‘ਰਾਮ ਸੰਗਿ ਰਾਤੇ’ ਬੇਗਮਪੁਰਾ ਦੇ ਪਾਂਧੀ ਭਗਤ ਰਵਿਦਾਸ ਜੀ ਸਿਰਫ ‘ਨੀਚੁਹ ਉਚ ਕਰਹਿ’ ਵਾਲੇ ਪਰਮਾਤਮਾ ਦੇ ਹੀ ਭਗਤ ਸਨ। ਉਹਨਾਂ ਦਾ ਫਲਸਫਾ ਉਹੀ ਸੀ ਜੋਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸਮੇਂ ਅਤੇ ਪੰਜਵੇਂ ਨਾਨਕ ਜਾਮੇ ਵਿੱਚ ਗੁਰੂ ਜੀ ਨੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸੀ। ਅੱਜ ਗੁਰੂ ਦਾ ਦਰਜਾ ਪ੍ਰਾਪਤ ਇਹ ‘ਸੱਚ ਕੀ ਬਾਣੀ ‘ ਅੱਜ ਦੇ ਸਮਾਜ ਵਿਚ ਫੈਲੀ ਜਾਤ-ਪਾਤ,ਫਿਰਕੂ ਨਫ਼ਰਤ,ਕਰਮ ਕਾਂਡ, ਵਹਿਮ ਭਰਮ, ਅੰਧ-ਵਿਸ਼ਵਾਸ ਆਦਿ ਤੋਂ ਦੁਨੀਆਂ ਨੂੰ ਨਿਜਾਤ ਦਿਵਾ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ ਜਿਹੜੇ 40 ਸ਼ਬਦ ਬਿਰਾਜਮਾਨ ਹਨ ਗੁਰਮਤਿ ਦੇ ਵਿਦਵਾਨਾਂ ਨੇ ਉਹਨਾਂ ਨੂੰ ਹੀ ਆਪ ਜੀ ਦੀ ਵਿਚਾਰਧਾਰਾ ਦੇ ਅਧਿਐਨ ਲਈ ਪ੍ਰਮਾਣਿਕ ਮੰਨਿਆ ਹੈ।ਆਪ ਨੇ ਆਪਣੀ ਵਿਚਾਰਧਾਰਾ ਦਾ ਆਧਾਰ ਕਿਸੇ ਵੀ ਸਮਕਾਲੀ ਧਰਮ ਨੂੰ ਨਹੀਂ ਬਣਾਇਆ ਸਗੋਂ ਆਪਣੀ ਸਮਝ ਦੇ ਦਾਇਰੇ ਮੁਤਾਬਕ ਜੋਂ ਠੀਕ ਲੱਗਿਆ ਉਸ ਨੂੰ ਬੇਝਿਜਕ ਲਿਖ ਦਿੱਤਾ ਉਹ ਵੀ ਬਿਨਾਂ ਕੱਟੜਤਾ ਦੇ।ਆਪ ਨੇ ਜੋਂ ਲਿਖਿਆ ਉਹ ਬਿਨਾਂ ਕਿਸੇ ਮਿਥ ਮੁਤਾਬਕ ਲਿਖਿਆ ਅਤੇ ਜੋਂ ਵੀ ਲਿਖਿਆ ਉਹ ਆਪਣੀ ਇਨਕਲਾਬੀ ਅਤੇ ਉਸਾਰੂ ਸੋਚ ਮੁਤਾਬਕ ਲਿਖਿਆ।
ਆਪ ਨੇ ਬਹੁਤਾ ਸਮਾਂ ਬਨਾਰਸ ਵਿੱਚ ਈ ਗੁਜ਼ਾਰਿਆ ਪਰ ਫਿਰ ਵੀ ਆਪ ਨੇ ਪੰਜਾਬ, ਰਾਜਿਸਥਾਨ, ਗੁਜਰਾਤ ਅਤੇ ਬੰਗਾਲ ਆਦਿ ਵਿਚ ਪ੍ਰਚਾਰ ਦੌਰੇ ਕੀਤੇ।ਆਪ ਜੀ ਆਪਣੇ ਜੀਵਨ ਕਾਲ ਵਿਚ ਹੀ ਪੂਰੇ ਭਾਰਤ ਵਿਚ ਪ੍ਰਸਿਧ ਹੋ ਗਏ ਸਨ। ਕੁਝ ਰਾਜੇ, ਰਾਣੀਆਂ ਅਤੇ ਵਿਦਵਾਨ ਪੰਡਿਤ ਵੀ ਆਪ ਦੇ ਸ਼ਰਧਾਲੂ ਬਣ ਗਏ ਸਨ। ਵੱਡੀ ਗਿਣਤੀ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕ ਆਪ ਦੀ ਸਿੱਖਿਆ ਮੰਨ ਕੇ ਬਿਪਰਨੀ ਰੀਤਾਂ ਨੂੰ ਛੱਡ ਕੇ ਗੁਰਮਤਿ ਵਾਲਾ ਜੀਵਨ ਜੀਉਣ ਲੱਗੇ । ਉੱਚੀਆਂ ਜਾਤੀਆਂ ਦੇ ਗਿਆਨੀ ਅਤੇ ਵਿਦਵਾਨ ਲੋਕ ਆਪ ਦੀ ਇੱਜ਼ਤ ਕਰਨ ਲੱਗ ਪਏ ਸਨ।ਇਸ ਗੱਲ ਦਾ ਜ਼ਿਕਰ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ।
ਭਗਤ ਜੀ ਦਾ ਬੇਗਮਪੁਰਾ ਵਾਲਾ ਸੰਕਲਪ ਵੱਖਰਾ ਸੰਕਲਪ ਹੋਣ ਕਰਕੇ ਸਾਡਾ ਧਿਆਨ ਵੱਧ ਖਿੱਚਦਾ ਹੈ। ਧਾਰਮਿਕ ਵਿਚਾਰਧਾਰਾ ਵਾਲੇ ਲੋਕ ਕਹਿੰਦੇ ਹਨ ਕਿ ਬੇਗਮਪੁਰਾ ਇੱਕ ਬਹੁਤ ਉੱਚੀ ਮਾਨਸਿਕ ਅਵਸਥਾ ਹੈ ਜਿੱਥੇ ਪਹੁੰਚ ਕੇ ਮਨੁੱਖ ਦੁਨਿਆਵੀ ਦੁੱਖਾਂ ਗ਼ਮਾਂ ਤੋਂ ਰਹਿਤ ਹੋ ਜਾਂਦਾ ਹੈ।ਇਹ ਪ੍ਰਭੂ ਨਾਲ ਇੱਕਮਿਕ ਹੋਈ ਇੱਕ ਆਤਮਾ ਦੀ ਅਵਸਥਾ ਹੈ। ਦੁਨਿਆਵੀ ਅਵਸਥਾ ਵਾਲੇ ਲੋਕ ਬੇਗਮਪੁਰਾ ਨੂੰ ਇਕ ਅਜਿਹੇ ਸਮਾਜ ਦੀ ਅਵਸਥਾ ਮੰਨਦੇ ਹਨ ਜਿਸ ਵਿਚ ਸਾਰੇ ਸਾਰਿਆਂ ਪਾਸਿਆਂ ਤੋਂ ਬਰਾਬਰਤਾ ਦਾ ਪਸਾਰ ਹੁੰਦਾ ਹੋਵੇ ਅਤੇ ਜਿਸ ਨਾਲ ਇੱਕ ਆਦਰਸ਼ ਸਮਾਜ ਦੀ ਸਿਰਜਣਾ ਹੁੰਦੀ ਹੋਵੇ। ਕੁਝ ਵੀ ਹੋਵੇ ਬੇਗਮਪੁਰਾ ਦੇ ਦੋਵੇਂ ਪੱਖ ਆਦਰਸ਼ਕ ਅਵਸਥਾਵਾਂ ਹਨ।ਇੱਕ ਅਵਸਥਾ ਆਦਰਸ਼ਕ ਵਿਅਕਤੀ ਨੂੰ ਸਿਰਜਦੀ ਹੈ ਅਤੇ ਦੂਜੀ ਵਧੀਆ ਸਮਾਜ ਨੂੰ ਸਿਰਜਦੀ ਹੈ। ਦੋਂਹਾਂ ਦਾ ਆਖਰੀ ਮੰਤਵ ਮਨੁੱਖਤਾ ਦੀ ਭਲਾਈ ਹੈ।