May 31, 2026 10:41 am

ਮਾਨਸਾ ਟਰੱਕ ਓਪਰੇਟਰ ਯੂਨੀਅਨ ਦੇ 2 ਧੜਿਆਂ ‘ਚ ਚੱਲੀ ਗੋਲੀ-ਇੱਕ ਦੀ ਮੌਤ

ਮਾਨਸਾ, 13 ਮਾਰਚ (ਜਗਦੀਸ਼ ਬਾਂਸਲ)- ਅੱਜ ਦੁਪਹਿਰ ਬਾਅਦ ਜ਼ਿਲ੍ਹਾ ਪ੍ਰੀਸ਼ਦ ਦਫਤਰ ਮਾਨਸਾ ਵਿੱਚ ਕਣਕ ਦੇ ਸੀਜਨ ਦੀ ਢੋਆ-ਢੁਆਈ ਨੂੰ ਲੈ ਕੇ ਮਾਨਸਾ ਟਰੱਕ ਓਪਰੇਟਰ ਯੂਨੀਅਨ ਦੇ 2 ਸਾਬਕਾ ਪ੍ਰਧਾਨਾਂ ਦੇ ਸਮੱਰਥਕਾਂ ਦੀ ਆਪਸ ਵਿੱਚ ਖਹਿ ਬਾਜੀ ਹੋਣ ਤੋਂ ਬਾਅਦ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਘਟਨਾਂ ਨੂੰ ਲੈ ਕੇ ਮੌਕੇ ਤੇ ਹੜਕੰਪ ਮੱਚ ਗਿਆ ਅਤੇ ਲੋਕ ਇੱਧਰ ਉਧਰ ਭੱਜਦੇ ਦੇਖੇ ਗਏ। ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ-2 ਦੀ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਅਤੇ ਉਸ ਨੇ ਘਟਨਾਂ ਵਾਲੀ ਥਾਂ ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ। ਘਟਨਾਂ ਵਾਲੀ ਥਾਂ ਤੇ ਭਾਰੀ ਮਾਤਰਾ ਵਿੱਚ ਖੂਨ ਡੁੱਲਿਆ ਦੇਖਿਆ ਗਿਆ ਅਤੇ ਗੱਡੀ ਵਿੱਚ ਅਸਲਾ, ਗਡਾਸੇ ਤੇ ਹੋਰ ਮਾਰੂ ਹਥਿਆਰ ਰੱਖੇ ਹੋਏ ਸਨ ਅਤੇ ਇਸ ਇੰਨੋਵਾ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਜਿਸ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਬਾਅਦ ਦੁਪਹਿਰ ਕਰੀਬ 3 ਵਜੇ ਜ਼ਿਲ੍ਹਾ ਪ੍ਰੀਸ਼ਦ ਦਫਤਰ ਮਾਨਸਾ ਵਿਖੇ ਕਣਕ ਦੇ ਸੀਜਨ ਨੂੰ ਮੁੱਖ ਰੱਖਦਿਆਂ ਕਣਕ ਦੀ ਢੋਆ-ਢੁਆਈ ਲਈ ਟਰੱਕਾਂ ਦੀ ਐਨ.ਓ.ਸੀ. ਨੂੰ ਲੈ ਕੇ ਮਾਨਸਾ ਟਰੱਕ ਯੂਨੀਅਨ ਦੇ 2 ਸਾਬਕਾ ਪ੍ਰਧਾਨ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਮਲਕੀਤ ਸਿੰਘ ਭਪਲਾ ਅਤੇ ਕਾਂਗਰਸ ਪਾਰਟੀ ਦੇ ਪ੍ਰਿਤਪਾਲ ਸਿੰਘ ਮੌਂਟੀ ਆਪੋ ਆਪਣੇ ਸਮੱਰਥਕਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਦਫਤਰ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਅਗਲੇ ਸੀਜਨ ਲਈ ਆਪੋ-ਆਪਣੇ ਸਮੱਰਥਕਾਂ ਦੇ ਟਰੱਕਾਂ ਲਈ ਐਨ.ਓ.ਸੀ ਲੈਣੀ ਸੀ। ਜਿਸ ਦੌਰਾਨ ਇਹ ਘਟਨਾ ਵਾਪਰ ਗਈ। ਜਿਸ ਤਰ੍ਹਾਂ ਇਹ ਪ੍ਰਧਾਨ ਆਪਣੀਆਂ ਗੱਡੀਆਂ ਵਿੱਚ ਮਾਰੂ ਹਥਿਆਰ ਲੈ ਕੇ ਆਏ ਸੀ, ਇਸ ਤੋਂ ਤਾਂ ਇਹ ਸਾਫ ਪਤਾ ਲੱਗਦਾ ਹੈ ਕਿ ਉਕਤ ਦੋਵੇਂ ਧਿਰਾਂ ਪਹਿਲਾਂ ਤੋਂ ਹੀ ਲੜਾਈ ਕਰਨ ਲਈ ਤਿਆਰ ਸਨ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੱਲੀ ਗੋਲੀ ਦੌਰਾਨ ਚੰਦਰ ਮੋਹਨ ਉਰਫ ਮੋਨੀ (50) ਨਾਂਮੀ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਪੁਲਿਸ ਦੀ ਮੱਦਦ ਨਾਲ ਸਿਵਲ ਹਸਪਤਾਲ ਮਾਨਸਾ ਪਹੁੰਚਾਇਆ ਗਿਆ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਘਟਨਾਂ ਨੂੰ ਲੈ ਕੇ ਮਾਨਸਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਦਫਤਰ ਮਾਨਸਾ ਵਿੱਚ ਹੋਈ ਇਸ ਘਟਨਾਂ ਦੀ ਜਾਂਚ ਕਰਨ ਲਈ ਮੌਕੇ ਤੇ ਹੀ ਪੁਲਿਸ ਪਾਰਟੀ ਪਹੁੰਚੀ ਸੀ, ਪਰ ਹਾਲੇ ਤੱਕ ਪੁਲਿਸ ਇਸ ਘਟਨਾਂ ਬਾਰੇ ਕੋਈ ਵੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ।

Send this to a friend