ਚੰਡੀਗੜ੍ਹ, 20 ਜੂਨ (ਪੀ. ਟੀ)- ਰੋਹਤਕ ਦੇ ਲੋਕ ਸਭਾ ਮੈਂਬਰ ਦੀਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਅੱਜ ਰੇਲ ਯਾਤਰੀ ਕਿਰਾਏ ਵਿਚ 14.2 ਫੀਸਦੀ ਅਤੇ ਮਾਲਭਾੜੇ ਵਿਚ 6.5 ਫੀਸਦੀ ਭਾਰੀ ਵਾਧਾ ਕਰਕੇ ਭਾਜਪਾ ਸਰਕਾਰ ਨੇ ਅੱਛੇ ਦਿਨਾਂ ਦੀ ਦੇਸ਼ ਦੀ ਜਨਤਾ ਨੂੰ ਇਕ ਝਲਕ ਦਿਖਾ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੇ ਮੋਦੀ ਸਰਕਾਰ ਦਾ ਪਹਿਲਾ ਆਮ ਅਤੇ ਰੇਲ ਬਜਟ ਪੇਸ਼ ਹੋਣਾ ਹੈ, ਉੁਸ ਤੋਂ ਪਹਿਲਾਂ ਹੀ ਉਨ੍ਹਾਂ ਕਿਰਾਏ ਵਿਚ ਭਾਰੀ ਵਾਧਾ ਕਰਕੇ ਆਮ ਆਦਮੀ ’ਤੇ ਬੋਝ ਪਾ ਦਿੱਤਾ। ਮਾਲਭਾੜੇ ਵਿਚ ਵਾਧੇ ਨਾਲ ਹਰ ਚੀਜ ਦੀ ਕੀਮਤ ’ਤੇ ਪ੍ਰਭਾਵ ਪਵੇਗਾ ਅਤੇ ਉਸਦਾ ਖਾਮਿਆਜਾ ਵੀ ਜਨਤਾ ਨੂੰ ਭੁਗਤਣਾ ਪਵੇਗਾ। ਵਾਇਦੇ ਦੇ ਅਨੁਸਾਰ ਭਾਜਪਾ ਸਰਕਾਰ ਨੇ ਅੱਛੇ ਦਿਨਾਂ ਦੀ ਨਹੀਂ ਮਹਿੰਗੇ ਦਿਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਸ੍ਰੀ ਦੀਪਿੰਦਰ ਨੇ ਕਿਹਾ ਕਿ ਜਿਨ੍ਹਾਂ ਉਮੀਦਾਂ ਨਾਲ ਲੋਕ ਸਭਾ ਚੋਣ ਵਿਚ ਸ੍ਰੀ ਨਰਿੰਦਰ ਮੋਦੀ ਨੂੰ ਵੋਟ ਦਿੱਤਾ ਸੀ ਹੁਣ ਉਹ ਨਿਰਾਸ਼ਾ ਵਿਚ ਬਦਲਦੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਵੋਟ ਦੇ
ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਭਾਜਪਾ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਛੇਤੀ ਲੋਕਾਂ ਨੂੰ ਪਤਾ ਚਲ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਸਰਕਾਰ ਦੀ ਜਨਵਿਰੋਧੀ ਫੈਸਲਿਆਂ ਤੋਂ ਹੀ ਸ਼ੁਰੂਆਤ ਕੀਤੀ ਹੈ।
ਅਜਿਹੇ ਫੈਸਲਿਆਂ ਨਾਲ ਅੱਛੇ ਦਿਨ ਕਿਵੇ ਆ ਸਕਦੇ ਹਨ। ਇਹ ਜਨਤਾ ਖੁਦ ਹੀ ਅਨੁਮਾਨ ਲਗਾ ਲਵੇਗੀ। ਲੋਕਾਂ ਨੂੰ ਆਸ਼ਾ ਸੀ ਕਿ ਭਾਜਪਾ ਸਰਕਾਰ ਆਉਣ ’ਤੇ ਮਹਿੰਗਾਈ ਘੱਟ ਹੋਵੇਗੀ, ਪ੍ਰੰਤੂ ਸਰਕਾਰ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਡੀਜਲ ਦੀਆਂ ਕੀਮਤਾਂ ਵਿਚ 50 ਫੀਸਦੀ ਪ੍ਰਤੀ ਮਹੀਨਾ ਵਾਧਾ ਕਰਨ ਦਾ ਫੈਸਲਾ ਲਿਆ ਅਤੇ ਹੁਣ ਰੇਲ ਕਿਰਾਏ ਵਿਚ ਵਾਧਾ ਕਰਕੇ ਦੇਸ਼ ਦੀ ਜਨਤਾ ਦਾ ਸੁਪਨਾ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਦੇ ਸਾਹਮਣੇ ਕੀਤੇ ਗਏ ਖੋਖਲੇ ਵਾਦਿਆਂ ਦੀ ਪੋਲ ਖੁੱਲ੍ਹ ਗਈ ਹੈ।