June 2, 2026 10:32 pm

ਸਿੱਖ ਕੌਮ ਦੀ ਨੁਮਾਇੰਦਗੀ ਉਹੀ ਪਾਰਟੀ ਕਰ ਸਕਦੀ ਜਿਸ ਕੋਲ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ : ਪਰਮਿੰਦਰ ਢੀਂਡਸਾ

ਲਹਿਰਾਗਾਗਾ, 13 ਮਾਰਚ (ਜਤਿੰਦਰ ਜਲੂਰ)- ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਗੱਲ ਕਰਨਾ ਸਾਡਾ ਏਜੰਡਾ ਹੈ ਸਾਡੇ ਵੱਲੋਂ ਚੁੱਕੇ ਪੰਥਕ ਮਸਲਿਆਂ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਹੈ । ਇਨ੍ਹਾਂ ਵਿਚਾਰਾਂ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਸ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਭੂਟਾਲ ਕਲਾਂ ਵਿਖੇ ਗਊਸ਼ਾਲਾ ਕਮੇਟੀ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਜੋ ਫੈਸਲੇ ਸ਼੍ਰੋਮਣੀ ਕਮੇਟੀ ਚ ਹੋਏ ਜਾਂ ਅਕਾਲ ਤਖ਼ਤ ਸਾਹਿਬ ਤੋਂ ਜੋ ਫੈਸਲੇ ਕਰਵਾਏ ਗਏ ਅਤੇ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਤੇ ਜੋ ਕਿੰਤੂ ਪ੍ਰੰਤੂ ਹੋ ਰਿਹਾ ਹੈ, ਉਸ ਲਈ ਅਸੀਂ ਚਾਹੁੰਦੇ ਹਾਂ ਕਿ ਚੰਗੇ ਲੋਕ ਸ਼੍ਰੋਮਣੀ ਕਮੇਟੀ ਦੀ ਸੇਵਾ ਸੰਭਾਲ ਕੇ ਸਿੱਖ ਕੌਮ ਦੀ ਸੁਚੱਜੀ ਅਗਵਾਈ ਆਉਣ ਵਾਲੇ ਸਮੇਂ ਚ ਕਰਨ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮੇਹਰ ਨਾਲ ਸਾਡੀ ਸੋਚ ਨੂੰ ਜ਼ਰੂਰ ਫਲ ਪਵੇਗਾ । ਉਨ੍ਹਾਂ ਕਿਹਾ ਕਿ ਜਲਦੀ ਹੀ ਅਕਾਲੀ ਦਲ ਟਕਸਾਲੀ ,ਢੀਂਡਸਾ ਸਾਹਿਬ ,ਫੂਲਕਾ ਸ਼ਾਹਿਬ, ਅਕਾਲੀ ਦਲ 1920 ਅਤੇ ਭਾਈ ਰਣਜੀਤ ਸਿੰਘ ਆਦਿ ਕੇਂਦਰ ਸਰਕਾਰ ਨੂੰ ਮਿਲ ਕੇ ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕਰਨਗੇ । ਸ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਇੱਕ ਸੋਚ ਹੈ ,ਇੱਕ ਵਿਚਾਰਧਾਰਾ ਹੈ ਜੋ ਉਸ ਤੇ ਚੱਲੇਗਾ ਉਹ ਹੀ ਅਸਲੀ ਅਕਾਲੀ ਦਲ ਹੈ ਜੋ ਅਕਾਲੀ ਦਲ ਦੇ ਸਿਧਾਂਤਾਂ ਦੇ ਉਲਟ ਚੱਲਦਾ ਹੈ ਉਸ ਨੂੰ ਅਕਾਲੀ ਦਲ ਕਹਾਉਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ,ਖਾਸ ਕਰਕੇ ਅਕਾਲੀ ਦਲ ਨਾਲ ਜੁੜੇ ਵਰਕਰ ਅਸਲੀਅਤ ਜਾਣ ਚੁੱਕੇ ਹਨ, ਉਹ ਆਪਣੇ ਲੀਡਰਾਂ ਤੇ ਵੀ ਦਬਾਅ ਪਾ ਰਹੇ ਰਹੇ ਹਨ ਕਿ ਸਾਨੂੰ ਸਚਾਈ ਅਤੇ ਸਿਧਾਤਾਂ ਦੇ ਨਾਲ ਖੜਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਆਉਣ ਵਾਲੇ ਸਮੇਂ ਚ ਪੰਜਾਬ ਦੇ ਹਰ ਕੋਨੇ ਚ ਅਕਾਲੀ ਦਲ ਦੀ ਸੋਚ ਨੂੰ ਪਿਆਰ ਕਰਨ ਵਾਲੇ ਇਸ ਕਾਫਲੇ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਹੈ ਜਿਸ ਤੋਂ ਅਸਲ ਮਾਇਨੇ ‘ਚ ਸਾਨੂੰ ਤਾਕਤ ਮਿਲਣੀ ਹੈ ਕਿਉਂਕਿ ਧਾਰਮਿਕ ਸੇਵਾ ਜਾਂ ਸਿੱਖ ਕੌਮ ਦੀ ਨੁਮਾਇੰਦਗੀ ਉਹ ਪਾਰਟੀ ਹੀ ਕਰ ਸਕਦੀ ਹੈ ਜਿਸ ਕੋਲ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਹੋਵੇ । ਇਸ ਮੌਕੇ ਸੀਨੀਅਰ ਅਕਾਲੀ ਆਗੂ ਸ ਸੁਖਵੰਤ ਸਿੰਘ ਸਰਾਓ,ਹਰਜੋਤ ਸਿੰਘ ਪੀ ਏ ਸ ਢੀਂਡਸਾ,ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ ਐਡਵੋਕੇਟ,ਨੌਜਵਾਨ ਆਗੂ ਬਾਬਰਜੀਤ ਸਿੰਘ ਗਰੇਵਾਲ, ਸੰਦੀਪ ਸਿੰਘ ਦੀਪਾ ਭੂਟਾਲ,ਬਲਕਾਰ ਸਿੰਘ ਭੂਟਾਲ,ਸੁਖਦੀਪ ਸਿੰਘ ਗਰੇਵਾਲ ਕਲੱਬ ਪ੍ਰਧਾਨ ਆਦਿ ਹਾਜਰ ਸਨ।

Send this to a friend