ਮੋਗਾ, 19 ਜੁਲਾਈ (ਅਮਰੀਕ ਮੁੱਦਕਾ, ਨਰੇਸ਼ ਬੌਬੀ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ (ਢੁੱਡੀਕੇ) ਵਿਖੇ ਬੀ.ਏ ਭਾਗ ਪਹਿਲਾ ਵਿੱਚ ਵਿਦਿਆਰਥੀਆ ਨੂੰ ਦਾਖਲੇ ਨਾ ਮਿਲਣ ਦੀ ਆ ਰਹੀ ਸਮੱਸਿਆ ਅਤੇ ਦਲਿਤ ਵਿਦਿਆਰਥੀਆ ਅਤੇ ਸਾਰੇ ਵਰਗਾਂ ਦੀਆਂ ਲੜਕੀਆ ਦੀ ਮੁਕੰਮਲ ਫੀਸ ਮੁਆਫ ਹੋਣ ਦੇ ਬਾਵਜੂਦ ਲਈਆਂ ਜਾ ਰਹੀਆ ਫੀਸਾਂ ਅਤੇ ਨਜਾਇਜ ਫੰਡਾਂ,ਪੰਜਾਬ ਯੂਨੀਵਰਸਿਟੀ ਵੱਲੋਂ 10% ਫੀਸਾਂ ਚ ਕੀਤੇ ਵਾਧੇ ਦੇ ਰੋਸ ਵਜੋ ਰੈਲੀ ਕੀਤੀ ਗਈ। ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਪੰਜਾਬ ਯੂਨੀਵਰਸਿਟੀ,ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪੀ.ਐੱਸ.ਯੂ ਦੇ ਸੂਬਾ ਆਗੂ ਕਰਮਜੀਤ ਸਿੰਘ ਕੋਟਕਪੂਰਾ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਪੰਜਾਬ ਦੇ ਹੋਰਨਾਂ ਕਾਲਜਾਂ ਦੀ ਤਰ੍ਹਾਂ ਇੱਥੇ ਵੀ ਵਿਦਿਆਰਥੀਆ ਨੇ ਸੰਘਰਸ਼ ਕਰਕੇ ਦਾਖਲੇ ਲਏ ਸਨ, ਪਰ ਪੰਜਾਬ ਯੂਨੀਵਰਸਿਟੀ ਨੇ ਪਿਛਲੇ ਦਿਨੀਂ ਇਹ ਬਿਆਨ ਜਾਰੀ ਕਰਕੇ ਕਿ ਸੀਮਤ ਦਾਖਲਾ ਸੀਟਾਂ ਤੋਂ ਵੱਧ ਦਾਖਲੇ ਕਰਨ ਵਾਲੇ ਕਾਲਜਾਂ ਵਿਰੁੱਧ ਕਾਰਵਾਈ ਅਤੇ ਅਤੇ ਜੁਰਮਾਨੇ ਕੀਤੇ ਜਾਣਗੇ ਇੱਕ ਤਰ੍ਹਾਂ ਨਾਲ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਸਰਕਾਰੀ ਕਾਲਜਾਂ ਵਿੱਚ ਨਾ ਆਉਣ ਦੀ ਚੇਤਾਵਨੀ ਦਿੱਤੀ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆ ਨੂੰ ਸਰਕਾਰੀ ਕਾਲਜਾਂ ਤੋਂ ਵੱਡੀ ਆਸ ਹੁੰਦੀ ਹੈ ਕਿਉਂਕਿ ਪ੍ਰਾਈਵੇਟ ਕਾਲਜਾਂ ਵਾਲੇ ਮਣਾਮੂਹੀ ਫੀਸਾਂ ਬਟੋਰਦੇ ਹਨ। ਸਰਕਾਰੀ ਕਾਲਜਾਂ ਵਿਚ ਵੀ ਵਿਦਿਆਰਥੀਆ ਨੂੰ ਦਾਖਲੇ ਨਹੀਂ ਦਿੱਤੇ ਜਾ ਰਹੇ।ਸ਼ਰੇਆਮ ਯੂ.ਜੀ.ਸੀ ਦੇ ਨਿਯਮਾਂ ਦੇ ਉਲਟ 1000 ਤੋ 2000 ਤੱਕ ਪੀ.ਟੀ.ਏ ਫੰਡ ਲਏ ਜਾ ਰਹੇ ਹਨ ਕਿਉਂਕਿ ਸਰਕਾਰ ਨੇ ਗ੍ਰਾਂਟਾ ਦੇਣੀਆ ਬੰਦ ਕਰ ਦਿੱਤੀਆ ਹਨ। ਪੰਜਾਬ ਯੂਨੀਵਰਸਿਟੀ ਨੇ 10% ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ ਤੇ ਹਰ ਸਾਲ 10% ਵਾਧਾ ਕਰਨ ਦਾ ਐਲਾਨ ਕਰਕੇ ਵਿਦਿਆਰਥੀਆਂ ਵਿਰੋਧੀ ਫੈਸਲਾ ਸੁਣਾਇਆ ਹੈ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਪੰਨੂ ਅਤੇ ਦਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ 1998 ਦੇ ਐਕਟ ਤਹਿਤ ਹਿੰਦੋਸਤਾਨ ਦੇ ਦਲਿਤ ਵਿਦਿਆਰਥੀਆ ਜਿੰਨਾਂ ਦੇ ਪਰਿਵਾਰਾਂ ਦੀ ਆਮਦਨ 250000 ਤੋਂ ਘੱਟ ਹੈ ਦੀ ਸਾਰੇ ਡਿਗਰੀ, ਮੈਡੀਕਲ, ਨਾਨ-ਮੈਡੀਕਲ, ਇੰਜੀਨਿਅਰਿੰਗ, ਪੋਲੀਟੈਕਨਿਕ ਚਾਹੇ ਉਹ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਹੋਣ ਵਿੱਚ ਪੂਰੀ ਫੀਸ ਮੁਆਫ ਕੀਤੀ ਹੋਈ ਹੈ। ਜਿਸ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਵੀ ਦੂਸਰੇ ਰਾਜਾਂ ਦੀ ਤਰ੍ਹਾਂ ਫੰਡ ਆਉਂਦੇ ਹਨ।ਪਰ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੀ ਸਰਕਾਰੀ,ਪ੍ਰਾਈਵੇਟ ਕਾਲਜਾਂ ਵਿੱਚ ਹੁੰਦੀ ਆਰਥਿਕ ਲੁੱਟ ਨੂੰ ਰੋਕਣ ਲਈ ਕਦੇ ਵੀ ਸੁਹਿਰਦਤਾ ਨਹੀਂ ਦਿਖਾਈ ਹੈ ਅਤੇ ਇਹਨਾਂ ਵਿਦਿਆਰਥੀਆ ਲਈ ਆਇਆ ਪੈਸਾ ਸੰਗਤ ਦਰਸ਼ਨਾਂ ਤੇ ਰੌੜ ਰਹੀ ਹੈ। ਡੀ.ਪੀ.ਆਈ ਕਾਲਜਾਂ ਨੇ ਵੀ ਸਾਰੇ ਕਾਲਜਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕੋਈ ਵੀ ਫੀਸਾਂ ਫੰਡ ਨਾ ਲੈਣ ਲਈ ਕਿਹਾ ਸੀ।ਪਰ ਪੰਜਾਬ ਦੇ ਸਾਰੇ ਕਾਲਜ ਆਪਣੀ ਮਰਜੀ ਦੇ ਫੀਸਾਂ ਤੇ ਫੰਡ ਵਿਦਿਆਰਥੀਆ ਤੋਂ ਵਸੂਲ ਰਹੇ ਹਨ ਇਹਨਾਂ ਦਾ ਕੋਈ ਵੀ ਵਾਲੀ-ਵਾਰਿਸ ਨਹੀਂ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾ ਲੜਕੀਆ ਦੀ ਐਮ.ਏ ਤੱਕ ਦੀ ਪੜਾਈ ਮੁਫਤ ਕਰਨ ਲਈ ਕਿਹਾ ਸੀ ਪਰ ਪਿਛਲੇ ਕੁਝ ਕੁ ਦਿਨਾਂ ਤੋਂ ਪ੍ਰਾਈਮਰੀ ਸਕੂਲ ਦੀਆਂ ਲੜਕੀਆਂ ਤੋਂ ਵੀ ਫੀਸਾਂ ਲੈਣੀਆਂ ਸ਼ੁਰੂ ਕਰ ਦਿੱਤੀਆ ਹਨ। ਉਹਨਾਂ ਮੰਗ ਕੀਤੀ ਕਿ ਯੋਗ ਵਿਦਿਆਰਥੀਆ ਨੂੰ ਦਾਖਲੇ ਦਿੱਤੇ ਜਾਣ, ਪੰਜਾਬ ਯੂਨੀਵਰਸਿਟੀ ਫੀਸਾਂ ਵਿੱਚ ਕੀਤਾ 10% ਵਾਧਾ ਵਾਪਸ ਲਵੇ, ਲੜਕੀਆ ਦੀ ਅਤੇ ਦਲਿਤ ਵਿਦਿਆਰਥੀਆ ਦੀ ਮੁਕੰਮਲ ਫੀਸ ਮੁਆਫ ਕੀਤੀ ਜਾਵੇ ਤੇ ਜਿੰਨਾਂ ਕਾਲਜਾਂ ਨੇ ਫੀਸਾਂ ਭਰਾਈਆਂ ਹਨ ਉਹਨਾਂ ਵਿਰੁੱਧ 420 ਦੇ ਪਰਚੇ ਦਰਜ ਕੀਤੇ ਜਾਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।ਇਸ ਮੌਕੇ ਉਕਤ ਤੋਂ ਇਲਾਵਾ ਧਰਮਿੰਦਰ ਸਿੰਘ, ਸੁਖਵੰਤ ਸਿੰਘ ਮੱਦੋਕੇ, ਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਲਾਡੀ, ਦੀਪਕ ਸ਼ਰਮਾ, ਜਸਪ੍ਰੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।



