ਮੁਜ਼ੱਫਰਨਗਰ, 7 ਜੂਨ (ਪੀ. ਟੀ.)- ਉੱਤਰ ਪ੍ਰਦੇਸ਼ ‘ਚ ਸਮੂਹਿਕ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਕੋਈ ਠੱਲ੍ਹ ਨਹੀਂ ਪੈ ਰਹੀ। ਬਦਾਯੂੰ ਅਤੇ ਬਾਗਬਾਲਾ ਦੇ ਬਾਅਦ ਹੁਣ ਮੁੱਜ਼ਫਰਨਗਰ ਦੇ ਦੁਲਹੇਰਾ ਪਿੰਡ ‘ਚ 5 ਵਿਅਕਤੀਆਂ ਨੇ ਇਕ ਔਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ, ਜਿਸ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਇਲਾਕੇ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਲੋਕਾਂ ਨੇ 4 ਜੂਨ ਨੂੰ ਵਾਪਰੀ ਇਸ ਘਟਨਾ ਦੇ ਵਿਰੋਧ ‘ਚ ਸਥਾਨਿਕ ਪੁਲਿਸ ਥਾਣੇ ਨੂੰ ਘੇਰ ਲਿਆ, ਜਿਸ ਤੋਂ ਬਾਅਦ ਲਾਪਰਵਾਹੀ ਵਰਤਣ ਵਾਲੇ ਇਕ ਸਰਕਲ ਅਧਿਕਾਰੀ ਨੂੰ ਹਟਾ ਦਿੱਤਾ ਗਿਆ ਅਤੇ ਇਕ ਐੱਸ. ਐੱਚ. ਓ. ਸਮੇਤ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੀੜਤਾ ਸ਼ਾਹਪੁਰ ਪਿੰਡ ਤੋਂ ਦੁਲੇਹਰਾ ਜਾ ਰਹੀ ਸੀ ਕਿ 5 ਵਿਅਕਤੀ ਉਸ ਨੂੰ ਅਗਵਾ ਕਰ ਕੇ ਨੇੜਲੇ ਸ਼ਮਸ਼ਾਨਘਾਟ ‘
ਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਬਾਅਦ ‘ਚ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਦੇ ਸੀਨੀਅਰ ਸੁਪਰਡੈਂਟ ਐੱਚ. ਐੱਨ. ਸਿੰਘ ਨੇ ਦੱਸਿਆ ਕਿ ਬੁਢਾਨਾ ਦੇ ਸਰਕਲ ਅਫਸਰ ਸ਼ਲੇਂਦਰ ਲਾਲ ਨੇ ਡਿਊਟੀ ਤੋਂ ਡਿਊਟੀ ਵਾਪਿਸ ਲੈ ਲਈ ਗਈ ਹੈ ਜਦੋਂ ਕਿ ਥਾਣਾ ਅਧਿਕਾਰੀ ਹਿੰਦਵੀਰ, ਪੁਲਿਸ ਚੌਕੀ ਦੇ ਇੰਚਾਰਜ ਟੀ. ਆਰ. ਰਿਵਾਲਾ, ਹੈੱਡ ਕਾਂਸਟੇਬਲ ਅਜਬ ਸਿੰਘ ਅਤੇ ਕਾਂਸਟੇਬਲ ਸਰਵੇਸ਼ ਕੁਮਾਰ, ਜਿਤੇਂਦਰ ਕੁਮਾਰ ਅਤੇ ਰਾਜਿੰਦਰ ਨੂੰ ਲਾਪਰਵਾਹੀ ਵਰਤਣ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਗਿਆ ਹੈ।



