ਧੂਰੀ, 11 ਮਾਰਚ (ਸੰਜੀਵ ਸਿੰਗਲਾ)- ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਮ ਨਾਥ ਸਾਰਸ ਦੇ ਭਰਾ ਸਵਰਗੀ ਸ਼੍ਰੀ ਰਾਮ ਲਾਲ ਦੇ ਘਰ ਨੂੰ ਅੱਗ ਲੱਗਣ ਕਾਰਨ ਘਰ ਵਿੱਚ ਪਿਆ ਫਰਨੀਚਰ ਤੇ ਹੋਰ ਕੀਮਤੀ ਸਮਾਨ ਸੜ ਜਾਣ ਕਾਰਨ ਤਕਰੀਬਨ ਢਾਈ ਲੱਖ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ‘ਤੇ ਪੁੱਜੇ ਪੱਤਰਕਾਰਾਂ ਨਾਲ ਇਸ ਦੁੱਖਦਾਇਕ ਘਟਨਾ ਦਾ ਜ਼ਿਕਰ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਮ ਨਾਥ ਸਾਰਸ ਨੇ ਦੱਸਿਆ ਕਿ ਆਉਣ ਵਾਲੀ 15 ਮਾਰਚ ਨੁੰ ਉਹਨਾਂ ਦੇ ਭਤੀਜੇ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਕਾਰਨ ਘਰ ਵਿੱਚ ਵਿਆਹ ਦੇ ਦਾਜ-ਬਰੀ ਨਾਲ ਸਬੰਧਤ ਲੋੜੀਦਾ ਸਮਾਨ ਵੀ ਮੰਗਵਾ ਕੇ ਰੱਖਿਆ ਹੋਇਆ ਸੀ। ਉਹਨਾਂ ਕਿਹਾ ਕਿ ਅੱਜ ਅਚਾਨਕ ਬਾਅਦ ਦੁਪਹਿਰ ਰਸੋਈ ਗੈਸ ਦਾ ਸਿਲੰਡਰ ਲੀਕ ਹੋਣ ਨਾਲ ਘਰ ਨੂੰ ਅੱਗ ਲੱਗ ਗਈ। ਉਹਨਾਂ ਫਾਇਰ ਬ੍ਰਿਗੇਡ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਹੱਲਾ ਨਿਵਾਸੀਆਂ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ । ਉਹਨਾਂ ਕਿਹਾ ਕਿ ਉਹ ਦਲਿੱਤ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਹਨ । ਉਹਨਾਂ ਸਰਕਾਰ ਪਾਸੋਂ ਲੋੜੀਦੀ ਜਾਂਚ-ਪੜਤਾਲ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।