ਹਤਿਆਰਾ ਅਜੇ ਵੀ ਭਗੌੜਾ, ਨਿਊ ਬ੍ਰੰਸਵਿਕ ਸੂਬੇ ਦੇ ਮੋਂਕਟਨ ਸ਼ਹਿਰ ਵਿੱਚ ਕਰਫ਼ਿਊ ਵਰਗਾ ਮਾਹੌਲ
ਟੋਰਾਂਟੋ, 5 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਨਿਊ ਬ੍ਰੰਸਵਿਕ ਸੂਬੇ ਦੇ ਮਾਂਕਟਨ ਸ਼ਹਿਰ ਵਿਚ ਇਕ ਬੰਦੂਕਧਾਰੀ ਨੇ ਤਿੰਨ ਪੁਲਿਸ ਅਧਿਕਾਰੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਦੋ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਕੈਨੇਡੀਅਨ ਪੁਲਿਸ ਬੰਦੂਕਧਾਰੀ ਜਿਸ ਨੇ ਭੁਲੇਖੇ ਪਾਉਣ ਵਾਲੇ ਕੱਪੜੇ ਪਾਏ ਹੋਏ ਹਨ, ਦੀ ਤਲਾਸ਼ ਕਰ ਰਹੀ ਹੈ। ਪੁਲਿਸ ਦੇ ਕਾਂਸਟੇਬਲ ਰੈਂਕ ਦੇ ਅਧਿਕਾਰੀ ਦਾਮਿਆਨ ਥੈਰਾਲਟ ਨੇ ਦੱਸਿਆ ਕਿ ਉਹ 24 ਸਾਲਾ ਜਸਟਿਨ ਬੋਰਕਿਉ ਦੀ ਤਲਾਸ਼ ਕਰ ਰਹੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਆਪਣੇ ਦਰਵਾਜੇ ਬੰਦ ਕਰਕੇ ਰੱਖਣ। ਕੈਨੇਡਾ ਵਿਚ ਸਮੂਹਿਕ ਗੋਲੀਬਾਰੀ ਦੀ ਘਟਨਾ ਬਹੁਤ ਘੱਟ ਵਾਪਰਦੀ ਹੈ ਕਿਉਂਕਿ ਕੈਨੇਡਾ ਵਿਚ ਅਮਰੀਕਾ ਦੇ
ਮੁਕਾਬਲੇ ਬੰਦੂਕ ਲੈਣ ਲਈ ਲਾਇਸੰਸ ਲੈਣਾ ਕਾਫੀ ਔਖਾ ਹੈ। ਕੈਨੇਡਾ ਪੁਲਿਸ ਮੁਤਾਬਿਕ ਇਹ ਗੋਲੀਬਾਰੀ ਉਥੋਂ ਦੇ 20:00 ਵਜੇ (ਭਾਰਤ ਦੇ ਸਮੇਂ ਮੁਤਾਬਿਕ ਸਵੇਰੇ 4:30 ਵਜੇ) ਕੀਤੀ ਗਈ ਸੀ।
ਮੋਂਕਟਨ ਸ਼ਹਿਰ ਵਿੱਚ ਸ਼ਾਮ ਵੇਲੇ ਹੋਈ ਇਸ ਘਟਨਾ ਤੋਂ ਬਾਅਦ ਪੂਰੀ ਰਾਤ ਤੋਂ ਤਲਾਸ਼ੀ ਅਭਿਆਨ ਜਾਰੀ ਹੈ। ਇਲਾਕੇ ਦੇ ਸਾਰੇ ਸਕੂਲ ਅਤੇ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਦੋਨੋ ਜ਼ਖਮੀ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਮੁੱਖ ਆਵਾਜਾਈ ਰਸਤੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਗਏ ਹਨ ਅਤੇ ਟੈਕਸੀ ਡ੍ਰਾਈਵਰਾਂ ਨੂੰ ਵੀ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਤਿਆਰੇ ਦੀ ਤਸਵੀਰ ਨੂੰ ਟਵਿਟਰ ਅਤੇ ਹੋਰ ਵੈੱਬਸਾਈਟਸ ’ਤੇ ਸੁਚੇਤ ਕਰਨ ਲਈ ਪਾ ਦਿੱਤਾ ਗਿਆ ਹੈ। ਮੋਂਕਟਨ ਦੇ ਮੇਅਰ ਜੌਰਜ ਲੀ ਬਲਾਂਕ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਮੌਕੇ ’ਤੇ ਮੌਜੂਦ ਚਸ਼ਮਤੀਤ ਗਵਾਹਾਂ ਨੇ ਦੱਸਿਆ ਕਿ ਹਤਿਆਰੇ ਨੇ ਆਪਣੇ ਸਰੀਰ ਨੂੰ ਚਾਦਰ ਨਾਲ ਲਪੇਟਿਆ ਹੋਇਆ ਸੀ। ਪੁਲਿਸ ਨੂੰ ਆਸ਼ੰਕਾ ਹੈ ਕਿ ਉਸ ਕੋਲ ਭਾਰੀ ਅਸਲਾ ਮੌਜੂਦ ਹੈ। ਕਿਉਂਕਿ ਜਿਹੜੀ ਗੋਲੀਬਾਰੀ ਉਸ ਵੱਲੋਂ ਕੀਤੀ ਗਈ ਸੀ ਉਹ ਆਟੋਮੈਟਿਕ ਗਨ ਨਾਲ ਕੀਤੀ ਸੀ। ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਹਤਿਆਰੇ ਵੱਲੋਂ ਗੋਲੀਬਾਰੀ ਕੇਵਲ ਪੁਲਿਸ ਅਧਿਕਾਰੀਆਂ ’ਤੇ ਹੀ ਕੀਤੀ ਗਈ ਅਤੇ ਕਿਸੇ ਵੀ ਆਮ ਵਿਅਕਤੀ ’ਤੇ ਉਸ ਵੱਲੋਂ ਗੋਲੀ ਨਹੀਂ ਚਲਾਈ ਗਈ। ਇਸ ਸਮੇਂ ਪੁਲਿਸ ਉਸ ਹਤਿਆਰੇ ਦੇ ਫੇਸਬੁੱਕ ਦੀ ਛਾਨਬੀਨ ਕਰਕੇ ਅੰਦਰੂਨੀ ਕਾਰਨਾਂ ਦਾ ਪਤਾ ਲਗਾ ਰਹੀ ਹੈ।ਪਹਿਲਾਂ 2005 ਵਿੱਚ ਐਲਬਰਟਾ ਵਿਖੇ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਜਦੋਂ ਚਾਰ ਅਧਿਕਾਰੀ ਮਾਰੇ ਗਏ ਸਨ।



