ਰੂਪਨਗਰ/ਨੂਰਪੁਰਬੇਦੀ, 6 ਫਰਵਰੀ- ਨੂਰਪੁਰਬੇਦੀ ਇਲਾਕੇ ਦੇ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਗੋਬਿੰਦਪੁਰ ਬੇਲਾ ਲਾਗੇ ਸਤਿਲੁਜ ਦਰਿਆ ਦੇ ਸਮਾਨਾਂਤਰ ਗੈਰ ਕਾਨੂੰਨੀ ਮਾਈਨਿੰਗ ਕੀਤੇ ਜਾਣ ਖਿਲਾਫ਼ ਆਰੰਭ ਕੀਤੇ ਸੰਘਰਸ਼ ਨੂੰ ਦੇਖਦਿਆਂ ਅੱਜ ਏ.ਡੀ.ਸੀ. (ਡੀ) ਰੂਪਨਗਰ ਅਮਰਦੀਪ ਗੁਜ਼ਰਾਲ ਨੇ ਉਕਤ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਪੱਛਮ ਤੋਂ ਪੂਰਬ ਵੱਲ ਵੱਗਦੇ ਦਰਿਆ ਦਾ ਰੁੱਖ ਦੱਖਣ ਵੱਲ (ਦਰਜਨ ਪਿੰਡਾਂ ਵੱਲ) ਮੁੜਿਆ ਦੇਖ ਕੇ ਖੁੱਦ ਏ.ਡੀ.ਸੀ. ਵੀ ਹੈਰਾਨ ਰਹਿ ਗਏ। ਜ਼ਿਕਰਯੋਗ ਹੈ ਕਿ ਮਾਈਨਿੰਗ ਮਾਫੀਆ ਨੇ ਪਿੰਡ ਗੋਬਿੰਦਪੁਰ ਬੇਲਾ ਲਾਗੇ ਪਿੰਡ ਅਗੰਮਪੁਰ ਦੀ ਹਦਬਸਤ ‘ਚੋਂ ਗੁਜ਼ਰਦੇ ਸਤਿਲੁਜ ਦਰਿਆ ‘ਚੋਂ ਵੱਡੀ ਪੱਧਰ ‘ਤੇ ਮਾਈਨਿੰਗ ਕਰ ਕੇ ਦਰਿਆ ਦੇ ਕੁਦਰਤੀ ਬਹਾਅ ਦਾ ਰੁੱਖ ਗੋਬਿੰਦਪੁਰ ਬੇਲਾ, ਭੈਣੀ, ਮੌਠਾਪੁਰ, ਮਵਾ, ਮੁਕਾਰੀ, ਬਿੱਲਪੁਰ ਤੇ ਅਮਰਪੁਰ ਬੇਲਾ ਆਦਿ ਦਰਜਨ ਪਿੰਡਾਂ ਦੀ ਤਰਫ਼ ਮੋੜ ਦਿੱਤਾ ਹੈ ਜਿਸ ਕਾਰਣ ਭਵਿੱਖ ‘ਚ ਫਸਲੀ ਨੁਕਸਾਨ ਤੋਂ ਇਲਾਵਾ ਹੋਣ ਵਾਲੇ ਜਾਨੀ-ਮਾਲੀ ਤੇ ਆਰਥਿਕ ਖਤਰੇ ਦੇ ਖੋਫ਼ ‘ਚ ਜੀਅ ਰਹੇ ਉਕਤ ਪਿੰਡਾਂ ਦੇ ਲੋਕਾਂ ਨੇ ਕੁਝ ਦਿਨ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਕੇ ਨਾ ਕੇਵਲ ਅਪਣੀ ਅਵਾਜ਼ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਈ ਸੀ ਬਲਕਿ 5 ਫਰਵਰੀ ਨੂੰ ਡੀ.ਸੀ.ਰੂਪਨਗਰ ਡਾ. ਸਮਿਤ ਜਾਰੰਗਲ ਨੂੰ ਵੀ ਮਿਲ ਕੇ ਕਾਰਵਾਈ ਕਰਨ ਦੀ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਅੱਜ ਡੀ.ਸੀ. ਡਾ. ਜਾਰੰਗਲ ਦੇ ਆਦੇਸ਼ਾਂ ‘ਤੇ ਉਕਤ ਦਰਿਆ ‘ਚ ਪੈਦਲ ਚੱਲ ਕੇ ਪਹੁੰਚੇ ਏ.ਡੀ.ਸੀ. ਗੁਜ਼ਰਾਲ ਨੂੰ ਲੋਕਾਂ ਨੇ ਸਮੁੱਚੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੂਰਪੁਰਬੇਦੀ ਖੇਤਰ ਦੇ ਇਨਾਂ ਦਰਜਨ ਪਿੰਡਾਂ ਦੇ ਨਾਲ ਲੱਗਦੇ ਦਰਿਆ ਦੇ ਨਾਲ-ਨਾਲ ਮਾਈਨਿੰਗ ਮਾਫੀਆ ਵੱਲੋਂ ਕੀਤੀ ਗਈ ਨਜਾਇਜ਼ ਖੁਦਾਈ ਕਾਰਣ ਦਰਿਆ ਦਾ ਰੁੱਖ ਮੋੜ ਦਿੱਤਾ ਗਿਆ ਹੈ ਜਿਸ ਨਾਲ ਅਗਾਮੀ ਬਰਸਾਤੀ ਦਿਨਾਂ ‘ਚ ਭਾਰੀ ਤਬਾਹੀ ਮਚ ਸਕਦੀ ਹੈ। ਉਨਾਂ ਕਿਹਾ ਕਿ ਅਗਰ ਮਾਈਨਿੰਗ ਮਾਫੀਆ ਖਿਲਾਫ਼ ਜਲਦ ਕਾਰਵਾਈ ਕਰ ਕੇ ਉਕਤ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ‘ਚ ਹੋਣ ਵਾਲੇ ਕਿਸੀ ਵੀ ਪ੍ਰਕਾਰ ਦੇ ਨੁਕਸਾਨ ਲਈ ਪ੍ਰਸ਼ਾਸ਼ਨ ਪੂਰਣ ਤੌਰ ‘ਤੇ ਜ਼ਿੰਮਵਾਰ ਹੋਵੇਗਾ। ਲੋਕਾਂ ਨੇ ਦੱਸਿਆ ਕਿ ਇਕ ਵਾਰ ਤਾਂ ਉਹ ਅਪਣੇ ਪੱਧਰ ‘ਤੇ ਮਾਫੀਆ ਨੂੰ ਖਦੇੜ ਚੁੱਕੇ ਹਨ ਤੇ ਜੇਕਰ ਭਵਿੱਖ ‘ਚ ਮੁੜ ਮਾਫ਼ੀਆ ਉਕਤ ਸਥਾਨ ‘ਤੇ ਕਾਬਿਜ਼ ਹੁੰਦਾ ਹੈ ਤਾਂ ਸਮੁੱਚੇ ਇਲਾਕੇ ਦੇ ਲੋਕ ਮਿਲ ਕੇ ਸੰਘਰਸ਼ ਵਿੱਢਣਗੇ। ਉਨਾਂ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਕਿ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਲਦਿਆਂ ਨਜਾਇਜ਼ ਖੁਦਾਈ ਲਈ ਲੋਕ ਖੁੱਦ ਅਪਣੀ ਜ਼ਮੀਨ ਮਾਫ਼ੀਆ ਦੇ ਹਵਾਲੇ ਕਰ ਰਹੇ ਹਨ। ਦਰਜਨ ਪਿੰਡਾਂ ਦੇ ਸਰਪੰਚ-ਪੰਚ ਤੇ ਆਮ ਲੋਕ 12 ਵਜੇ ਤੋਂ ਅਧਿਕਾਰੀਆਂ ਦੀ ਉਡੀਕ ਕਰ ਰਹੇ ਸਨ ਜਦਕਿ ਏ.ਡੀ.ਸੀ. ਗੁਜ਼ਰਾਲ ਕਰੀਬ ਡੇਢ ਘੰਟਾ ਦੇਰੀ ਨਾਲ ਡੇਢ ਵਜੇ ਉਕਤ ਸਥਾਨ ‘ਤੇ ਪਹੁੰਚੇ। ਇਸ ਮੌਕੇ ਪਹੁੰਚੇ ਪਿੰਡ ਅਗੰਮਪੁਰ ਦੇ ਸਰਪੰਚ ਸਰਜੀਵਨ ਕੁਮਾਰ ਨੇ ਏ.ਡੀ.ਸੀ. ਨੂੰ ਦੱਸਿਆ ਕਿ ਦਰਿਆ ਦੇ ਨਾਲ-ਨਾਲ ਪੰਚਾਇਤ ਦੀ ਕਰੀਬ 92 ਕਿੱਲੇ ਜ਼ਮੀਨ ਹੈ ਜਿਸ ਵਿੱਚੋਂ ਕਈ ਕਿੱਲਿਆਂ ‘ਚੋਂ ਮਾਫੀਆ ਵੱਲੋਂ ਖੁਦਾਈ ਕੀਤੀ
ਜਾ ਚੁੱਕੀ ਹੈ। ਉਨਾਂ ਕਿਹਾ ਕਿ ਭਾਵੇਂ ਮਹੀਨਾ ਪਹਿਲਾਂ ਇਸ ਸਬੰਧ ‘ਚ 5 ਵਿਅਕਤੀਆਂ ਖਿਲਾਫ਼ ਪ੍ਰਸ਼ਾਸ਼ਨ ਵੱਲੋਂ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ ਮਗਰ ਇਸਦੇ ਬਾਵਜੂਦ ਪੰਚਾਇਤੀ ਜ਼ਮੀਨ ‘ਚੋਂ ਗੈਰ ਕਾਨੂੰਨੀ ਖੁਦਾਈ ਜਾਰੀ ਹੈ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸ਼ੰਮੀ, ਮਾ. ਦੀਵਾਨ ਸਿੰਘ ਗਿੱਲ, ਜਗਤ ਰਾਮ ਨੰਬਰਦਾਰ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਸਰਪੰਚ ਮਨਜੀਤ ਕੌਰ ਗੋਬਿੰਦਪੁਰ ਬੇਲਾ, ਵਿੱਕਰ ਸਿੰਘ ਮੌਠਾਪੁਰ, ਭਜਨ ਸਿੰਘ ਸੰਦੋਆ, ਗੀਤਾ ਰਾਮ ਕਰਤਾਰਪੁਰ, ਭਜਨ ਸਿੰਘ ਕੰਗ, ਸਰਪੰਚ ਰਣਜੀਤ ਸਿੰਘ, ਪ੍ਰੀਤਮ ਸਿੰਘ ਮਵਾ, ਸ਼ਿੰਗਾਰਾ ਸਿੰਘ ਲਸਾੜੀ, ਪ੍ਰਿਤਪਾਲ ਸਿੰਘ, ਪ੍ਰਭ ਦਿਆਲ, ਸਰਪੰਚ ਮਨਦੀਪ ਸਿੰਘ ਅਮਰਪੁਰ ਬੇਲਾ ਤੇ ਪੰਚ ਸੁੱਚਾ ਸਿੰਘ ਆਦਿ ਪ੍ਰਮੁੱਖ ਰੂਪ ‘ਚ ਹਾਜ਼ਰ ਸਨ। ਏ.ਡੀ.ਸੀ. ਨੇ ਮਾਲ ਵਿਭਾਗ ਨੂੰ ਦਿੱਤੇ ਜ਼ਮੀਨ ਦੀ ਨਿਸ਼ਾਨਦੇਹੀ ਦੇ ਆਦੇਸ਼ ਇਸ ਮੌਕੇ ਏ.ਡੀ.ਸੀ. ਗੁਜ਼ਰਾਲ ਨੇ ਮੌਕੇ ‘ਤੇ ਮੌਜ਼ੂਦ ਤਹਿਸੀਲਦਾਰ ਅਨੰਦਪੁਰ ਸਾਹਿਬ ਰਾਮ ਕਿਸ਼ਨ ਨੂੰ ਹਦਾਇਤ ਕੀਤੀ ਕਿ ਉਹ ਨਿਸ਼ਾਨਦੇਹੀ ਕਰ ਕੇ ਪਤਾ ਲਗਾਏ ਕਿ ਕਿਹੜੇ ਵਿਅਕਤੀਆਂ ਦੀ ਜ਼ਮੀਨ ‘ਚੋਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਹੈ ਇਸਦੇ ਨਾਲ ਹੀ ਉਨਾਂ ਉਕਤ ਮਾਈਨਿੰਗ ਲਈ ਜ਼ਿੰਮਵਾਰ ਵਿਅਕਤੀਆਂ ਦਾ ਪਤਾ ਲਗਾਉਣ ਦਾ ਵੀ ਆਦੇਸ਼ ਦਿੱਤਾ।
ਉਨਾਂ ਕਿਹਾ ਕਿ ਉਹ ਸਮੁੱਚੀ ਰਿਪੋਰਟ 6 ਫਰਵਰੀ ਨੂੰ ਡੀ.ਸੀ. ਰੂਪਨਗਰ ਨੂੰ ਮਿਲ ਕੇ ਸੋਂਪਣਗੇ। ਇਸ ਮੌਕੇ ਉਨਾਂ ਨਾਲ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਹਰਿੰਦਰਜੀਤ ਸਿੰਘ ਵੀ ਹਾਜ਼ਰ ਸਨ।ਵੀਡੀਓ ਕਾਲ ਰਾਹੀਂ ਡੀ.ਸੀ. ਨੂੰ ਦਿਖਾਇਆ ਨਜਾਇਜ਼ ਖੁਦਾਈ ਦਾ ਸੂਰਤ ਏ ਹਾਲ ਇਸ ਮੌਕੇ ਏ.ਡੀ.ਸੀ. ਗੁਜ਼ਰਾਲ ਨੇ ਮੋਬਾਈਲ ‘ਤੇ ਵੀਡੀਓ ਕਾਲ ਰਾਹੀਂ ਡੀ.ਸੀ. ਡਾ. ਸੁਮਿਤ ਜਾਰੰਗਲ ਨੂੰ ਦਰਿਆਈ ਖੇਤਰ ‘ਚ ਮਾਈਨਿੰਗ ਮਾਫ਼ੀਆ ਵੱਲੋਂ ਕੀਤੀ ਗਈ ਨਜਾਇਜ਼ ਖੁਦਾਈ ਦਾ ਸਮੁੱਚਾ ਸੂਰਤ ਏ ਹਾਲ ਦਿਖਾਇਆ। ਏ.ਡੀ.ਸੀ. ਗੁਜ਼ਰਾਲ ਨੇ ਡੀ.ਸੀ. ਡਾ. ਜਾਰੰਗਲ ਨੂੰ ਦਰਿਆਈ ਖੇਤਰ ਦੀ ਸਮੁੱਚੀ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਲੋਕਾਂ ਤੋਂ ਜਾਣਕਾਰੀ ਲੈ ਕੇ ਉਨਾਂ ਵੱਲੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਦਿੱਤਾ।ਏ.ਡੀ.ਸੀ. ਦੇ ਦੌਰੇ ਦੌਰਾਨ ਕੋਈ ਮਾਈਨਿੰਗ ਅਧਿਕਾਰੀ ਮੌਜ਼ੂਦ ਨਹੀਂ ਸੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਏ.ਡੀ.ਸੀ. ਦੇ ਦੌਰੇ ਦੇ ਬਾਵਜੂਦ ਅਤੇ ਮਾਈਨਿੰਗ ਨਾਲ ਸਬੰਧਤ ਵਿਵਾਦ ਹੋਣ ਦੇ ਚੱਲਦਿਆਂ ਮੌਕੇ ‘ਤੇ ਕੋਈ ਵੀ ਮਾਈਨਿੰਗ ਵਿਭਾਗ ਦਾ ਅਧਿਕਾਰੀ ਮੌਜ਼ੂਦ ਨਹੀਂ ਸੀ। ਜਦੋਂ ਏ.ਡੀ.ਸੀ. ਨੂੰ ਲੋਕਾਂ ਨੇ ਕਿੰਨੇ ਫੁੱਟ ਤੱਕ ਮਾਈਨਿੰਗ ਜਾਇਜ਼ ਹੋਣ ਸਬੰਧੀ ਪੁੱਛਿਆ ਤਾਂ ਉਨਾਂ ਕਿਹਾ ਕਿ ਇਸ ਸਬੰਧੀ ਤਾਂ ਸਬੰਧਤ ਵਿਭਾਗ ਦਾ ਅਧਿਕਾਰੀ ਹੀ ਦੱਸ ਸਕਦਾ ਹੈ। ਜਦੋਂ ਕੋਈ ਅਧਿਕਾਰੀ ਨਾ ਹੋਣ ਸਬੰਧੀ ਉਨਾਂ ਤੋਂ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੇ ਤੇ ਉਨਾਂ ਕਿਹਾ ਕਿ ਅਗਲੀ ਵਾਰ ਉਨਾਂ ਨੂੰ ਵੀ ਸੱਦ ਲਿਆ ਜਾਵੇਗਾ। ਭਾਵੇਂ ਉਕਤ ਸਥਾਨ ‘ਤੇ ਇਕੱਠੇ ਹੋਏ ਸਰਪੰਚਾਂ-ਪੰਚਾਂ ਨੇ ਏ.ਡੀ.ਸੀ. ਨੂੰ ਮਾਫੀਆ ਵੱਲੋਂ 50-50 ਫੁੱਟ ਡੂੰਘੀ ਕੀਤੀ ਗਈ ਖੁਦਾਈ ਵੀ ਦਿਖਾਈ। ਮਗਰ ਲੋਕਾਂ ਵੱਲੋਂ ਉਕਤ ਸਥਾਨ ‘ਤੇ ਜਾਇਜ਼ ਜਾਂ ਨਾਜਾਇਜ਼ ਮਾਈਨਿੰਗ ਹੋਣ ਸਬੰਧੀ ਪੁੱਛੇ ਸਵਾਲ ‘ਤੇ ਵੀ ਏ.ਡੀ.ਸੀ. ਜਵਾਬ ਦੇਣ ਤੋਂ ਟਾਲਾ ਵੱਟ ਗਏ। ਏ.ਡੀ.ਸੀ. ਦੇ ਦੌਰੇ ‘ਤੇ ਲੋਕਾਂ ਨਾਖੁਸ਼ੀ ਪ੍ਰਗਟਾਈ।
ਇਸ ਮੌਕੇ ਮਾ. ਦੀਵਾਨ ਸਿੰਘ ਮੌਠਾਪੁਰ ਨੇ ਏ.ਡੀ.ਸੀ. ਦੇ ਦੌਰੇ ‘ਤੇ ਨਾਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਉਕਤ ਅਧਿਕਾਰੀਆਂ ਦਾ ਦੌਰਾ ਇਕ ਖਾਨਾਪੂਰਤੀ ਸੀ। ਉਨਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਵੱਲੋਂ ਖੁਦਾਈ ਕਰ ਕੇ ਮਿੱਟੀ ਦੇ ਖੜੇ ਕੀਤੇ ਗਏ ਪਹਾੜਾਂ ਨੂੰ ਵਛਾਉਣ ਸਬੰਧੀ ਏ.ਡੀ.ਸੀ. ਨੇ ਕਿਸੀ ਵੀ ਅਧਿਕਾਰੀ ਨੂੰ ਕੋਈ ਵੀ ਆਦੇਸ਼ ਨਹੀਂ ਦਿੱਤਾ। ਇਸਦੇ ਨਾਲ ਹੀ ਉਨਾਂ ਕਿਹਾ ਕਿ ਲੋਕ ਆਸਵੰਦ ਸਨ ਕਿ ਉਕਤ ਅਧਿਕਾਰੀਆਂ ਦੇ ਆਉਣ ‘ਤੇ ਪ੍ਰਸ਼ਾਸ਼ਨ ਵੱਲੋਂ ਤੁਰੰਤ ਕੋਈ ਹਰਕਤ ਦਿਖਾਈ ਜਾਵੇਗੀ। ਮਗਰ ਏ.ਡੀ.ਸੀ. ਵੱਲੋਂ ਅਜਿਹੀ ਕੋਈ ਫੌਰੀ ਕਾਰਵਾਈ ਕਰਨ ਦਾ ਆਦੇਸ਼ ਨਾ ਦੇ ਕੇ ਡੀ.ਸੀ. ਰੂਪਨਗਰ ਨੂੰ ਰਿਪੋਰਟ ਪੇਸ਼ ਕਰਨ ਦਾ ਹੀ ਭਰੌਸਾ ਦਿੱਤਾ ਗਿਆ। ਦੂਸਰੀ ਤਰਫ਼ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਇਕ ਹਫ਼ਤੇ ਦੇ ਅੰਦਰ-ਅੰਦਰ ਪ੍ਰਸ਼ਾਸ਼ਨ ਨੇ ਕੋਈ ਹਰਕਤ ਨਾ ਦਿਖਾਈ ਤਾਂ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ।