ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੀ ਪਾਕਿਸਤਾਨ ਫੇਰੀ
ਦਿਲਜੀਤ ਸਿੰਘ ‘ਬੇਦੀ’
ਵਧੀਕ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ੍ਰੀ ਅੰਮ੍ਰਿਤਸਰ
ਸੰਪਰਕ : 98148-98570
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਅੱਠ ਮੈਂਬਰੀ ਵਫਦ ਸਿੱਖ ਮਸਲਿਆਂ, ਸਿੱਖ ਮਰਯਾਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਦੀ ਇਕਸਾਰਤਾ ਸਬੰਧੀ ਪਾਕਿਸਤਾਨ ਤੋਂ ਹੋ ਕੇ ਪਰਤਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਲੀਡਰਸ਼ਿੱਪ ਵਿਚ ਸਿੱਖ ਆਗੂਆਂ ਦੀ ਇਹ ਪਾਕਿਸਤਾਨ ਫੇਰੀ ਸਾਰਥਿਕ ਕਹੀ ਜਾ ਸਕਦੀ ਹੈ। ਇਸ ਫੇਰੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪਾਕਿਸਤਾਨੀ ਪੰਜਾਬ ਦੇ ਗਵਰਨਰ ਰਾਣਾ ਮੁਹੰਮਦ ਇਕਬਾਲ, ਕੇਂਦਰੀ ਮੰਤਰੀ ਸਰਦਾਰ ਖਾਂਨ, ਪਾਕਿਸਤਾਨ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸੁਣਾ ਓਲਾ, ਮਨੁੱਖੀ ਅਧਿਕਾਰ ਅਤੇ ਲੇਬਰ ਮੰਤਰੀ ਰਾਜਾ ਅਸ਼ਫ਼ਾਕ ਸਰਵਰ ਨਾਲ ਮੁਲਕਾਤਾਂ ਕੀਤੀਆਂ ਤੇ ਪਾਕਿਸਤਾਨ ਵਿਚਲੇ ਸਿੱਖਾਂ ’ਤੇ ਹੋ ਰਹੇ ਤਸ਼ੱਦਦ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਵੀ ਪਾਕਿਸਤਾਨ ਸਰਕਾਰ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ’ਤੇ ਜਥੇਦਾਰ ਅਵਤਾਰ ਸਿੰਘ ਅਤੇ ਵਫਦ ਮੈਂਬਰਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਿਸ਼ਵਾਸ਼ ਦਵਾਇਆ ਕਿ ਭਵਿੱਖ ਵਿਚ ਪਾਕਿਸਤਾਨ ਵੱਸਦੇ ਸਿੱਖਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਉੋਣ ਦਿੱਤੀ ਜਾਵੇਗੀ। ਵਫਦ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਤੇ ਹੋਰਨਾਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਤੇ ਗੁਰੂ-ਘਰਾਂ ਦੀਆਂ ਇਮਾਰਤਾਂ ਦੀ ਮੌਜੂਦਾ ਹਾਲਤ ਦਾ ਜਾਇਜਾ ਵੀ ਲਿਆ।
ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਵਰਲਡ ਬੈਂਕ ਦੇ ਚੈਅਰਮੈਨ ਕਾਮਰਾਨ ਅਕਬਰ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਕਾਮਰਾਨ ਅਕਬਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣ ਅਤੇ ਅਟਾਰੀ-ਵਾਹਗਾ ਸਰਹੱਦ ਦੇ ਦੋਵਂੇ ਪਾਸੇ ਸੁੰਦਰਤਾ ਲਈ ਭਾਰਤ-ਪਾਕਿਸਤਾਨ ਵਿਖੇ ਵਰਲਡ ਬੈਂਕ ਵਲੋਂ ਬਣਾਏ ਜਾ ਰਹੇ ਪ੍ਰੋਜੈਕਟ ਲਈ ਸਾਂਝੀ ਕਮੇਟੀ ਬਣਾਉਣ ਲਈ ਵਿਚਾਰਾਂ ਕੀਤੀਆਂ। ਵਫਦ ਨੇ ਸ੍ਰੀ ਕਰਤਾਰ ਪੁਰ ਸਾਹਿਬ ਵਿਖੇ ਮੱਥਾ ਟੇਕਣ
ਉਪਰੰਤ ਨਾਰੋਵਾਲ ਲਾਹੌਰ ਦੇ ਡਿਪਟੀ ਕਮਿਸ਼ਨਰ ’ਤੇ ਹੋਰ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਅਤੇ ਗੁਰਦੁਆਰਾ ਸਾਹਿਬ ਦੇ ਲੰਗਰ-ਘਰ ਤੇ ਰਿਹਾਇਸ਼ੀ ਸਰਾਂ ਦੀ ਕਾਰ-ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਬਾਰੇ ਵੀ ਗੱਲਬਾਤ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਉਨ੍ਹਾਂ ਨਾਲ ਗਏ ਵਫ਼ਦ ਮੈਂਬਰ ਜਦੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਫੁੱਲਾਂ ਦੇ ਹਾਰ ਪਾ ਕੇ ਜੈਕਾਰਿਆ ਦੀ ਗੂੰਜ਼ ਵਿਚ ਜੋਸੋ-ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਸੰਗਤਾਂ ਤੋਂ ਇਲਾਵਾ ਪਾਕਿਸਤਾਨ ਓਕਾਫ ਬੋਰਡ ਦੇ ਐਡੀਸ਼ਨਲ ਸਕੱਤਰ ਫਰਾਜ ਅਬਾਸ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਸ਼ਾਮ ਸਿੰਘ ਤੇ ਸ. ਮਸਤਾਨ ਸਿੰਘ, ਪੰਜਾਬੀ ਸਿੱਖ ਸੰਗਤ ਸੰਸਥਾ ਦੇ ਚੈਅਰਮੈਨ ਸ. ਗੋਪਾਲ ਸਿੰਘ ਚਾਵਲਾ, ਅਜ਼ਹਰ ਅਬਾਸ ਸ਼ਾਹ, ਕੇਅਰ ਟੇਕਰ ਅਤੀਕ ਗਿਲਾਨੀ ਆਦਿ ਸ਼ਾਮਲ ਸਨ। ਉਪਰੰਤ ਸ੍ਰੀ ਨਨਕਾਣਾ ਸਾਹਿਬ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠਲਾ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਤੇ ਆਦੇਸ਼ਾਂ ਅਨੁਸਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਦਿਹਾੜਿਆਂ ਸਬੰਧੀ ਇਕਸਾਰਤਾ ਬਣਾਉਣ ਲਈ ਪਾਕਿਸਤਾਨ ਦੀਆਂ ਸੰਗਤਾਂ ਨਾਲ ਵਿਚਾਰ ਕਰਨ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵਉਚ ਅਸਥਾਨ ਹੈ, ਜਿਸ ਦਾ ਹੁਕਮ ਮੰਨਣਾ ਸਮੂਹ ਸਿੱਖਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਧਾਮਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦਾ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਚਲਾ ਰਹੀ ਹੈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਰ ਫੈਸਲੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਵੀ ਸਮਝਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕਰਨਾ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦਾ ਮੁੱਢਲਾ ਫਰਜ਼ ਹੈ। ਇਥੇ ਹਾਜ਼ਰ ਸੰਗਤ ਨੂੰ ਜਦੋਂ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਇਤਿਹਾਸਕ ਦਿਹਾੜੇ ਮਨਾਉਣ ਲਈ ਪਾਕਿਸਤਾਨੀ ਅਪੀਲ ਕੀਤੀ ਤਾਂ ਸਭ ਤੋਂ ਪਹਿਲਾਂ ਇਸ ਫੈਸਲੇ ’ਤੇ ਫੁੱਲ ਚੜ੍ਹਾਉਂਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਸਤਾਨ ਸਿੰਘ ਨੇ ਜੈਕਾਰਾ ਲਗਾ ਕੇ ਸਿੱਖ ਸੰਗਤਾਂ ਤੋਂ ਪ੍ਰਵਾਨਗੀ ਲਈ। ਸੰਗਤਾਂ ਨੇ ਜੈਕਾਰੇ ਦਾ ਜਵਾਬ ਬੁਲੰਦ ਆਵਾਜ਼ ਵਿਚ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੁਨੇਹੇ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਨਨਕਾਣਾ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਅੱਗੇ ਤੋਂ ਸਿੱਖ ਮਸਲਿਆਂ ਸਬੰਧੀ ਕੋਈ ਵੀ ਕੌਮੀ ਫੈਸਲੇ ਲੈਣ ਸਮੇਂ ਹੋਰਨਾਂ ਦੇਸ਼ਾਂ ਦੇ ਨਾਲ-ਨਾਲ ਪਾਕਿਸਤਾਨੀ ਸਿੱਖਾਂ ਦੇ ਵਿਚਾਰ ਵੀ ਲਏ ਜਾਇਆ ਕਰਨਗੇ। ਇਸ ਮੌਕੇ ਪਾਕਿਸਤਾਨ ਸਰਕਾਰ ਵਿਚ ਨੁਮਾਇੰਦਗੀ ਕਰ ਰਹੇ ਐਮ.ਪੀ.ਏ. ਸ. ਰਾਮੇਸ਼ ਸਿੰਘ ਅਰੋੜਾ ਨੇ ਸ਼੍ਰੋਮ੍ਯਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨੀ ਸਿੱਖ ਸੰਗਤਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਸ. ਰਜਿੰਦਰ ਸਿੰਘ ਮਹਿਤਾ, ਸ. ਮੋਹਨ ਸਿੰਘ ਬੰਗੀ, ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਕਮੇਟੀ ਮੈਂਬਰ, ਚੇਅਰਮੈਨ ਸ. ਸੰਤਾ ਸਿੰਘ ਊਮੈਦਪੁਰੀ, ਸ. ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਐਮ. ਐਲ. ਏ, ਸਕੱਤਰ ਸ. ਸਤਬੀਰ ਸਿੰਘ, ਸ. ਰਾਜਿੰਦਰ ਸਿੰਘ ਅਟਾਰੀ ਨੂੰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵਲੋਂ ਸ. ਰਾਮੇਸ਼ ਸਿੰਘ ਅਰੋੜਾ, ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਸਤਾਨ ਸਿੰਘ, ਸ. ਗੋਪਾਲ ਸਿੰਘ, ਜਥੇਦਾਰ ਪ੍ਰੇਮ ਸਿੰਘ ਹੈ¤ਡ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਓਕਾਫ਼ ਬੋਰਡ ਵਲੋਂ ਐਡੀਸ਼ਨਲ ਸਕੱਤਰ ਫਰਾਜ ਅਬਾਸ, ਅਜ਼ਹਰ ਅਬਾਸ ਅਤੇ ਪੰਜਾਬੀ ਸਿੱਖ ਸੰਗਤ ਸੰਸਥਾ ਵਲੋਂ ਚੈਅਰਮੈਨ ਸ.ਗੋਪਾਲ ਸਿੰਘ ਨੇ ਸਿਰੋਪਾਓ ਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਪਾਕਿਸਤਾਨ ਫੇਰੀ ਦੌਰਾਨ ਜਥੇਦਾਰ ਅਵਤਾਰ ਸਿੰਘ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ ਉਲਾ ਖਾਂ ਨੂੰ ਵੀ ਮਿਲੇ। ਰਾਏ ਅਜੀਜ ਉਲਾ ਖਾਂ, ਰਾਏ ਕੱਲ੍ਹਾ ਜੀ ਦੀ ਵੰਸ਼ ਵਿੱਚੋਂ ਹਨ। ਜਥੇਦਾਰ ਅਵਤਾਰ ਸਿੰਘ ਨਾਲ ਮਿਲਣੀ ਸਮੇਂ ਰਾਏ ਅਜੀਜ ਉਲਾ ਖਾਂ ਨੇ ਗੁਰੂ-ਘਰ ਦੇ ਸੇਵਕ ਰਾਏ ਕੱਲ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਲਈ ਬੇਨਤੀ ਕੀਤੀ। ਇਤਿਹਾਸ ਅਨੁਸਾਰ ਰਾਏਕੋਟ ਰਿਆਸਤ ਦੇ ਹਾਕਮ ਰਾਏ ਕੱਲ੍ਹਾ ਨੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਨੋ-ਮਨੋ ਸੇਵਾ ਕੀਤੀ ਸੀ। ਉਸ ਨੇ ਆਪਣੇ ਪਾਲੀ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖਬਰ ਮੰਗਵਾਈ ਸੀ। ਰਾਏ ਕੱਲ੍ਹਾ ਦੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਾਤਸ਼ਾਹ ਜੀ ਨੇ ਉਸ ਨੂੰ ਗੰਗਾ ਸਾਗਰ ਸਮੇਤ ਕੁਝ ਨਿਸ਼ਾਨੀਆਂ ਦੀ ਬਖਸ਼ਿਸ ਕੀਤੀ ਸੀ। ਅੱਜ ਵੀ ਇਹ ਇਤਿਹਾਸਕ ਗੰਗਾ ਸਾਗਰ ਰਾਏ ਕੱਲ੍ਹਾ ਦੇ ਵੰਸ਼ਜ ਰਾਏ ਅਜੀਜ ਉਲਾ ਖਾਂ ਕੋਲ ਸੁਰੱਖਿਅਤ ਹੈ। ਇਥੇ ਵਿਸ਼ੇਸ਼ ਤੌਰ ’ਤੇ ਇਹ ਉਲੇਖਯੋਗ ਹੈ ਕਿ 2 ਜੂਨ 2014 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਰਾਏ ਕੱਲ੍ਹਾ ਅਤੇ ਗੰਗਾ ਸਾਗਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹੀ ਪਾਕਿ ਫੇਰੀ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਪਾਕਿਸਤਾਨ ਸਰਕਾਰ ਦੇ ਗਵਰਨਰ ਤੇ ਪਾਕਿਸਤਾਨ ਪੰਜਾਬ ਦੇ ਸਪੀਕਰ ਜਨਾਬ ਰਾਣਾ ਮਹੁੰਮਦ ਇਕਬਾਲ ਨਾਲ ਵੀ ਗਵਰਨਲ ਹਾਊਸ ਲਾਹੌਰ ਵਿਖੇ ਮੁਲਾਕਾਤ ਕਰਕੇ ਸਿੱਖ ਧਰਮ ਨਾਲ ਸਬੰਧਤ ਅਨੇਕਾ ਮਸਲਿਆ ਤੋ ਜਾਣੂ ਕਰਵਾਇਆ। ਜਥੇਦਾਰ ਅਵਤਾਰ ਸਿੰਘ ਨੇ ਰਾਣਾ ਮਹੁੰਮਦ ਇਕਬਾਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਲਈ ਪੂਜਣਯੋਗ ਅਸਥਾਨ ਹੈ ਅਤੇ ਇਸੇ ਤਰ੍ਹਾਂ ਹੀ ਇਥੇ ਸਥਿੱਤ ਹੋਰ ਗੁਰੂ-ਘਰ ਵੀ ਸਿੱਖਾਂ ਲਈ ਖਾਸ ਅਹਿਮੀਅਤ ਰੱਖਦੇ ਹਨ। ਪਾਕਿਸਤਾਨ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਸਿੱਖ ਹਮੇਸ਼ਾ ਕਾਮਨਾ ਕਰਦੇ ਹਨ। ਸਿੱਖ ਚਾਹੁੰਦੇ ਹਨ ਕਿ ਪਾਕਿਸਤਾਨ ਸਥਿੱਤ ਗੁਰਧਾਮਾਂ ਦੀ ਸਾਂਭ-ਸੰਭਾਲ ਪੂਰਨ ਮਰਯਾਦਾ ਨਾਲ ਹੋਵੇ ਅਤੇ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਰੌਸ਼ਨੀ ਵਿਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਧਾਰਮਿਕ ਦਿਨ-ਦਿਹਾੜੇ ਮਨਾਏ ਜਾਣ। ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਮੁੱਦਾ ਵੀ ਉਠਾਇਆ, ਜਿਸ ’ਤੇ ਰਾਣਾ ਮਹੁੰਮਦ ਇਕਬਾਲ ਨੇ ਕਿਹਾ ਕਿ ਸਿੱਖ ਮਸਲਿਆ ਬਾਰੇ ਜਲਦ ਹੀ ਆਪਣੇ ਮੁੱਖ ਮੰਤਰੀ ਮੀਆ ਸ਼ਹਿਬਾਜ਼ ਸਰੀਫ਼ ਅਤੇ ਮੰਤਰੀ ਸਹਿਬਾਨਾਂ ਨਾਲ ਮੀਟਿੰਗ ਕਰਕੇ ਸ਼੍ਰੋਮਣੀ ਕਮੇਟੀ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮਿਲਣੀ ਦੌਰਾਨ ਰਾਣਾ ਮਹੁੰਮਦ ਇਕਬਾਲ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਗਵਰਨਲ ਹਾਊਸ ਲਾਹੌਰ ਵਿਖੇ ਦੁਪਿਹਰ ਦਾ ਖਾਣਾ ਵੀ ਖਵਾਇਆ। ਉਪਰੰਤ ਰਾਣਾ ਮਹੁੰਮਦ ਇਕਬਾਲ ਨੇ ਪ੍ਰਧਾਨ ਅਵਤਾਰ ਸਿੰਘ ਤੇ ਉਨ੍ਹਾਂ ਨਾਲ ਗਵਰਨਰ ਹਾਊਸ ਗਏ ਐਮ.ਪੀ.ਏ ਰਾਮੇਸ਼ ਸਿੰਘ ਅਰੋੜਾ, ਜਥੇਦਾਰ ਰਜਿੰਦਰ ਸਿੰਘ ਮਹਿਤਾ, ਸ ਮੋਹਨ ਸਿੰਘ ਬੰਗੀ, ਸ ਨਿਰਮੈਲ ਸਿੰਘ ਜੌਲਾਂ, ਅੰਤ੍ਰਿਗ ਕਮੇਟੀ ਮੈਂਬਰ, ਚੈਅਰਮੈਨ ਸ ਸੰਤਾ ਸਿੰਘ ਊਮੈਦਪੁਰੀ, ਸ ਇੰਦਰਇੰਕਬਾਲ ਸਿੰਘ ਅਟਵਾਲ ਸਾਬਕਾ ਐਮ. ਐਲ. ਏ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ ਸਤਬੀਰ ਸਿੰਘ, ਰਾਜਿੰਦਰ ਸਿੰਘ ਅਟਾਰੀ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।


