September 26, 2023 3:02 pm

ਪੰਜਾਬ ਸਿੱਖ ਕੌਂਸਲ ਵੱਲੋਂ ਪ੍ਰਕਾਸ਼ਿਤ ‘ਅਰਦਾਸ ਕੈਲੰਡਰ’ ਸ. ਮਾਨ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਜਾਰੀ

ਸ੍ਰੀ ਫ਼ਤਹਿਗੜ੍ਹ ਸਾਹਿਬ- “ਅੱਜ ਜਦੋਂ ਸਿੱਖ ਨੌਜਵਾਨੀ, ਸਿੱਖ ਬੱਚਿਆਂ ਨੂੰ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆ ਅਤੇ ਉਨ੍ਹਾਂ ਦੇ ਆਪਣੇ ਘਰਾਂ ਵਿਚ ਸਿੱਖ ਇਤਿਹਾਸ ਅਤੇ ਸਿੱਖ ਕੌਮ ਸਬੰਧੀ ਬਣਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਤਾਂ ਉਸ ਸਮੇਂ ਪੰਥ ਦਰਦੀਆਂ ਅਤੇ ਬੁੱਧੀਜੀਵੀਆਂ ਦਾ ਇਹ ਇਖ਼ਲਾਕੀ ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਆਪੋ-ਆਪਣੇ ਤੌਰ ਤੇ ਜਾਂ ਸਮੂਹਿਕ ਤੌਰ ਤੇ ਅਜਿਹੇ ਉਦਮ ਕਰਨ ਜਿਸ ਨਾਲ ਸਿੱਖ ਬੱਚਿਆਂ ਤੇ ਨੌਜ਼ਵਾਨੀ ਨੂੰ ਦੂਸਰੀ ਪੜ੍ਹਾਈ ਦੇ ਨਾਲ-ਨਾਲ ਸਿੱਖ ਇਤਿਹਾਸ ਸੰਬੰਧੀ ਭਰਪੂਰ ਜਾਣਕਾਰੀ ਮਿਲ ਸਕੇ। ਇਸ ਸੋਚ ਨੂੰ ਹੋਰ ਬਲ ਦਿੰਦਿਆ ਪੰਜਾਬ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਜਥੇ: ਮੋਹਨ ਸਿੰਘ ਕਰਤਾਰਪੁਰ ਵੱਲੋਂ ਸਿੱਖ ਕੌਮ ਦੀ ਅਰਦਾਸ ਸੰਬੰਧੀ ਅਰਥਭਰਪੂਰ ਫੋਟੋਆਂ ਪ੍ਰਕਾਸ਼ਿਤ ਕਰਦੇ ਹੋਏ ਪੂਰੀ ਅਰਦਾਸ ਦੀ ਮਹੱਤਤਾਂ ਨੂੰ ਮੁੱਖ ਰੱਖਕੇ ਇਕ “ਅਰਦਾਸ ਕੈਲੰਡਰ“ ਬਣਵਾਇਆ ਗਿਆ ਹੈ, ਜਿਸ ਨੂੰ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਤੇ ਨਤਮਸਤਕ ਹੁੰਦੇ ਹੋਏ ਅਤੇ ਅਰਦਾਸ ਕਰਦੇ ਹੋਏ ਨਿਸ਼ਾਨ ਸਾਹਿਬ ਦੀ ਛੱਤਰ-ਛਾਇਆ ਹੇਠ ਪੰਜਾਬੀਆਂ ਅਤੇ ਸਿੱਖ ਕੌਮ ਲਈ ਜਾਰੀ ਕੀਤਾ ਗਿਆ ਹੈ। ਜੋ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦੇਣ ਵਾਲਾ ਪ੍ਰਸ਼ੰਸ਼ਾਂਯੋਗ ਉਦਮ ਹੈ।” ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ । ਇਸ ਮੌਕੇ ਤੇ ਸ. ਮਾਨ, ਸ. ਟਿਵਾਣਾ ਅਤੇ ਹੋਰ ਸਾਥੀਆਂ ਨੇ ਸ. ਮੋਹਨ ਸਿੰਘ ਕਰਤਾਰਪੁਰ, ਗਿਆਨ ਟਰੱਸਟ ਅਤੇ ਪੰਜਾਬ ਸਿੱਖ ਕੌਂਸਲ ਦੀ ਇਸ ਵਿਦਵਤਾ ਵਾਲੀ ਉਦਮ ਅਤੇ ਕਾਰਵਾਈ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਵੱਲੋਂ ਇਸ ਉਦਮ ਲਈ ਸ. ਮੋਹਨ ਸਿੰਘ ਕਰਤਾਰਪੁਰ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਗਿਆ ਕਿ ਸ. ਮੋਹਨ ਸਿੰਘ ਕਰਤਾਰਪੁਰ ਅਕਸਰ ਹੀ ਸਿੱਖ ਇਤਿਹਾਸ, ਸਿੱਖੀ ਸੰਸਥਾਵਾਂ, ਗੁਰੂ ਸਾਹਿਬਾਨ ਜੀ ਦੇ ਆਦੇਸ਼ਾਂ, ਸਿੱਖੀ ਯਾਦਗਰਾਂ ਦੀ ਸੇਵਾ ਸੰਭਾਲ ਲਈ ਕੁਝ ਨਾ ਕੁਝ ਆਪਣੀ ਜਿੰਦਗੀ ਵਿਚ ਕਰਦੇ ਨਜ਼ਰ ਆ ਰਹੇ ਹਨ । ਅਜਿਹੀ ਸੋਚ ਅਤੇ ਤਾਕਤ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਹੀ ਕਿਸੇ ਆਤਮਾ ਨੂੰ ਪ੍ਰਾਪਤ ਹੁੰਦੀ ਹੈ।। ਉਨ੍ਹਾਂ ਆਤਮਾਵਾਂ ਵਿਚੋਂ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਵੀ ਇਕ ਨੇਕ ਅਤੇ ਇਨਸਾਨੀਅਤ ਪੱਖੀ ਆਤਮਾ ਹਨ । ਜਿਨ੍ਹਾਂ ਦੇ ਇਸ ਉਦਮ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਹ ਥੋੜੀ ਹੈ । ਸ. ਮਾਨ ਨੇ ਜਿਥੇ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਇਸ ਇਤਿਹਾਸਿਕ ਕੈਲੰਡਰ ਸੰਬੰਧੀ ਜੋਰਦਾਰ ਗੁਜ਼ਾਰਿਸ ਕਰਦੇ ਹੋਏ ਕਿਹਾ ਕਿ ਜੇਕਰ ਆਪ ਜੀ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਗਜੈਕਟਿਵ ਕਮੇਟੀ ਨੂੰ ਜਾਣਕਾਰੀ ਦੇ ਕੇ ਇਹ ਕੈਲੰਡਰ ਵੱਡੀ ਗਿਣਤੀ ਵਿਚ ਛਪਵਾਕੇ ਵੰਡਣ ਦਾ ਪ੍ਰਬੰਧ ਕਰ ਸਕੋ ਤਾਂ ਇਹ ਕੌਮ ਦੀ ਬਹੁਤ ਵੱਡੀ ਸੇਵਾ ਹੋਵੇਗੀ । ਇਸਦੇ ਨਾਲ ਹੀ ਉਨ੍ਹਾਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਹ ਅਪੀਲ ਕੀਤੀ ਕਿ ਆਪਣੇ ਘਰਾਂ ਵਿਚ ਇਸ ਕੈਲੰਡਰ ਨੂੰ ਫਰੇਮ ਵਿਚ ਜੜਵਾਕੇ ਸੁਸੋਭਿਤ ਕਰਨ ਤਾਂ ਕਿ ਸਾਡੇ ਬੱਚਿਆਂ ਨੂੰ ਸਿੱਖੀ ਅਰਦਾਸ ਦੀ ਪੂਰੀ ਤਰ੍ਹਾਂ ਸਮਝ ਆ ਸਕੇ ਅਤੇ ਉਹ ਕੌਮੀ ਗਤੀਵਿਧੀਆਂ ਤੇ ਸੋਚ ਨਾਲ ਸਦਾ ਲਈ ਜੁੜਕੇ ਰਹਿ ਸਕਣ।
ਇਸ ਮੌਕੇ ਸ. ਮਾਨ ਦੇ ਨਾਲ ਸ. ਨੱਥਾਂ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸਾਬਕਾ ਮੈਨੇਜਰ ਸ. ਅਮਰਜੀਤ ਸਿੰਘ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਕੁਲਦੀਪ ਸਿੰਘ ਭਾਗੋਵਾਲ ਜਰਨਲ ਸਕੱਤਰ, ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਰਣਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਸਰਧਾਲੂ ਵੀ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ

Send this to a friend