ਬੀਬੀ ਹਰਸਿਮਰਤ ਨੇ ਪੰਜਾਬੀ, ਸੁਸ਼ਮਾ ਅਤੇ ਉਮਾ ਨੇ ਸੰਸਕ੍ਰਿਤ ’ਚ ਚੁੱਕੀ ਸਹੁੰ
16ਵੀਂ ਲੋਕ ਸਭਾ ਦੇ ਦੂੱਜੇ ਦਿਨ ਲਏ ਗਏ ਹਲਫ਼
ਨਵੀਂ ਦਿੱਲੀ, 5 ਜੂਨ (ਪੀ. ਟੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 16ਵੀਂ ਲੋਕ ਸਭਾ ਦੇ ਮੈਂਬਰ ਦੇ ਰੂਪ ‘ਚ ਹਲਫ਼ ਲਿਆ। ਲੋਕ ਸਭਾ ਲਈ ਪਹਿਲੀ ਵਾਰ ਚੁਣੇ ਗਏ ਮੋਦੀ ਪ੍ਰਧਾਨ ਮੰਤਰੀ ਵਜੋਂ ਪਹਿਲਾਂ ਹੀ ਹਲਫ਼ ਲੈ ਚੁੱਕੇ ਹਨ। ਲੋਕ ਸਭਾ ਦੇ ਆਰਜ਼ੀ ਸਪੀਕਰ ਕਮਲਨਾਥ ਨੇ ਮੋਦੀ ਤੋਂ ਇਲਾਵਾ ਕੌਮੀ ਜ਼ਮਹੂਰੀ ਗਠਜੋੜ ਦੇ ਕਾਰਜਕਾਰੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਵੀ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁਕਾਈ। ਮੋਦੀ ਅਤੇ ਅਡਵਾਨੀ ਨੇ ਪ੍ਰਮਾਤਮਾ ਦੇ ਨਾਂਅ ‘ਚ ਹਿੰਦੀ ‘ਚ ਸਹੁੰ ਚੁੱਕੀ। ਸੋਨੀਆ ਨੇ ਵੀ ਹਿੰਦੀ ‘ਚ ਦ੍ਰਿੜ ਵਚਨ ਦੇ ਨਾਂਅ ‘ਤੇ ਹਲਫ਼ ਲਿਆ। ਇਸ ਤੋਂ ਪਹਿਲਾਂ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਰਜ਼ੀ ਸਪੀਕਰ ਕਮਲਨਾਥ ਨੇ ਸਭ ਤੋਂ ਪਹਿਲਾਂ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦਾ ਵਡੋਦਰਾ, ਸਪਾ ਮੁਖੀ ਮੁਲਾਇਮ ਸਿੰਘ ਯਾਦਵ ਦਾ ਉੱਤਰ ਪ੍ਰਦੇਸ਼ ਦੀ ਮੈਨਪੁਰੀ ਅਤੇ ਕੇ. ਚੰਦਰਸ਼ੇਖਰ ਰਾਓ ਦਾ ਆਂਧਰਾ ਪ੍ਰਦੇਸ਼ ਦੀ ਲੋਕ ਸਭਾ ਸੀਟ ਤੋਂ ਅਸਤੀਫਾ ਸਵੀਕਾਰ ਕੀਤਾ। ਇਹ ਸਾਰੇ ਆਗੂ 2-2 ਸੀਟਾਂ ਤੋਂ ਚੋਣ ਜਿੱਤ ਕੇ ਆਏ ਸਨ। ਆਰਜ਼ੀ ਸਪੀਕਰ ਕਮਲਨਾਥ ਨੇ ਸਦਨ ਨੂੰ ਇਨ੍ਹਾਂ ਸਾਰਿਆਂ ਦੇ ਅਸਤੀਫਿਆਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬੀਤੀ 29 ਮਈ, 2014 ਤੋਂ ਇਨ੍ਹਾਂ ਦੇ ਅਸਤੀਫੇ ਸਵੀਕਾਰ ਕੀਤੇ ਜਾਂਦੇ ਹਨ ਅਤੇ ਇਹ ਤਿੰਨੇ ਸੀਟਾਂ ਹੁਣ ਖਾਲੀ ਐਲਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਕਮਲਨਾਖ ਨੇ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਅਮਲ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ 3 ਉੱਘੇ ਆਗੂਆਂ ਨੂੰ ਹਲਫ਼ ਲੈਣ ਲਈ ਸੱਦਾ ਦਿੱਤਾ ਗਿਆ, ਜਿਨ੍ਹਾਂ ‘ਚ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੂਸਰੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਤੀਸਰੇ ਨੰਬਰ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਬਾਕੀ ਸਾਰੇ ਸੰਸਦ ਮੈਂਬਰਾਂ ਨੂੰ ਕ੍ਰਮਵਾਰ ਸਹੁੰ ਚੁਕਾਈ ਗਈ। ਵਿਦੇਸ਼ ਮੰਤਰੀ ਅਤੇ ਭਾਜਪਾ ਆਗੂ ਸੁਸ਼ਮਾ ਸਵਰਾਜ, ਉਮਾ ਭਾਰਤੀ ਅਤੇ ਡਾ. ਹਰਸ਼ਵਰਧਨ ਨੇ ਲੋਕ ਸਭਾ ‘ਚ ਸੰਸਕ੍ਰਿਤ ਭਾਸ਼ਾ ‘ਚ ਹਲਫ਼ ਲਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ‘ਚ ਸਹੁੰ ਚੁੱਕੀ।



