November 4, 2024 4:46 am

ਡਿਪਟੀ ਕਮਿਸ਼ਨਰ ਨੇ ਪਟਿਆਲਾ ਹੈਰੀਟੇਜ਼ ਫੈਸਟੀਵਲ ਤੋਂ ਬਾਅਦ ਮੁੜ ਸੁਣੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ-ਲੋਕਾਂ ਦਾ ਭਰਵਾਂ ਹੁੰਗਾਰਾ

ਲੋਕਾਂ ਦੇ ਕੰਮ ਤੁਰੰਤ ਨਿਬੇੜਨ ਅਧਿਕਾਰੀ ਤੇ ਕਰਮਚਾਰੀ, ਕੁਤਾਹੀ ਬਰਦਾਸ਼ਤ ਨਹੀਂ : ਕੁਮਾਰ ਅਮਿਤ

ਪਟਿਆਲਾ, 11 ਮਾਰਚ (ਸਿਕੰਦਰ ਸਿੰਘ)- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਆਮ ਲੋਕਾਂ ਦੇ ਮਸਲੇ ਤੇ ਸ਼ਿਕਾਇਤਾਂ ਸੁਨਣ ਅਤੇ ਦਰਖਾਸਤਾਂ ਲੈਣ ਲਈ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ ਤਹਿਤ ਪਟਿਆਲਾ ਹੈਰੀਟੇਜ਼ ਫੈਸਟੀਵਲ ਤੋਂ ਬਾਅਦ ਅੱਜ ਮੁੜ ਸ਼ਿਕਾਇਤਾਂ ਸੁਣੀਆਂ ਗਈਆਂ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।ਸ੍ਰੀ ਕੁਮਾਰ ਅਮਿਤ ਨੇ ਹਰ ਬੁੱਧਵਾਰ ਦੀ ਤਰ੍ਹਾਂ ਜ਼ਿਲ੍ਹਾ ਪ੍ਰਬੰਧਕੀ ਵਿਖੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮੌਕੇ ‘ਤੇ ਨਿਪਟਾਰਾ ਕਰਵਾਇਆ ਅਤੇ ਨਾਲ ਹੀ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਲੋਕਾਂ ਦੇ ਮਸਲੇ ਤੁਰੰਤ ਨਿਬੇੜੇ ਜਾਣ ਤੇ ਇਸ ਸਬੰਧੀਂ ਕਿਸੇ ਵੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਇਕ ਪਿੰਡ ਦੇ ਰਿਕਾਰਡ ਬਾਰੇ ਮਸਲਾ ਸਾਹਮਣੇ ਆਉਣ ‘ਤੇ ਕਿਹਾ ਕਿ ਜਦੋਂ ਕਿਸੇ ਵਿਭਾਗ ਕੋਲੋਂ ਕਿਸੇ ਪ੍ਰਾਰਥੀ ਵੱਲੋਂ ਕੋਈ ਸਰਕਾਰੀ ਰਿਕਾਰਡ ਮੰਗਿਆ ਜਾਂਦਾ ਹੈ ਤਾਂ ਉਹ ਤੁਰੰਤ ਮੁਹੱਈਆ ਕਰਵਾਇਆ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਇਹ ਪਹਿਲਕਦਮੀ ਕੀਤੀ ਸੀ ਪਰੰਤੂ ਪਟਿਆਲਾ ਹੈਰੀਟੇਜ਼ ਫੈਸਟੀਵਲ ਤੇ ਕਰਾਫ਼ਟ ਮੇਲੇ ਕਰਕੇ ਕੁਝ ਸਮਾਂ ਅਜਿਹਾ ਨਹੀਂ ਹੋ ਸਕਿਆ ਪਰ ਹੁਣ ਮੁੜ ਤੋਂ ਲੋਕ ਹਰ ਬੁੱਧਵਾਰ ਨੂੰ ਪਬਲਿਕ ਮੀਟਿੰਗ ਮੌਕੇ ਉਨ੍ਹਾਂ ਨੂੰ ਮਿਲ ਸਕਦੇ ਹਨ।

Send this to a friend