ਵਿੱਚ ਇਸ ਹੈਲਪਲਾਈਨ ’ਤੇ ਰਜਿਸਟਰ ਕੀਤੇ ਜਾਣਗੇ। ਮੁੱਖ ਮੰਤਰੀ ਜੀ ਨੇ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਜੱਚਾ-ਬੱਚਾ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਗਰਭਵਤੀ ਔਰਤਾਂ ਨੂੰ ਸਮੇਂ-ਸਮੇਂ ’ਤੇ ਸਿਹਤ ਸੁਵਿਧਾਵਾਂ ਅਤੇ ਜਾਂਚ ਕਰਵਾਉਣ ਬਾਰੇ ਜਾਣੂੰ ਕਰਵਾਇਆ ਜਾਵੇਗਾ। ਔਰਤਾਂ ਨੂੰ ਸਿਹਤ ਵਿਭਾਗ ਵੱਲੋਂ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਬਾਰੇ ਵੀ ਜਾਗਰੂਕ ਕਰਵਾਇਆ ਜਾਵੇਗਾ। ਇਹ ਹੈਲਪਲਾਈਨ ਫ਼ੀਲਡ ਵਿੱਚ ਕੰਮ ਕਰ ਰਹੇ ਸਿਹਤ ਕਰਮਚਾਰੀਆਂ, ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੂੰ ਵੀ ਕਿਸੇ ਤਰੀਕੇ ਦੀ ਔਕੜ ਆਉਣ ’ਤੇ ਕੀ ਕਰਨਾ ਚਾਹੀਦਾ ਹੈ, ਲਈ ਵੀ ਜਾਣਕਾਰੀ ਦੇਵੇਗੀ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਤੇ ਸ੍ਰੀ ਅਜੋਏ ਕੁਮਾਰ ਸ਼ਰਮਾ, ਪੰਜਾਬ ਰਾਜ ਸਿਹਤ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਹੁਸਨ ਲਾਲ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਸ੍ਰੀ ਕਰਮਜੀਤ ਸਿੰਘ ਹਾਜ਼ਰ ਸਨ।