June 8, 2026 2:32 pm

ਬਾਦਲ ਨੇ ਕਾਂਗਰਸ ਵਿਧਾਇਕਾਂ ਦੁਆਰਾ ਉਠਾਏ ਮੁੱਦਿਆਂ ਨੂੰ ਦੁਵੱਲੀ ਗੱਲਬਾਤ ਨਾਲ ਹੱਲ ਕਰਨ ਦਾ ਭਰੋਸਾ ਦਿਵਾਇਆ

ਰਾਜ ਦੇ ਸਮੁੱਚੇ ਵਿਕਾਸ ਲਈ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ

Page-1_05  ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ-ਚੰਡੀਗੜ੍ਹ 23 ਜੂਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸ ਵਿਧਾਇਕਾਂ ਦੇ ਇਕ ਵਫਦ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਉਨਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਦੁਵੱਲੀ ਵਿਚਾਰ ਚਰਚਾ ਤੋਂ ਬਾਅਦ ਉਨ੍ਹਾਂ ਦਾ ਹੱਲ ਕੱਢੇਗੀ।        ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨਿੱਜੀ ਤੌਰ ’ਤੇ ਆਪਣੇ ਨਿਵਾਸ ਸਥਾਨ ਦੇ ਬਾਹਰ ਮੁੱਖ ਗੇਟ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਸ੍ਰੀ ਜਾਖੜ ਅਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਯਾਦਪੱਤਰ ਪ੍ਰਾਪਤ ਕੀਤਾ ਜੋ ਉਸ ਵੇਲੇ ਆਪਣੀਆਂ ਮੰਗਾਂ ਦੇ ਹੱਕ ਵਿਚ ਗੇਟ ਦੇ

ਬਾਹਰ ਧਰਨਾ ਦੇ ਰਹੇ ਸਨ।  ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਪੇਸ਼ ਕੀਤੇ ਯਾਦਪੱਤਰ ਦੀ ਰੋਸ਼ਨੀ ਵਿਚ ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਸੱਦ ਕੇ ਵਿਸਤ੍ਰਤ ਵਿਚਾਰ ਵਟਾਂਦਰਾ ਕਰਨਗੇ ਅਤੇ ਇਸ ਸਬੰਧ ਵਿਚ ਅੰਤਿਮ ਫੈਸਲਾ ਲੈਣਗੇ।        ਕਿਸਾਨਾਂ ਦੇ 183 ਕਰੋੜ ਰੁਪਏ ਦੇ ਗੰਨੇ ਦੇ ਬਕਾਏ, ਜੇਲਾਂ ਵਿਚ ਬੰਦ ਨਸ਼ੇੜੀਆਂ ਦੇ ਮੁੜ ਵਸੇਬੇ, ਜਾਇਦਾਦ ਟੈਕਸ ਅਤੇ ਅਨੁਸੂਚਿਤ ਜਾਤਾਂ ਦੇ ਲਾਭਪਾਤਰੀਆਂ ਲਈ ਵੱਖ ਵੱਖ ਸਕੀਮਾਂ ਹੇਠ ਰਾਸ਼ੀ ਜਾਰੀ ਕਰਨ ਸਬੰਧੀ ਸ੍ਰੀ ਜਾਖੜ ਵਲੋਂ ਉਠਾਈਆਂ ਗਈਆਂ ਮੰਗਾਂ ਦੇ ਸਬੰਧ ਵਿਚ ਸ. ਬਾਦਲ ਨੇ ਰਾਜ ਵਿਭਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਆਖਿਆ ਕਿ ਇਨ੍ਹਾਂ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਦੇ ਨਾਲ ਹੱਲ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਪੂਰੀ ਤਸੱਲੀ ਕਰਵਾਈ ਜਾਵੇਗੀ। ਕਾਂਗਰਸ ਪਾਰਟੀ ਦੇ ਸਹਿਯੋਗ ਅਤੇ ਮਦਦ ਦੀ ਮੰਗ ਕਰਦਿਆਂ ਅਤੇ ਇਨ੍ਹਾਂ ਮੁੱਦਿਆਂ ਦੇ ਪ੍ਰਭਾਵੀ ਹੱਲ ਲਈ ਵਿਰੋਧੀ ਧਿਰ ਦੀ ਉਸਾਰੀ ਭੂਮਿਕਾ ਦੀ ਉਮੀਦ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨਾਂ ਨੇ ਸਦਾ ਹੀ ਵਿਰੋਧੀ ਧਿਰ ਨੂੰ ਉਚ ਸਥਾਨ ਦਿੱਤਾ ਹੈ ਅਤੇ ਉਹ ਆਸ ਕਰਦੇ ਹਨ ਕਿ ਉਹ ਵੀ ਰਾਜ ਦੇ ਸਮੁੱਚੇ ਵਿਕਾਸ ਵਾਸਤੇ ਸਰਗਰਮ ਭੂਮਿਕਾ ਨਿਭਾਏਗੀ।  ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਦਾ ਹੀ ਸਿਹਤਮੰਦ ਆਲੋਚਨਾ ਦਾ ਸਵਾਗਤ ਕੀਤਾ ਹੈ ਪਰ ਆਲੋਚਨਾ ਕਰਨ ਲਈ ਹੀ ਬੇਲੋੜੀ ਆਲੋਚਨਾ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਦਫਤਰ ਦੇ ਦਰਵਾਜੇ ਹਮੇਸ਼ਾ ਉਨ੍ਹਾਂ ਲਈ ਖੁਲ੍ਹੇ ਹਨ ਅਤੇ ਉਹ ਕਿਸੇ ਸਮੇਂ ਵੀ ਰਾਜ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ। ਮੁੱਖ ਮੰਤਰੀ ਨੇ ਸ੍ਰੀ ਜਾਖੜ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਿਧਾਇਕਾਂ ਦੇ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ਨੂੰ ਸਬੰਧਤ ਵਿਧਾਇਕਾਂ ਨਾਲ ਵਿਚਾਰ ਵਟਾਂਦਰੇ ਨਾਲ ਹੱਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਉਨਾਂ ਨੂੰ ਅਜਿਹੇ ਮੁੱਦੇ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਦਾ ਖੁੱਲ੍ਹਾ ਸਦਾ ਦਿਤਾ ਤਾਂ ਜੋ ਇਨ੍ਹਾਂ ਦਾ ਤਰਕਮਈ ਆਧਾਰ ਤੇ ਹੱਲ ਕੀਤਾ ਜਾ ਸਕੇ।  ਉਨ੍ਹਾਂ ਨੇ ਅਨੂਸੂਚਿਤ ਜਾਤਾਂ ਲਈ ਸਬ ਪਲਾਨ ਕੰਪੋਨੈਂਟ,  ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਸਵੀਂ ਤੋਂ ਪਹਿਲਾਂ ਅਤੇ ਬਾਅਦ ਦੇ ਵਜੀਫੇ ਦੇ ਸਬੰਧੀ ਮੁੱਦਿਆਂ ਦੇ ਬਾਰੇ ਕਿਹਾ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਘੋਖਿਆ ਜਾਵੇਗਾ ਤਾਂ ਜੋ ਕਮਜ਼ੋਰ ਵਰਗਾਂ ਦੀ ਭਲਾਈ ਲਈ ਰੱਖੇ ਗਏ ਫੰਡ ਯੋਗ ਲਾਭਪਾਤਰੀਆਂ ਨੂੰ ਪ੍ਰਾਪਤ ਹੋ ਸਕਣ। ਕਾਂਗਰਸ ਦੇ ਵਿਧਾਇਕਾਂ ਵਲੋਂ ਉਨ੍ਹਾਂ ਦੇ ਨਿਵਾਸ ਸਥਾਨ ਦੇ ਬਾਹਰ ਦਿੱਤੇ ਗਏ ਧਰਨੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਜੇ ਉਹ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਧਰਨਾ ਦੇਣ ਦੀ ਥਾਂ ਸਿੱਧੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਆਉਂਦੇ ਤਾਂ ਉਨ੍ਹਾਂ ਨੂੰ ਇਸ ਦੀ ਬਹੁਤ ਖੁਸ਼ੀ ਹੁੰਦੀ।  ਇਸ ਮੌਕੇ ਉਨ੍ਹਾਂ ਦੀ ਆਓ ਭਗਤ ਪੂਰੀ ਤਰ੍ਹਾਂ ਨਾ ਕਰ ਸਕਣ ਲਈ ਅਫਸੋਸ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਸੇ ਹੋਰ ਦਿਨ ਉਨ੍ਹਾਂ ਦੇ ਘਰ ਜਾਂ ਦਫਤਰ ਵਿਖੇ ਇਨ੍ਹਾਂ ਮੁੱਦਿਆਂ ਬਾਰੇ ਸਦਭਾਵਨਾ ਪੂਰਣ ਗੱਲਬਾਤ ਲਈ ਸੱਦਾ ਦਿਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਸਬੰਧ ਵਿਚ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਇਸ ਸਬੰਧ ਵਿਚ ਕਿਸੇ ਨੂੰ ਮੁਆਫ ਨਹੀਂ ਕੀਤਾ ਜਾਵੇਗਾ।  ਉਨ੍ਹਾਂ ਨੇ ਇਸ ਸਬੰਧ ਵਿਚ ਇਕ ਦੂਜੇ ’ਤੇ ਆਧਾਰਹੀਣ ਦੋਸ਼ ਲਾਉਣ ਦੀ ਥਾਂ ਪੂਰੇ ਸਬੂਤਾਂ ਨਾਲ ਅੱਗੇ ਆਉਣ ਨੂੰ ਆਖਿਆ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਬਿਨ੍ਹਾਂ ਕਿਸੇ ਸਬੂਤ ਤੋਂ ਕਿਸੇ ਵਿਰੁਧ ਕੋਈ ਵੀ ਕਾਰਵਾਈ ਨਹੀਂ ਕਰਨਗੇ। ਗੰਨਾ ਉਤਪਾਦਕਾਂ ਦੇ ਲੰਬਿਤ ਪਏ ਬਕਾਏ ਦੇ ਮੁੱਦੇ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਛੇਤੀਂ ਹੀ ਸਮੁੱਚੇ ਮਾਮਲੇ ਦੀ ਘੋਖ ਕਰਨਗੇ ਅਤੇ ਬਿਨ੍ਹਾਂ ਕਿਸੇ ਹੋਰ ਦੇਰੀ ਤੋਂ ਇਸ ਦੇ ਭੁਗਤਾਨ ਨੂੰ ਯਕੀਨੀ ਬਨਾਉਣਗੇ।
ਇਸ ਮੌਕੇ ਮੁੱਖ ਮੰਤਰੀ ਨਾਲ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਐਸ.ਕੇ.ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਹਾਜ਼ਰ ਸਨ। ਇਸ ਮੌਕੇ ਹੋਰਨਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ਼ ਦੇ ਵਿਧਾਇਕ ਸ਼ਾਮਲ ਸਨ।

Send this to a friend