ਨਵੀਂ ਦਿੱਲੀ, 23 ਜੂਨ (ਪੀ. ਟੀ)- ਕਾਂਗਰਸ ਨੇ ਆਸ਼ੰਕਾ ਜ਼ਾਹਰ ਕੀਤੀ ਹੈ ਕਿ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਟੜਪੰਥੀ ਤੱਤ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਵਰਤੋਂ ਵੋਟਾਂ ਦੇ ਧਰੂਵੀਕਰਣ ਲਈ ਕਰ ਸਕਦੇ ਹਨ। ਪ੍ਰਦੇਸ਼ ਵਿੱਚ ਇਸੇ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ।
ਮਹਾਂਰਾਸ਼ਟਰ ਕਾਂਗਰਸ ਦੇ ਬੁਲਾਰੇ ਅਨੰਤ ਗਡਗਿਲ ਨੇ ਦੱਸਿਆ ‘ਸਾਨੂੰ ਸ਼ੱਕ ਹੈ ਕਿ ਕੁਝ ਕੱਟੜਪੰਥੀ ਤੱਤ ਚੋਣਾਂ ਤੋਂ ਪਹਿਲਾਂ ਸੰਪਰਦਾਇਕ ਧਰੂਵੀਕਰਣ ਦੀ ਤਿਆਰੀ ਕਰ ਰਹੇ ਹਨ।’ ਪ੍ਰਦੇਸ਼ ਵਿੱਚ ਇਸੇ ਮਹੀਨੇ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕਥਿਤ ਇਤਰਾਜ਼ਯੋਗ ਫੇਸਬੁੱਕ ਪੋਸਟਾਂ ਦੇ ਚੱਲਦੇ ਸੰਪਰਦਾਇਕ ਹਿੰਸਾ ਹੋਈ ਹੈ। 2 ਜੂਨ ਨੂੰ ਆਈ ਟੀ ਪ੍ਰੋਫੈਸ਼ਨਲ ਮੋਹਸਿਨ ਸ਼ੇਖ ਦੀ ਪੁਣੇ ’ਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਦੋਸ਼ ਹਿੰਦੂ ਰਾਸ਼ਟਰ ਸੈਨਾ ’ਤੇ ਹੈ। ਦੱਸਿਆ ਜਾਂਦਾ ਹੈ ਕਿ ਫੇਸਬੁੱਕ ’ਤੇ ਸ਼ਿਵਾਜੀ ਅਤੇ ਸ਼ਿਵਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ
ਇਤਰਾਜ਼ਯੋਗ ਤਸਵੀਰਾਂ ਪੋਸਟ ਕੀਤੇ ਜਾਣ ਤੋਂ ਬਾਅਦ ਇਹ ਘਟਨਾ ਹੋਈ। ਦੂਸਰੇ ਮਾਮਲੇ ’ਚ 9 ਜੂਨ ਨੂੰ ਦਲਿਤ ਨੇਤਾ ਸ੍ਰੀ ਬੀ ਆਰ ਅੰਬੇਡਕਰ ਦੀ ਕਥਿਤ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਸਾਈਟ ’ਤੇ ਫੈਲੀਆਂ ਜਿਸ ਦੇ ਬਾਅਦ ਪੁਣੇ, ਔਰੰਗਾਬਾਦ ਅਤੇ ਸੋਲਾਪੁਰ ਵਿੱਚ ਹਿੰਸਕ ਘਟਨਾਵਾਂ ਹੋਈ। ਹਾਲ ਹੀ ’ਚ 21 ਜੂਨ ਨੂੰ ਧੂਲੇ ਜ਼ਿਲ੍ਹੇ ਦੇਵਪੁਰ ਵਿੱਚ ਹੋਈ ਹਿੰਸਾ ਵਿੱਚ ਸੱਤ ਪੁਲਿਸ ਵਾਲੇ ਜ਼ਖਮੀ ਹੋ ਗਏ।