March 24, 2025 4:21 am

ਪੇਂਡੂ ਇਲਾਕਿਆਂ ‘ਚ ਫੈਕਟਰੀਆਂ ਕਾਰਨ ਵਾਤਾਵਰਨ ਗੰਧਲਾ ਅਤੇ ਧਰਤੀ ਹੇਠਲਾ ਪਾਣੀ ਹੋਇਆ ਦੂਸ਼ਿਤ

ਸ੍ਰੀ ਮਾਛੀਵਾੜਾ ਸਾਹਿਬ- ਅੱਜ ਤੋਂ ਕੋਈ ਵੀਹ ਪੱਚੀ ਕੁ ਸਾਲ ਪਹਿਲਾਂ ਮਾਛੀਵਾੜਾ ਇਲਾਕੇ ਦੇ ਪਿੰਡਾਂ ਤੱਖਰਾਂ ਹਾੜ੍ਹੀਆ ਇਰਾਕ ਭੱਟੀਆਂ ਆਦਿ ਪਿੰਡਾਂ ਵਿੱਚ ਉਦਯੋਗਿਕ ਇਕਾਈਆਂ ਛੋਟੀਆਂ ਫੈਕਟਰੀਆਂ ਦੇ ਰੂਪ ਵਿੱਚ ਲੱਗਣੀਆਂ ਸ਼ੁਰੂ ਹੋਈਆਂ।ਰੇਤਲੀ ਧਰਤੀ ਹੋਣ ਕਾਰਨ ਇੱਥੇ ਫ਼ਸਲ ਵੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਸੀ ਤੇ ਹਰ ਪਾਸੇ ਰੇਤ ਦੇ ਟਿੱਬੇ ਹੀ ਨਜ਼ਰ ਆਉਂਦੇ ਸਨ।ਜਦੋਂ ਲੁਧਿਆਣਾ ਦੇ ਉਦਯੋਗਿਕ ਘਰਾਣਿਆਂ ਨੇ ਇਸ ਪਾਸੇ ਜ਼ਮੀਨ ਲੈਣੀ ਸ਼ੁਰੂ ਕਰ ਦਿੱਤੀ ਤਾਂ ਇਲਾਕੇ ਦੇ ਜ਼ਿਮੀਂਦਾਰ ਖ਼ੁਸ਼ ਹੋਏ ਕਿ ਉਨ੍ਹਾਂ ਦੀ ਬੇ ਅਬਾਦ ਜਿਹੀ ਜ਼ਮੀਨ ਵਿੱਕਣੀ ਸ਼ੁਰੂ ਹੋ ਚੁੱਕੀ ਹੈ।ਉਸ ਸਮੇਂ ਅਨੁਸਾਰ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਰੇਟ ਬਹੁਤ ਵੱਧ ਜਾਪ ਰਿਹਾ ਸੀ।ਇਸੇ ਕਾਰਨ ਲੋਕਾਂ ਨੇ ਧੜਾ ਧੜ ਜ਼ਮੀਨ ਵੇਚ ਕੇ ਇਸ ਇਲਾਕੇ ਨੂੰ ਉਦਯੋਗਿਕ ਹੱਬ ਬਣਾ ਦਿੱਤਾ।।
ਉਸ ਸਮੇਂ ਤਾਂ ਸਭ ਨੂੰ ਵਧੀਆ ਲੱਗ਼ ਰਿਹਾ ਸੀ ਪਰ ਅੱਜ ਜੋ ਨੁਕਸਾਨ ਇਸ ਇਲਾਕੇ ਵਿੱਚ ਇਹ ਫੈਕਟਰੀਆਂ ਦਾ ਪੌਣ-ਪਾਣੀ ਕਰ ਰਿਹਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋ ਰਿਹਾ ਹੈ।ਇਸ ਪੇਂਡੂ ਇਲਾਕੇ ਵਿੱਚ ਉਹ ਫੈਕਟਰੀਆਂ ਲੱਗ ਚੁੱਕੀਆਂ ਹਨ ਜੋ ਕਿ ਧਰਤੀ ਹੇਠਲੇ ਪਾਣੀ ਵਿੱਚ ਡੂੰਘੇ ਬੋਰਾਂ ਰਾਹੀਂ ਕੈਮੀਕਲ ਤੇ ਤੇਜ਼ਾਬੀ ਪਾਣੀ ਸੁੱਟ ਰਹੀਆਂ ਹਨ। ਅੱਗ ਵਿੱਚ ਗੰਦੀ ਰੱਬੜ ਬਾਲ ਕੇ ਜਿੱਥੇ ਹਵਾ ਨੂੰ ਤਾਂ ਪ੍ਰਦੂਸ਼ਤ ਕੀਤਾ ਜਾ ਹੀ ਰਿਹਾ ਹੈ ਸਗੋਂ ਨਾਲ ਦੇ ਪਿੰਡਾਂ ਵਿੱਚ ਬਰੀਕ ਸੁਆਹ ਵੀ ਉੱਡਦੀ ਹੈ ਜੋ ਬੁਰੀਆਂ ਬਿਮਾਰੀਆਂ ਪੈਦਾ ਕਰਦੀ ਹੈ।ਇਲਾਕੇ ਵਿੱਚ ਛੋਟੇ ਸੂਏ ਕੱਸੀਆਂ ਨਾਲੇ ਆਦਿ ਵਿੱਚ ਵੀ ਇਨ੍ਹਾਂ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਹਾ ਹੈ ਇਹੀ ਜ਼ਹਿਰੀਲਾ ਪਾਣੀ ਇਲਾਕੇ ਦੇ ਹੇਠਲੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਲੋਕ ਕੀ ਕਰਨ ਤੇ ਕਿੱਧਰ ਨੂੰ ਜਾਣ।
ਨੇੜਲੇ ਪਿੰਡ ਤੱਖਰਾਂ ਦੀ ਜੂਹ ਵਿੱਚ ਟੈਕਸਟਾਈਲ ਫੈਕਟਰੀ ਲੱਗੀ ਹੈ ਜਿਸ ਵਿੱਚ ਰੰਗਾਈ ਦਾ ਹੀ ਮੁੱਖ ਕੰਮ ਹੈ ਕੈਮੀਕਲ ਤੇ ਹੋਰ ਤੇਜ਼ਾਬਾਂ ਨਾਲ ਰੰਗਾਈ ਵਾਲਾ ਗੰਦਾ ਪਾਣੀ ਜਦੋਂ ਧਰਤੀ ਵਿੱਚ ਜਾਂਦਾ ਹੈ ਤਾਂ ਥੱਲੇ ਕੀ ਹੁੰਦਾ ਹੋਵੇਗਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ।ਇਸ ਤੋਂ ਇਲਾਵਾ ਜਦੋਂ ਪਿੰਡ ਵਾਲੇ ਰਸਤੇ ਨੂੰ ਲੰਘਦੇ ਹਾਂ ਤਾਂ ਕਿ ਤੇਜ਼ਾਬੀ ਪਾਣੀ ਦੀ ਬਦਬੂ ਨੱਕ ਬੰਦ ਕਰਦੀ ਹੈ।
ਇਸ ਰਸਤੇ ਉੱਪਰ ਹੀ ਫੈਕਟਰੀ ਵੱਲੋਂ ਇੱਕ ਵੱਡਾ ਗਰਮ ਹਵਾ ਵਾਲਾ ਪੱਖਾ(ਬੱਲੋ ਫੈਨ) ਵੀ ਫਿੱਟ ਕਰ ਦਿੱਤਾ ਹੈ ਜੋ ਕਿਸੇ ਵੀ ਹਾਲਤ ਵਿੱਚ ਨਹੀਂ ਲੱਗ ਸਕਦਾ।
ਇਸ ਫੈਕਟਰੀ ਤੋਂ ਥੋੜ੍ਹੀ ਦੂਰ ਤੇ ਹੀ ਇੱਕ ਯੂਨਿਟ ਰਵੜ ਢਲਾਈ ਦਾ ਵੀ ਲੱਗਾ ਹੋਇਆ ਹੈ ਜੋ ਪ੍ਰਦੂਸ਼ਣ ਦੇ ਮਾਪਦੰਡ ਅਨੁਸਾਰ ਬਹੁਤ ਹੀ ਗਲਤ ਹੈ ਇੱਥੇ ਜੋ ਕੁਝ ਜਾਲਿਆਂ ਜਾਂਦਾ ਹੈ ਉਹ ਹਵਾ ਵਿੱਚ ਬਹੁਤ ਗਲਤ ਗੈਸਾਂ ਤਾਂ ਫੈਲਾਉਂਦਾ ਹੀ ਹੈ ਨਾਲ ਹੀ ਨੇੜਲੇ ਘਰਾਂ ਵਿੱਚ ਬਹੁਤ ਬਰੀਕ ਸੁਆਹ ਦੀ ਕਣੀ ਵੀ ਸੁੱਟਦਾ ਹੈ।ਜਦੋਂ ਲੋਕ ਸਵੇਰੇ ਘਰਾਂ ਤੋਂ ਬਾਹਰ ਨਿਕਲਦੇ ਹਨ ਜਾਂ ਖੇਤਾਂ ਆਦਿ ਨੂੰ ਜਾਂਦੇ ਹਨ ਤਾਂ ਬਹੁਤ ਹੀ ਬਦ -ਬੂਦਾਰ ਮੁਸ਼ਕ ਵਾਲੀ ਹਵਾ ਆਉਂਦੀ ਤੇ ਸਾਹ ਚੜ੍ਹਦਾ ਹੈ।
ਲੁਧਿਆਣਾ ਜਿਲੇ ਦੇ ਇਹਨਾਂ ਫੈਕਟਰੀਆਂ ਦੇ ਨਜ਼ਦੀਕੀ ਪਿੰਡਾਂ ਤੱਖਰਾਂ,ਭੋਇਪੁਰ ,ਹਾੜੀਆਂ,ਮਾਲਵਾ ਅੱਡਾ ,ਪੂਨੀਆ ਆਦਿ ਵਿੱਚ ਫੈਕਟਰੀਆਂ ਦੇ ਪ੍ਰਦੂਸ਼ਣ ਪਾਣੀ ਅਤੇ ਗੰਦੀ ਹਵਾ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਇਕੱਲੇ ਤੱਖਰਾਂ ਪਿੰਡ ਵਿੱਚ ਹੀ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਪਿੰਡ ਤੱਖਰਾਂ ਦੇ ਕੁਝ ਫਿਕਰਮੰਦ ਤੇ ਸੂਝਵਾਨ ਲੋਕਾਂ ਨੇ ਪੱਤਰਕਾਰਾਂ ਨੂੰ ਇਸ ਗਲਤ ਹੋ ਰਹੇ ਪੌਣ ਪਾਣੀ ਪ੍ਰਤੀ ਇੱਕ ਮੰਗ ਪੱਤਰ ਵੀ ਦਿੱਤਾ ਤਾਂ ਕਿ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਆ ਕੇ ਇਸ ਇਲਾਕੇ ਦੇ ਖਰਾਬ ਹੋ ਰਹੇ ਪੌਣ ਪਾਣੀ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਇਲਾਕਾ ਨਿਵਾਸੀਆਂ ਦੀ ਸਾਰ ਲੈਣ, ਇਨ੍ਹਾਂ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਜੋ ਕੁਝ ਗਲਤ ਮਾਪਦੰਡਾਂ ਰਾਹੀਂ ਕੀਤਾ ਜਾ ਰਿਹਾ ਹੈ ਉਸ ਨੂੰ ਰੋਕ ਲਾਈ ਜਾਵੇ।।
ਜਿੰਮੇਵਾਰੀ ਕਿਸਦੀ ?
ਇੱਥੇ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਚੰਦ ਰੁਪਈਆਂ ਦੇ ਲਾਲਚ ਜਾਂ ਮਿਲੀ ਭੁਗਤ ਸਦਕਾ ਇਲਾਕੇ ਦੇ ਵਸਨੀਕ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਪੈਦਾ ਕੀਤਾ ਜਾ ਰਿਹਾ ਹੈ।ਨਵ ਜੰਮੇ ਬੱਚੇ ਮਾਂ ਦੇ ਪੇਟ ਵਿੱਚੋਂ ਹੀ ਬਿਮਾਰੀਆਂ ਨਾਲ ਜਕੜੇ ਪੈਦਾ ਹੋ ਰਹੇ ਹਨ, ਤੇ ਇਹ ਕਾਰਪੋਰੇਟ ਘਰਾਣਿਆਂ ਦੇ ਕਰਿੰਦਿਆਂ ਦਾ ਕਹਿਣਾ ਹੈ ਕਿ ਅਸੀਂ ਸਹੀ ਹਾਂ ! ਜੇ ਇਹ ਸਹੀ ਹਨ ਤਾਂ ਜਿੰਮੇਵਾਰੀ ਕਿਸਦੀ ਬਣਦੀ ਏ !ਇਲਾਕਾ ਨਿਵਾਸੀਆਂ ਦੀ ਮੰਗ ਹੈ ਡੀਸੀ ਸਾਹਿਬ ਪ੍ਰਦੂਸ਼ਣ ਵਿਭਾਗ ਉਦਯੋਗਿਕ ਇਕਾਈ ਨਾਲ ਸਬੰਧਤ ਮਹਿਕਮੇ ਦੀ ਇੱਕ ਜਾਂਚ ਟੀਮ ਇਸ ਇਲਾਕੇ ਦਾ ਦੌਰਾ ਕਰੇ ਤਾਂ ਅਸਲੀਅਤ ਪਤਾ ਲੱਗ ਸਕੇ।
– ਜਗਰੂਪ ਸਿੰਘ ਮਾਨ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ’, ਸ੍ਰੀ ਮਾਛੀਵਾੜਾ ਸਾਹਿਬ
ਸੰਪਰਕ : 98550-55355